ਸਾਹਿਤਕ ਸੱਥ

 ਖਾਲੀ ਹੱਥ

ਕਵਿਤਾ

ਮੈਂ ਆਇਆ ਵਿਚ ਜਹਾਨ ਦੇ
ਕਰਕੇ ਮੁੱਠੀ ਬੰਦ ।
ਮੁੱਠ ਖੁੱਲ੍ਹੀ ਵਿਚ ਕੁਝ ਨਾ ਮਿਲਿਆ
ਬਸ ਉਂਗਲਾਂ ਸੀ ਪੰਜ ॥
ਖਾਲੀਂ ਹੱਥ ਦੇਖ ਮੈਂ ਰੋਇਆ
ਲੋਕੀ ਸ਼ਗਨ ਮਨਾਵਣ ।
ਦੇ ਰੁਪੱਈਆ ਹੱਥ ਮੇਰੇ ਉਹ
ਮੈਨੂੰ ਚੁੱਪ ਕਰਾਵਣ ॥
ਦੇਖ ਤਮਾਸ਼ੇ ਜੱਗ ਦੇ ਮੈਨੂੰ
ਆਪਣਾ ਆਪ ਭੁੱਲਿਆ ।
ਸਾਰੇ ਮੈਨੂੰ ਲੱਗੇ ਆਪਣੇ
ਪੈਸਿਆਂ ਤੇ ਜਾ ਡੁੱਲ੍ਹਿਆ ॥
ਮੇਰਾ ਮੇਰਾ ਕਰਦਿਆਂ ਮੈਂ
ਮੈਂ ਵਿਚ ਹੋਇਆ ਜਵਾਨ ।
ਮੈਂ ਮੈਂ ਰਿਹਾ ਮੈਂ ਕਰਦਾ
ਭੁੱਲ ਗਿਆ ਭਗਵਾਨ ॥
ਕਰ ਕਮਾਈ ਦਿਨ ਰਾਤ ਮੈਂ
ਚੰਗੀ ਮਾਇਆ ਜੋੜੀ ।
ਭਰੇ ਖਜ਼ਾਨੇ ਦਿਲ ਨਾ ਭਰਿਆ
ਲੱਗੇ ਮੈਨੂੰ ਥੋਹੜੀ ॥
ਦਿਨ ਰਾਤ ਮੈਂ ਰਿਹਾ ਕਮਾਉਂਦਾ
ਦਾਨ ਪੁੰਨ ਨਾ ਕਰਿਆ ।
ਪੰਜ ਵਿਕਾਰਾਂ ਆਦੀ ਹੋਇਆ
ਰੱਬ ਯਾਦ ਨਾ ਕਰਿਆ ॥
ਮੋਹ ਮਾਇਆ ਐਸੀ ਮੱਤ ਮਾਰੀ
ਭੁੱਲਿਆ ਜੱਗ ਤੇ ਆਉਣਾ ।
ਪੰਜ ਵਿਕਾਰਾਂ ਲਾਈ ਯਾਰੀ
ਕੀ ਸੀ ਕਰਮ ਕਮਾਉਣਾ ॥
ਮੰਦਿਰ ਮਸਜ਼ਿਦ ਰਾਹੀਂ ਆਏ
ਦੇਖ ਭੋਰਾ ਨਾ ਖੜ੍ਹਿਆ ।
ਰੱਬ ਦੇ ਦਰ ਤੇ ਜਾਣ ਲਈ ਮੇਰਾ
ਭੋਰਾ ਨਾ ਮਨ ਕਰਿਆ ॥
ਹੱਡ ਮਾਸ ਦਾ ਪਿੰਜਰ ਮੇਰਾ
ਜੁਗਤਾਂ ਰਿਹਾ ਬਣਾਉਂਦਾ ।
ਅੰਦਰ ਦਾ ਸ਼ੈਤਾਨ ਮਨ ਮੇਰਾ
ਆਪਣੀ ਰਿਹਾ ਚਲਾਉਂਦਾ ॥
ਜਦ ਆਈ ਇਥੋਂ ਜਾਣ ਦੀ ਵਾਰੀ
ਦੇਖ ਕੇ ਮਨ ਘਬਰਾਇਆ ।
ਸਾਰੇ ਹੋ ਗਏ ਦੂਰ ਦੂਰ ਮੈਥੋਂ
ਕੋਈ ਨਾ ਨੇੜੇ ਆਇਆ ॥
ਨਿਕਲ ਪ੍ਰਾਣ ਮੇਰੇ
ਫੁੱਲੋਂ ਹੌਲੇ ਹੋਏ ।
ਨਾਲ ਜਾਣ ਨੂੰ ਕਰਮ ਰਹੇ ਜੋ
ਵਿਚ ਜਹਾਨ ਸੰਜੋਏ ॥
ਜਦ ਆਇਆ ਸੀ ਵਿਚ ਜਹਾਨ ਦੇ
ਤਦ ਸੀ ਮੁੱਠੀ ਬੰਦ ।
ਜਾਣ ਲੱਗੇ ਵੀ ਕੁਛ ਨਾ ਫੜਿਆ
ਖਾਲੀ ਮੁੱਠੀ ਬੰਦ ॥
ਖਾਲੀ ਹੱਥ ਹੈ ਆਉਣਾ ਜੱਗ ਤੇ
ਖ਼ਾਲੀ ਹੱਥ ਹੈ ਜਾਣਾ ।
ਭਾਵੇਂ ਕਰ ਲੈ ਲੱਖ ਕਮਾਈਆਂ
ਇਥੇ ਸਭ ਰਹਿ ਜਾਣਾ ॥
ਜਿਹੜੇ ਸੀ ਜਾਨੋਂ ਪਿਆਰੇ
ਅੱਜ ਓਹੀ ਵੈਰੀ ਹੋਏ ।
ਕਰ ਤਿਆਰੀ ਲੈ ਜਾਣ ਲਈ
ਮੂਹਰੇ ਆਣ ਖਲੋਏ ॥
ਚੁੱਕ ਸਰੀਰ ਲੈ ਕੇ ਤੁਰ ਪਏ
ਇਕ ਪਲ ਮੂਲ ਨਾ ਤਕਿਆ ।
ਵਿਚ ਸ਼ਮਸ਼ਾਨ ਲੈ ਕੇ ਆਏ
ਰਾਹ ਵਿਚ ਵੀ ਨਾ ਰੱਖਿਆ ॥
ਪਾ ਕੇ ਲੱਕੜਾਂ ਸੁਕੀਆਂ ਉਨ੍ਹਾ
ਐਸਾ ਲੰਬੂ ਲਾਇਆ ।
ਅੱਗ ਦੇ ਵਿਚ ਸਾੜਾ ਸਾੜ ਕੇ
ਜਿਸਮ ਭਸਮ ਬਣਾਇਆ ॥
ਮੇਰੀ ਮੇਰੀ ਕਰਦਾ ਸੀ ਅੱਜ
ਮਿੱਟੀ ਹੋ ਗਿਆ ਢੇਰੀ ।
ਛੱਡ ਜਹਾਨੋਂ ਖਾਲੀ ਤੁਰਿਆ
ਮੇਰੀ ਹੋ ਗਈ ਤੇਰੀ ॥
ਮਰ ਕੇ ਆਈ ਸਮਝ ਮੈਨੂੰ
ਇਸ ਜੱਗ ਦੀ ਹੇਰਾ ਫੇਰੀ ।
ਇਥੋਂ ਲੈ ਕੇ ਇਥੇ ਛੱਡਣੀ
ਨਾ ਤੇਰੀ ਨਾ ਮੇਰੀ ॥

-ਸੁਰਜੀਤ ਸਿੰਘ

Comment here