ਸਿਆਸਤਖਬਰਾਂਦੁਨੀਆ

ਕਾਬੁਲ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਦਾ ਵਿਰੋਧ

ਕਾਬੁਲ-ਕਾਬੁਲ ਸਥਿਤ ਸਭ ਤੋਂ ਵੱਡੀ ਯੂਨੀਵਰਸਿਟੀ ਵਿਚ ਘੈਰਾਤ ਦੇ ਵਾਈਸ ਚਾਂਸਲਰ ਦੇ ਤੌਰ ’ਤੇ ਨਿਯੁਕਤੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵਿਰੋਧ ਹੋ ਰਿਹਾ ਹੈ। ਤਾਲਿਬਾਨ ਵੱਲੋਂ ਪੀ.ਐੱਚ.ਡੀ. ਧਾਰਕ ਕੁਲਪਤੀ ਮੁਹੰਮਦ ਉਸਮਾਨ ਬਾਬਰੀ ਨੂੰ ਬਰਖਾਸਤ ਕਰਨ ਅਤੇ ਉਹਨਾਂ ਦੀ ਜਗ੍ਹਾ ਬੀ.ਏ. ਡਿਗਰੀ ਧਾਰਕ ਮੁਹੰਮਦ ਅਸ਼ਰਫ ਘੈਰਾਤ ਨੂੰ ਨਿਯੁਕਤ ਕਰਨ ਦੇ ਬਾਅਦ ਸਹਾਇਕ ਪ੍ਰੋਫੈਸਰਾਂ ਸਮੇਤ ਕਾਬੁਲ ਯੂਨੀਵਰਸਿਟੀ ਦੇ ਲੱਗਭਗ 70 ਟੀਚਿੰਗ ਸਟਾਫ ਨੇ ਅਸਤੀਫ਼ਾ ਦੇ ਦਿੱਤਾ। ਆਲੋਚਕਾਂ ਨੇ ਪਿਛਲੇ ਸਾਲ ਘੈਰਾਤ ਦੇ ਇਕ ਟਵੀਟ ਨੂੰ ਹਾਈਲਾਈਟ ਕੀਤਾ ਹੈ ਜਿਸ ਵਿਚ ਉਹਨਾਂ ਨੇ ਪੱਤਰਕਾਰਾਂ ਦੇ ਕਤਲ ਨੂੰ ਸਹੀ ਠਹਿਰਾਇਆ ਸੀ।
ਖਾਮਾ ਪ੍ਰੈੱਸ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਲੋਕ ਇਕ ਨੌਜਵਾਨ ਬੈਚਲਰ ਡਿਗਰੀ ਧਾਰਕ ਦੀ ਨਿਯੁਕਤੀ, ਅਨੁਭਵੀ ਪੀ.ਐੱਚ.ਡੀ. ਧਾਰਕ ਦੀ ਜਗ੍ਹਾ ਅਫਗਾਨਿਸਤਾਨ ਦੀ ਪਹਿਲੀ ਯੂਨੀਵਰਸਿਟੀ ਦੇ ਪ੍ਰਮੁੱਖ ਦੇ ਤੌਰ ’ਤੇ ਕਰਨ ਨਾਲ ਨਾਰਾਜ਼ ਹਨ। ਰਿਪੋਰਟ ਮੁਤਾਬਕ ਤਾਲਿਬਾਨ ਦੇ ਕੁਝ ਮੈਂਬਰਾਂ ਸਮੇਤ ਲੋਕਾਂ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਉਹਨਾਂ ਨਾਲੋਂ ਜ਼ਿਆਦਾ ਯੋਗ ਲੋਕ ਵੀ ਹਨ।
ਕਿਹਾ ਜਾਂਦਾ ਹੈ ਕਿ ਘੈਰਾਤ ਪਿਛਲੀ ਸਰਕਾਰ ਵਿਚ ਸਿੱਖਿਆ ਮੰਤਰਾਲੇ ਵਿਚ ਕੰਮ ਕਰਦੇ ਸਨ ਅਤੇ ਅਫਗਾਨਿਸਤਾਨ ਦੇ ਦੱਖਣੀ-ਪੱਛਮੀ ਹਿੱਸੇ ਵਿਚ ਆਈ.ਈ.ਏ. ਦੀਆਂ ਯੂਨੀਵਰਸਿਟੀਆਂ ਦੇ ਮੁਲਾਂਕਣ ਬੌਡੀ ਦੇ ਪ੍ਰਮੁੱਖ ਸਨ। ਇਸ ਤੋਂ ਪਹਿਲਾਂ ਤਾਲਿਬਾਨ ਨੇ ਅਧਿਕਾਰਤ ਤੌਰ ’ਤੇ ਬੁਰਹਾਨੁਦੀਨ ਰੱਬਾਨੀ-ਸਾਬਕਾ ਅਫਗਾਨ ਰਾਸ਼ਟਰਪਤੀ ਅਤੇ ਅਫਗਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਰਾਜਨੀਤਕ ਦਲ ਦੇ ਸੰਸਥਾਪਕ ਦੇ ਨਾਮ ’ਤੇ ਸਰਕਾਰੀ ਯੂਨੀਵਰਸਿਟੀ ਦਾ ਨਾਮ ਬਦਲ ਦਿੱਤਾ ਸੀ।
ਬੁਰਹਾਨੁਦੀਨ ਰੱਬਾਨੀ ਦੇ ਨਾਮ ’ਤੇ ਯੂਨੀਵਰਸਿਟੀ ਦਾ ਨਾਮ 2009 ਵਿਚ ਉਹਨਾਂ ਦੇ ਘਰ ’ਤੇ ਇਕ ਆਤਮਘਾਤੀ ਹਮਲੇ ਵਿਚ ਮਾਰੇ ਜਾਣ ਦੇ ਬਾਅਦ ਰੱਖਿਆ ਗਿਆ ਸੀ। ਉੱਚ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਇਕ ਅਧਿਕਾਰਤ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਅਫਗਾਨਿਸਤਾਨ ਦੀ ਬੌਧਿਕ ਜਾਇਦਾਦ ਹੈ ਅਤੇ ਉਸ ਦਾ ਨਾਮ ਰਾਜਨੀਤਕ ਜਾਂ ਨਸਲੀ ਨੇਤਾਵਾਂ ਦੇ ਨਾਮ ’ਤੇ ਨਹੀਂ ਰੱਖਿਆ ਜਾਣਾ ਚਾਹੀਦਾ। ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਪਿਛਲੇ ਦੋ ਦਹਾਕਿਆਂ ਵਿਚ ਅਫਗਾਨਿਸਤਾਨ ਵਿਚ ਭਾਸ਼ਾਈ, ਖੇਤਰੀ ਅਤੇ ਨਸਲੀ ਵਿਤਕਰਾ ਪਾਇਆ ਗਿਆ ਹੈ ਅਤੇ ਰਾਸ਼ਟਰੀ ਥਾਵਾਂ ਦਾ ਨਾਮ ਉਹਨਾਂ ਦੇ ਆਧਾਰ ’ਤੇ ਰੱਖਿਆ ਗਿਆ ਹੈ।

Comment here