ਅਪਰਾਧਸਿਆਸਤਸਿਹਤ-ਖਬਰਾਂਖਬਰਾਂ

ਕਰੋਨਾ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਚ ਭਾਜਪਾ ਦਾ ਐਮ ਐਲ ਏ ਗ੍ਰਿਫਤਾਰ

ਵਿਰੋਧੀ ਤੇ ਸੱਤਾਧਾਰੀ ਇੱਕ ਦੂਜੇ ਤੇ ਦੋਸ਼ ਲਾਉਣ ਲੱਗੇ

ਹੁਗਲੀ- ਕਰੋਨਾ ਨੇ ਦੇਸ਼ ਭਰ ਵਿੱਚ ਕਹਿਰ ਮਚਾਉਣਾ ਸ਼ੁਰੂ ਕੀਤਾ ਹੋਇਆ ਹੈ। ਇਸ ਦੌਰਾਨ ਸਿਆਸੀ ਸਰਗਰਮੀਆਂ ਘਟਾਉਣ ਲਈ ਕਿਹਾ ਜਾ ਰਿਹਾ ਹੈ, ਪਰ ਫੇਰ ਵੀ ਸਿਆਸਤਦਾਨਾਂ ਤੇ ਬਹੁਤਾ ਅਸਰ ਨਹੀਂ ਦਿਸਦਾ। ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ 22 ਜਨਵਰੀ ਨੂੰ ਬੰਗਾਲ ਦੇ ਚਾਰ ਨਗਰ ਨਿਗਮਾਂ ਲਈ ਹੋਣ ਵਾਲੀਆਂ ਚੋਣਾਂ ਲਈ ਸੂਬੇ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੋਰੋਨਾ ਪ੍ਰੋਟੋਕਾਲ ਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਪੁਲਿਸ ਨੇ ਐਤਵਾਰ ਨੂੰ ਵੱਡੀ ਕਾਰਵਾਈ ਕੀਤੀ। ਪੁਲਿਸ ਨੇ ਹੁਗਲੀ ਦੇ ਚੰਦਨਨਗਰ ਨਗਰ ਨਿਗਮ ਇਲਾਕੇ ’ਚ ਭਾਜਪਾ ਦੀ ਪ੍ਰਚਾਰ ਰੈਲੀ ਨੂੰ ਰੋਕ ਕੇ ਵਿਧਾਇਕ ਸਮੇਤ ਕੁੱਲ ਸੱਤ ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਐਤਵਾਰ ਨੂੰ ਚੰਦਰਨਗਰ ਨਗਰ ਨਿਗਮ ਦੇ ਵਾਰਡ ਨੰਬਰ 26 ਦੇ ਭਾਜਪਾ ਉਮੀਦਵਾਰ ਸੰਧਿਆ ਦਾਸ ਦੀ ਹਮਾਇਤ ’ਚ ਮਾਲਾਪਾਡਾ-ਕਾਲੀਤੱਲਾ ਇਲਾਕੇ ’ਚ ਪੁਰਸੁਰਾ ਦੇ ਭਾਜਪਾ ਵਿਧਾਇਕ ਵਿਮਾਨ ਘੋਸ਼ ਦੀ ਅਗਵਾਈ ’ਚ ਘਰ-ਘਰ ਘੁੰਮ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ। ਦੋਸ਼ ਹੈ ਕਿ ਇਸ ਪ੍ਰਚਾਰ ਰੈਲੀ ’ਚ ਤੈਅ ਗਿਣਤੀ ਤੋਂ ਵੱਧ ਭਾਜਪਾ ਹਮਾਇਤੀ ਮੌਜੂਦ ਸਨ। ਜਿਵੇਂ ਹੀ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ, ਉਸੇ ਸਮੇਂ ਸਟੇਟ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਨਾਲ ਚੰਦਨਨਗਰ ਥਾਣਾ ਦੇ ਅਧਿਕਾਰੀ ਉੱਥੇ ਪੁੱਜੇ ਤੇ ਸੰਧਿਆ ਦਾਸ ਦੀ ਹਮਾਇਤ ’ਚ ਕੀਤੇ ਜਾ ਰਹੇ ਪ੍ਰਚਾਰ ਨੂੰ ਰੋਕ ਦਿੱਤਾ ਗਿਆ। ਇਸ ਦੇ ਨਾਲ ਹੀ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਵਿਧਾਇਕ ਸਮੇਤ ਸੱਤ ਭਾਜਪਾ ਨੇਤਾਵਾਂ ਤੇ ਵਰਕਰਾਂ ਨੂੰ ਹਿਰਾਸਤ ’ਚ ਲਿਆ। ਇਨ੍ਹਾਂ ’ਚ ਵਿਧਾਇਕ ਵਿਮਾਨ ਘੋਸ਼ ਤੋਂ ਇਲਾਵਾ ਹੁਗਲੀ ਜ਼ਿਲ੍ਹਾ ਭਾਜਪਾ ਪ੍ਰਧਾਨ ਤੁਸ਼ਾਰ ਮਜੂਮਦਾਰ, ਯੁਵਾ ਮੋਰਚਾ ਦੇ ਪ੍ਰਧਾਨ ਸੁਰੇਸ਼ ਸਾਵ, ਭਾਜਪਾ ਉਮੀਦਵਾਰ ਸੰਧਿਆ ਦਾਸ ਸਮੇਤ ਕੁੱਲ ਸੱਤ ਲੋਕਾਂ ਨੂੰ ਗਿ੍ਰਫ਼ਤਾਰ ਕਰ ਕੇ ਥਾਣੇ ਲੈ ਗਈ। ਇਸ ਕਾਰਵਾਈ ’ਤੇ ਵਿਧਾਇਕ ਵਿਮਾਨ ਘੋਸ਼ ਨੇ ਕਿਹਾ ਕਿ ਪੁਲਿਸ ਸੱਤਾਧਾਰੀ ਪਾਰਟੀ ਦੇ ਇਸ਼ਾਰੇ ’ਤੇ ਜਾਣਬੁੱਝ ਸਿਰਫ ਭਾਜਪਾ ਦੀ ਹੀ ਰੈਲੀ ਨੂੰ ਰੋਕ ਰਹੀ ਹੈ। ਜਦੋਂਕਿ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਉਮੀਦਵਾਰ ਤੇ ਨੇਤਾ ਵੱਡੀ ਗਿਣਤੀ ’ਚ ਆਪਣੇ ਹਮਾਇਤੀਆਂ ਨੂੰ ਲੈ ਕੇ ਆਪਣੇ-ਆਪਣੇ ਇਲਾਕੇ ’ਚ ਚੋਣ ਪ੍ਰਚਾਰ ਤੇ ਰੈਲੀ ਕਰ ਰਹੇ ਹਨ, ਉਨ੍ਹਾਂ ਨੂੰ ਰੋਕ ਨਹੀਂ ਰਹੀ। ਸੂਬਾ ਸਰਕਾਰ ਤੇ ਸੱਤਾਧਾਰੀ ਪਾਰਟੀ ਦੇ ਇਸ਼ਾਰੇ ’ਤੇ ਸਿਰਫ ਭਾਜਪਾ ਨੂੰ ਹੀ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਨਾਲ ਹੀ ਦੋਸ਼ ਲਾਇਆ ਕਿ ਕੋਰੋਨਾ ਮਹਾਮਾਰੀ ਵਿਚਾਲੇ ਗੰਗਾਸਾਗਰ ਮੇਲੇ ਨੂੰ ਕਰਵਾਇਆ ਜਾ ਰਿਹਾ ਹੈ। ਸੂਬਾ ਸਰਕਾਰ ਨੂੰ ਲੋਕਾਂ ਦੀ ਜਾਨ ਦੀ ਚਿੰਤਾ ਨਹੀਂ ਹੈ।

Comment here