ਅਪਰਾਧਸਿਆਸਤਖਬਰਾਂ

ਕਸ਼ਮੀਰੀ ਪੰਡਿਤਾਂ ਵੱਲੋਂ ਟਾਰਗੈਟ ਕਿਲਿੰਗ ਦਾ ਸ਼ਿਕਾਰ ਹੋਏ ਰਾਹੁਲ ਲਈ ਰੋਸ ਮਾਰਚ

ਸ਼੍ਰੀਨਗਰ -ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਬੜਗਾਮ ਜ਼ਿਲੇ ਦੇ ਚਦੂਰਾ ਸ਼ਹਿਰ ਵਿੱਚ ਤਹਿਸੀਲ ਦਫਤਰ ਦੇ ਅੰਦਰ ਵੜ ਕੇ ਅੱਤਵਾਦੀਆਂ ਨੇ ਰਾਹੁਲ ਭੱਟ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ, ਇਸ ਘਟਨਾ ਮਗਰੋਂ ਵਾਦੀ ਵਿਚ ਰਹਿ ਰਹੇ ਤੇ ਪਲਾਇਨ ਮਗਰੋੰ ਵਾਪਸ ਆਏ ਕਸ਼ਮੀਰੀ ਪੰਡਿਤਾਂ ਵਿੱਚ ਰੋਸ ਤੇ ਸੋਗ ਦੀ ਲਹਿਰ ਹੈ। ਅੱਜ ਸ਼੍ਰੀਨਗਰ ‘ਚ ਲਾਲ ਚੌਕ ਸਿਟੀ ਸੈਂਟਰ ‘ਤੇ ਸੈਂਕੜੇ ਕਸ਼ਮੀਰੀ ਪੰਡਿਤਾਂ ਨੇ ਰਾਹੁਲ ਭਟ ਦੇ ਕਤਲ ਨੂੰ ਲੈ ਕੇ ਵਿਰੋਧ ਮਾਰਚ ਕੱਢਿਆ ਅਤੇ ਇਸ ਦੌਰਾਨ ‘ਸਾਨੂੰ ਨਿਆਂ ਚਾਹੀਦਾ’ ਅਤੇ ‘ਪ੍ਰਸ਼ਾਸਨ ਹਾਏ ਹਾਏ’ ਵਰਗੇ ਨਾਅਰੇ ਲਗਾਏ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭਾਈਚਾਰੇ ਦੇ ਮੈਂਬਰ ਸ਼ਹਿਰ ਦੇ ਲਾਲ ਮੰਡੀ ਇਲਾਕੇ ‘ਚ ਇਕੱਠੇ ਹੋਏ ਅਤੇ ਭਟ ਲਈ ਝੇਲਮ ਨਦੀ ‘ਚ ਪੂਜਾ ਕੀਤੀ। ਪੂਜਾ ਖ਼ਤਮ ਹੋਣ ਦੇ ਤੁਰੰਤ ਬਾਅਦ, ਪ੍ਰਦਰਸ਼ਨਕਾਰੀਆਂ ਨੇ ਲਾਲ ਚੌਕ ਵੱਲ ਮਾਰਚ ਸ਼ੁਰੂ ਕੀਤਾ। ਲਾਲ ਚੌਕ ਪਹੁੰਚਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪ੍ਰਸਿੱਧ ਘੰਟਾਘਰ ਕੋਲ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਭਟ ਲਈ ਨਿਆਂ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਭਟ ਦੇ ਕਾਤਲਾਂ ਅਤੇ ਬੜਗਾਮ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਹ ਮੰਗ ਵੀ ਕੀਤੀ ਕਿ ਪ੍ਰਧਾਨ ਮੰਤਰੀ ਪੈਕੇਜ ਦੇ ਅਧੀਨ ਨੌਕਰੀ ਪਾਉਣ ਵਾਲੇ ਕਸ਼ਮੀਰੀ ਪੰਡਿਤ ਕਰਮਚਾਰੀਆਂ ਨੂੰ ਟਰਾਂਸਫਰ ਕੀਤਾ ਜਾਵੇ। ਭਟ ਦੇ ਕਤਲ ਤੋਂ ਇਲਾਵਾ ਕਸ਼ਮੀਰੀ ਪੰਡਿਤ ਕਰਮੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ‘ਚ ਪ੍ਰਸ਼ਾਸਨ ਦੀ ਅਸਫ਼ਲਤਾ ਨੂੰ ਲੈ ਕੇ ਜੰਮੂ ਕਸ਼ਮੀਰ ‘ਚ ਕਈ ਥਾਂਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋਏ ਹਨ। ਭਟ ਨੂੰ 2010-11 ‘ਚ ਪ੍ਰਵਾਸੀਆਂ ਲਈ ਵਿਸ਼ੇਸ਼ ਰੁਜ਼ਗਾਰ ਪੈਕੇਜ ਦੇ ਅਧੀਨ ਲਿਪਿਕ ਦੀ ਨੌਕਰੀ ਮਿਲੀ ਸੀ। ਰਾਹੁਲ ਦੀ ਹੱਤਿਆ ਮਗਰੋਂ ਇਥੇ ਸਿਆਸਤ ਵੀ ਵਾਹਵਾ ਗਰਮਾਈ ਹੋਈ ਹੈ ਤੇ ਭਾਜਪਾ ਉੱਤੇ ਕਸ਼ਮੀਰੀ ਪੰਡਿਤਾਂ ਨੂੰ ਗੁਮਰਾਹ ਕਰਨ ਦੇ ਦੋਸ਼ ਵੀ ਵਿਰੋਧੀ ਧਿਰਾਂ ਲਾ ਰਹੀਆਂ ਹਨ।

Comment here