ਸਿਆਸਤਖਬਰਾਂ

ਕੀ ਸਿੱਧੂ ਨੇ ਕੈਪਟਨ ਦਾ ਤਖਤ ਹਿਲਾ ਦਿੱਤਾ ਹੈ?

ਪਰ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ ਹੈ

ਚੰਡੀਗੜ੍ਹਲੰਮੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖਟਪਟ ਚੱਲੀ ਆ ਰਹੀ ਸੀ। ਕੈਪਟਨ ਦੇ ਤਮਾਮ ਵਿਰੋਧ ਅਤੇ ਜਾਤੀ ਸਮੀਕਰਨ ਵਿਖਾਉਣ ਦੇ ਬਾਵਜ਼ੂਦ ਕਾਂਗਰਸ ਹਾਈ ਕਮਾਨ ਨੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਹੈ ਅਤੇ ਜਿਸ ਤਰ੍ਹਾਂ ਉਹ ਲਗਾਤਾਰ ਸਾਰੇ ਮੰਤਰੀਆਂ, ਵਿਧਾਇਕਾਂ, ਸਾਬਕਾ ਪ੍ਰਧਾਨਾਂ ਆਦਿ ਨੂੰ ਮਿਲ ਕੇ ਆਪਣਾ ਕਾਫ਼ਿਲਾ ਵੱਡਾ ਕਰ ਰਹੇ ਹਨ, ਉਸ ਨਾਲ ਕੈਪਟਨ ਦੀ ਸਥਿਤੀ ਅਸਹਿਜ ਹੁੰਦੀ ਜਾ ਰਹੀ ਹੈ। ਸਿਆਸਤ ਚ ਚੜਦੇ ਨੂੰ ਸਲਾਮ ਕਰਨ ਵਾਲਿਆਂ ਦੀ ਗਿਣਤੀ ਵਧੇਰੇ ਹੁੰਦੀ ਹੈ, ਇਸੇ ਦੇ ਚਲਦਿਆਂ ਕੈਪਟਨ ਦੇ ਆਪਣੇ ਅਤੀ ਨਜ਼ਦੀਕੀ ਸਾਾਥੀ ਵੀ ਹੁਣ ਸਿੱਧੂ ਖੇਮੇ ’ਚ ਵਿਖਾਈ ਦੇ ਰਹੇ ਹਨ। ਅਜਿਹਾ ਕੈਪਟਨ ਅਮਰਿੰਦਰ ਸਿੰਘ ਨਾਲ ਪਹਿਲੀ ਵਾਰ ਨਹੀਂ ਹੋ ਰਿਹਾ, ਸਗੋਂ 1997 ਤੋਂ ਹੀ ਉਹ ਸੱਤਾ ਸੰਘਰਸ਼ ’ਚ ਅਜਿਹੇ ਹੀ ਸਮੇਂ ’ਚੋਂ ਲੰਘ ਰਹੇ ਹਨ ਪਰ ਕੈਪਟਨ ਦੀ ਜੋ ਸਥਿਤੀ ਅੱਜ ਹੋਈ ਹੈ, ਉਹ ਪਹਿਲਾਂ ਕਦੇ ਨਹੀਂ ਹੋਈ। ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸ੍ਰੀ ਦਰਬਾਰ ਸਾਹਿਬ ’ਚ ਨਤਮਸਤਕ ਹੋਣ ਲਈ ਜਾਣਗੇ, 80 ’ਚੋਂ 65 ਵਿਧਾਇਕ ਉਨ੍ਹਾਂ ਦੇ ਨਾਲ ਹੋਣਗੇ। ਇਸੇ ਤਰ੍ਹਾਂ ਹੈ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਪ੍ਰਧਾਨਗੀ ਖੋਹੀ ਸੀ। ਉਦੋਂ ਵੀ ਲਗਭਗ ਸਾਰੇ ਵਿਧਾਇਕ ਬਾਜਵਾ ਦੇ ਨਾਲ ਨਾ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ’ਚ ਚਲੇ ਗਏ ਸਨ, ਕਿਉਂਕਿ ਉਹ ਜਾਣਦੇ ਸਨ ਕਿ ਆਉਣ ਵਾਲਾ ਸਮਾਂ ਕੈਪਟਨ ਦਾ ਹੈ। ਇਸੇ ਤਰ੍ਹਾਂ ਹੁਣ ਇਨ੍ਹਾਂ ਸਾਰੇ ਵਿਧਾਇਕਾਂ ਨੂੰ ਇਹ ਲੱਗਣ ਲੱਗਿਆ ਹੈ ਕਿ ਕਾਂਗਰਸ ਦਾ ਸੂਰਜ ਹੁਣ ਨਵਜੋਤ ਸਿੰਘ ਸਿੱਧੂ ਦੇ ਰੂਪ ’ਚ ਉਦੈ ਹੋ ਰਿਹਾ ਹੈ। ਪਰ ਇਸ ਦੌਰਾਨ ਚਰਚਾ ਇਹ ਵੀ ਹੋ ਰਹੀ ਹੈ ਕਿ ਕੀ 80 ਸਾਲਾ ਕੈਪਟਨ ਵਰਗਾ ਫ਼ੌਜੀ ਇੰਨੀ ਜਲਦੀ ਹਾਰ ਮੰਨਣ ਵਾਲਾ ਹੈ ਜਾਂ ਅਜੇ ਯੋਧਿਆਂ ਵਾਂਗ ਲੜੇਗਾ। 1997 ’ਚ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸਨ, ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਪ੍ਰਧਾਨ ਰਹਿੰਦੇ ਹੋਏ ਉਨ੍ਹਾਂ ਨੂੰ ਤਲਵੰਡੀ ਸਾਬੋ ਤੋਂ ਟਿਕਟ ਨਹੀਂ ਦਿੱਤੀ ਸੀ। ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਅਤੇ ਕਾਂਗਰਸ ’ਚ ਆ ਗਏ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕੈਪਟਨ, ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ’ਚ ਆਏ ਅਤੇ 2002 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੇ ਉਨ੍ਹਾਂ ਨੂੰ ਸੂਬੇ ਦੀ ਕਮਾਂਡ ਸੌਂਪ ਦਿੱਤੀ। ਇਸ ਤੋਂ ਪਹਿਲਾਂ ਕਾਂਗਰਸੀਆਂ ਨੇ ਉਨ੍ਹਾਂ ਦਾ ਠੀਕ ਉਸੇ ਤਰ੍ਹਾਂ ਵਿਰੋਧ ਕੀਤਾ, ਜਿਵੇਂ ਅੱਜ ਕੈਪਟਨ ਅਤੇ ਉਨ੍ਹਾਂ ਦੇ ਨਜ਼ਦੀਕੀ ਸਿੱਧੂ ਦਾ ਕਰ ਰਹੇ ਹਨ। 2002 ’ਚ ਸਰਕਾਰ ਬਣਨ ’ਤੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਉਨ੍ਹਾਂ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਪਹਿਲਾ ਸੀਐੱਮਸ਼ਿਪ ਨੂੰ ਲੈ ਕੇ ਬਾਅਦ ’ਚ ਡਿਪਟੀ ਸੀਐੱਮ ਬਣਨ ਨੂੰ ਲੈ ਕੇ, ਪਰ ਕੈਪਟਨ ਅਸਹਿਜ ਨਹੀਂ ਹੋਏ। 2007 ਦੀਆਂ ਚੋਣਾਂ ਦੌਰਾਨ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਅਤੇ ਉਨ੍ਹਾਂ ਵਿਚਕਾਰ ਟਿਕਟਾਂ ਨੂੰ ਲੈ ਕੇ ਟਕਰਾਅ ਹੋਇਆ, ਪਰ ਕੈਪਟਨ ਨੇ ਦੂਲੋ ਦੀ ਜ਼ਿਆਦਾ ਚੱਲਣ ਨਹੀਂ ਦਿੱਤੀ। 2017 ਦੀਆਂ ਚੋਣਾਂ ਤੋਂ ਪਹਿਲਾਂ ਤਾਂ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਵਿਚਕਾਰ ਪ੍ਰਧਾਨਗੀ ਨੂੰ ਲੈ ਕੇ ਜੰਮ ਕੇ ਸੰਘਰਸ਼ ਹੋਇਆ। ਇਸੇ ਤਰ੍ਹਾਂ ਦੇ ਇਕ ਫਾਰਮੂਲੇ ’ਚ ਸੁਨੀਲ ਜਾਖੜ ਉਭਰੇ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨਗੀ ਗਵਾਉਣੀ ਪਈ। ਹੁਣ ਕੈਪਟਨ ਕੋਲ ਕੀ ਬਦਲ ਹਨ, ਇਹ ਸਵਾਲ ਸਿਆਸੀ ਗਲਿਆਰਿਆਂ ’ਚ ਉੱਠਣ ਲੱਗਿਆ ਹੈ। ਕੈਪਟਨ ਦੇ ਤਮਾਮ ਵਿਰੋਧ ਤੋਂ ਬਾਅਦ ਜਿਸ ਤਰ੍ਹਾਂ ਨਾਲ ਹਾਈ ਕਮਾਨ ਨੇ ਸਿੱਧੂ ਦੇ ਹੱਥ ਕਮਾਨ ਸੌਂਪੀ ਹੈ, ਉਸ ਤੋਂ ਕਾਂਗਰਸ ’ਚ ਆਪਣਾ ਭਵਿੱਖ ਲੱਭਣ ਵਾਲੇ ਹੁਣ ਪਿੱਛੇ ਹਟ ਗਏ ਹਨ। ਉਹ ਸਿੱਧੂ ਦੇ ਨਾਲ ਖੁੱਲ੍ਹ ਕੇ ਚਲੇ ਗਏ ਹਨ। ਕੈਪਟਨ ਉਮਰ ਦੇ ਵੀ ਅਜਿਹੇ ਪੜਾਅ ’ਤੇ ਖੜ੍ਹੇ ਹਨ ਜਿੱਥੋਂ ਹੁਣ ਕੋਈ ਵੱਖਰਾ ਰਾਹ ਲੱਭ ਨਹੀਂ ਸਕਣਗੇ। ਦੂਜਾ, ਨਵਜੋਤ ਸਿੱਧੂ ਆਪਣਾ ਕੋਈ ਖੇਮਾ ਨਹੀਂ ਬਣਾ ਰਹੇ, ਸਗੋਂ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ। ਅਜਿਹੇ ’ਚ ਕੈਪਟਨ ਉਨ੍ਹਾਂ ਦਾ ਵਿਰੋਧ ਇਕ ਹੱਦ ਤਕ ਹੀ ਕਰ ਸਕਣਗੇ। ਉਨ੍ਹਾਂ ਨੂੰ ਸਿੱਧੂ ਦੇ ਨਾਲ ਸਹਿਜ ਹੋਣਾ ਹੀ ਪਵੇਗਾ। ਇੱਥੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਟਿੱਪਣੀ ਕਾਫ਼ੀ ਸਹੀ ਹੈ, ਜਦੋਂ ਕੈਪਟਨ ਨੇ ਆਪਣੇ ਉਪਰ ਵਿਅਕਤੀਗਤ ਹਮਲਾ ਕਰਨ ਵਾਲੇ ਸੁਖਪਾਲ ਖਹਿਰਾ ਨੂੰ ਪਾਰਟੀ ’ਚ ਲੈ ਲਿਆ ਹੈ ਤਾਂ ਸਿੱਧੂ ਨੇ ਤਾਂ ਸਿਰਫ਼ ਮੁੱਦਿਆਂ ’ਤੇ ਆਧਾਰਿਤ ਟਿੱਪਣੀਆਂ ਹੀ ਕੀਤੀਆਂ ਹਨ। ਇਸ ਕਰਕੇ ਕੈਪਟਨ ਨੂੰ ਫਰਾਖਦਿਲੀ ਦਿਖਾਉਣੀ ਚਾਹੀਦੀ ਹੈ।

Comment here