ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਕੁਝ ਸਾਲਾਂ ਤੱਕ ਪਾਕਿ ’ਚ ਹੋਵੇਗਾ ਚੀਨ ਦਾ ਦਬਦਬਾ

ਇਸਲਾਮਾਬਾਦ-ਚੀਨ ਦਾ ਸੁਫ਼ਨਾ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਵਜੋਂ ਉੱਭਰਨਾ ਹੈ। ਕਈ ਏਸ਼ੀਆਈ ਤੇ ਅਫ਼ਰੀਕੀ ਦੇਸ਼ ਵੀ ਚੀਨ ਦੇ ਇਸ ਚੱਕਰਵਿਊ ’ਚ ਬੁਰੀ ਤਰ੍ਹਾਂ ਫਸੇ ਹੋਏ ਹਨ। ਚੀਨ ਦੋਸਤੀ ਦੀ ਆੜ ’ਚ ਪਾਕਿਸਤਾਨ ਨੂੰ ਸ਼ੀਸ਼ੇ ’ਚ ਵੀ ਉਤਾਰ ਚੁੱਕਾ ਹੈ ਅਤੇ ਉਸ ਦੇ ਜਾਇਜ਼ ਤੇ ਨਾਜਾਇਜ਼ ਕੰਮਾਂ ’ਚ ਇਸ ਦਾ ਸਮਰਥਨ ਕਰ ਰਿਹਾ ਹੈ। ਦਰਅਸਲ, ਚੀਨ ਦਾ ਇਰਾਦਾ ਹੌਲੀ-ਹੌਲੀ ਪਾਕਿਸਤਾਨ ਨੂੰ ਫੜ ਕੇ ਭਾਰਤ ਤੱਕ ਪਹੁੰਚਣਾ ਹੈ। ਜਿਸ ਤਰ੍ਹਾਂ ਪਾਕਿਸਤਾਨ ’ਚ ਚੀਨ ਦੀ ਦਖਲਅੰਦਾਜ਼ੀ ਵਧ ਰਹੀ ਹੈ ਅਤੇ ਡ੍ਰੈਗਨ ਲਗਾਤਾਰ ਆਪਣੇ ਲੋਕਾਂ ਨੂੰ ਵੱਖ-ਵੱਖ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਭੇਜ ਰਿਹਾ ਹੈ, ਉਹ ਦਿਨ ਦੂਰ ਨਹੀਂ, ਜਦੋਂ ਪਾਕਿਸਤਾਨ ’ਚ ਚੀਨੀ ਲੋਕਾਂ ਦਾ ਦਬਦਬਾ ਹੋਵੇਗਾ। ਪਾਕਿਸਤਾਨ ’ਚ ਚੀਨੀ ਨਾਗਰਿਕਾਂ ਲਈ ਬਿਹਤਰ ਸਿਹਤ ਸਹੂਲਤਾਂ ਲਈ ਇਕ ਖਾਕਾ ਵੀ ਤਿਆਰ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਲਾਂ ’ਚ ਇਹ ਚੀਨੀ ਨਾਗਰਿਕ ਚੀਨ ਪਾਕਿਸਤਾਨ ਹੈਲਥ ਕੋਰੀਡੋਰ ਅਤੇ ਹੋਰ ਪ੍ਰੋਜੈਕਟਾਂ ’ਚ ਕੰਮ ਕਰਨਗੇ।
ਚੀਨ ਦਾ ਵਧਦਾ ਦਬਦਬਾ ਪਾਕਿਸਤਾਨ ਨੂੰ ਆਰਥਿਕ ਗੁਲਾਮੀ ਵੱਲ ਧੱਕ ਰਿਹਾ ਹੈ ਅਤੇ ਇਮਰਾਨ ਦਾ ‘ਨਵਾਂ ਪਾਕਿਸਤਾਨ’ ਚੀਨ ਦੀ ਬਸਤੀ ਬਣਨ ਵੱਲ ਵਧ ਰਿਹਾ ਹੈ। ਅਗਲੇ ਚਾਰ ਸਾਲਾਂ ’ਚ ਪਾਕਿਸਤਾਨ ’ਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਪਾਕਿਸਤਾਨ ’ਚ ਚੀਨ ਦੇ ਵਧਦੇ ਪ੍ਰਭਾਵ ਵਿਚਕਾਰ 50 ਲੱਖ ਨੂੰ ਪਾਰ ਕਰ ਜਾਵੇਗੀ। ਇਕ ਸੀਨੀਅਰ ਪਾਕਿਸਤਾਨੀ ਜਨਤਕ ਸਿਹਤ ਮਾਹਿਰ ਨੇ ਕਿਹਾ ਕਿ 2025 ਤੱਕ 50 ਲੱਖ ਤੋਂ ਵੱਧ ਚੀਨੀ ਨਾਗਰਿਕ ਪਾਕਿਸਤਾਨ ’ਚ ਕੰਮ ਕਰਨਗੇ।
ਦਿ ਨਿਊਜ਼ ਇੰਟਰਨੈਸ਼ਨਲ ਦੇ ਨਾਲ ਇਕ ਇੰਟਰਵਿਊ ਦੌਰਾਨ ਪਬਲਿਕ ਹੈਲਥ ਮਾਹਿਰ ਡਾਕਟਰ ਸ਼ਾਹਜ਼ਾਦ ਅਲੀ ਖਾਨ ਨੇ ਕਿਹਾ ਕਿ ਚੀਨ ਪਾਕਿਸਤਾਨ ਹੈਲਥ ਕੋਰੀਡੋਰ ਦੇ ਤਹਿਤ ਪਾਕਿਸਤਾਨੀ ਤੇ ਚੀਨੀ ਮੈਡੀਕਲ ਯੂਨੀਵਰਸਿਟੀਆਂ ਦੇ ਖੋਜ ਸੰਸਥਾਨਾਂ ਅਤੇ ਬਾਇਓਟੈਕਨਾਲੋਜੀ ਫਰਮਾਂ ’ਚ ਸਹਿਯੋਗ ਇਨ੍ਹਾਂ ਕਰਮਚਾਰੀਆਂ ਦੀਆਂ ਸਿਹਤ ਲੋੜਾਂ ਨੂੰ ਪੂਰਾ ਕਰ ਸਕਦਾ ਹੈ। ਮਾਹਿਰ ਇਸ ਨੂੰ ਚੀਨ ਦੇ ਪਾਕਿਸਤਾਨ ’ਚ ਦਾਖਲ ਹੋਣ ਦੀ ਕੋਸ਼ਿਸ਼ ਦੇ ਰੂਪ ’ਚ ਦੇਖ ਰਹੇ ਹਨ। ਚੀਨੀ ਨਾਗਰਿਕ ਪਹਿਲਾਂ ਹੀ ਪਾਕਿਸਤਾਨ ’ਚ ਬਿਹਤਰ ਸਿਹਤ ਸਹੂਲਤਾਂ ਦੀ ਤਿਆਰੀ ਕਰ ਰਹੇ ਹਨ।
ਰਵਾਇਤੀ ਚੀਨੀ ਦਵਾਈਆਂ ’ਚ ਪਾਕਿਸਤਾਨੀ ਮਾਹਿਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ
ਅਕੈਡਮੀ ਆਫ਼ ਹੈਲਥ ਸਰਵਿਸਿਜ਼ (ਐੱਚ. ਐੱਸ. ਏ.) ਦੇ ਉਪ-ਕੁਲਪਤੀ ਪ੍ਰੋਫੈਸਰ ਡਾ. ਸ਼ਾਹਜ਼ਾਦ ਅਲੀ ਖਾਨ ਨੇ ਇੰਟਰਵਿਊ ਦੌਰਾਨ ਕਿਹਾ ਕਿ ਅਸੀਂ ਪਾਕਿਸਤਾਨੀ ਮਾਹਿਰਾਂ ਨੂੰ ਆਧੁਨਿਕ ਡਾਕਟਰੀ ਤਕਨੀਕਾਂ ਦੇ ਨਾਲ-ਨਾਲ ਰਵਾਇਤੀ ਚੀਨੀ ਦਵਾਈਆਂ ਦੀ ਸਿਖਲਾਈ ਦੇਣਾ ਚਾਹੁੰਦੇ ਹਾਂ, ਜੋ ਲੱਖਾਂ ਲੋਕਾਂ ਲਈ ਪਸੰਦੀਦਾ ਇਲਾਜ ਹੈ। ਉਨ੍ਹਾਂ ਕਿਹਾ ਕਿ ਇਹ ਮਾਹਿਰ ਨਾ ਸਿਰਫ ਚੀਨੀ ਨਾਗਰਿਕਾਂ, ਬਲਕਿ ਪਾਕਿਸਤਾਨੀ ਲੋਕਾਂ ਦੀਆਂ ਵੀ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨਗੇ, ਜੋ ਬਦਲਵੇਂ ਇਲਾਜ ’ਚ ਵਿਸ਼ਵਾਸ ਕਰਦੇ ਹਨ।

Comment here