ਅਜਬ ਗਜਬਖਬਰਾਂਚਲੰਤ ਮਾਮਲੇ

ਇੰਦੌਰ ਦੇ ਭੱਲਾ ਕੋਲ ਹੈ ਦੁਨੀਆ ਭਰ ਦੀਆਂ ਘੜੀਆਂ ਦਾ ਅਨਮੋਲ ਖਜ਼ਾਨਾ

ਇੰਦੌਰ-ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਨ ਵਾਲੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ 78 ਸਾਲਾ ਅਨਿਲ ਭੱਲਾ ਦੇ ਘਰ ‘ਚ ਦਾਖ਼ਲ ਹੁੰਦੇ ਹੀ ਕੰਨਾਂ ‘ਚ ਦੁਨੀਆ ਭਰ ਦੀਆਂ ਦੁਰਲੱਭ ਘੜੀਆਂ ਦੀਆਂ ਵੱਖ-ਵੱਖ ਆਵਾਜ਼ਾਂ ਗੂੰਜਣ ਲੱਗਦੀਆਂ ਹਨ। ਪ੍ਰਾਚੀਨ ਘੜੀਆਂ ਨੂੰ ਚੱਲਦੇ ਵੇਖ ਕੇ ਅਜਿਹਾ ਲੱਗਦਾ ਹੈ ਕਿ ਅਸੀਂ ਕਿਸੇ ਟਾਈਮ ਮਸ਼ੀਨ ‘ਚ ਬੈਠਕ ਅਤੀਤ ਵਿਚ ਪਹੁੰਚ ਗਏ ਹੋਈਏ। ਭੱਲਾ ‘ਚ ਦੁਰਲੱਭ ਘੜੀਆਂ ਨੂੰ ਸੰਜੋਣ ਨੂੰ ਲੈ ਕੇ ਗਜਬ ਦਾ ਜਨੂੰਨ ਹੈ ਅਤੇ ਉਹ ਭਾਰਤ ਨਾਲ ਹੀ ਫਰਾਂਸ, ਸਵਿਟਜ਼ਰਲੈਂਡ, ਯੂ.ਕੇ, ਅਮਰੀਕਾ ਅਤੇ ਜਰਮਨੀ ‘ਚ ਬਣੀਆਂ 650 ਤੋਂ ਵੱਧ ਘੜੀਆਂ ਦੇ ਅਨਮੋਲ ਖਜ਼ਾਨੇ ਦਾ ਮਾਲਕ ਹਨ।
ਇੰਝ ਪੈਦਾ ਹੋਈਆਂ ਘੜੀਆਂ ਇਕੱਠੀਆਂ ਕਰਨ ਦਾ ਸ਼ੌਕ
ਭੱਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਰਲੱਭ ਘੜੀਆਂ ਇਕੱਠੀਆਂ ਕਰਨ ਦਾ ਸ਼ੌਕ ਆਪਣੇ ਦਾਦਾ ਹੁਕੂਮਤ ਰਾਏ ਭੱਲਾ ਤੋਂ ਵਿਰਾਸਤ ‘ਚ ਮਿਲਿਆ ਹੈ, ਜੋ ਉੱਚ ਸਿੱਖਿਆ ਲਈ ਵਿਦੇਸ਼ ‘ਚ ਰਹਿਣ ਦੌਰਾਨ ਉੱਥੋਂ ਕੁਝ ਘੜੀਆਂ ਦੇਸ਼ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਮੈਂ 16 ਸਾਲ ਦੀ ਉਮਰ ‘ਚ ਜੋ ਪਹਿਲੀ ਘੜੀ ਖਰੀਦੀ ਸੀ, ਉਹ ਇਕ ‘ਐਨੀਵਰਸਰੀ ਕਲਾਕ’ ਸੀ, ਜਿਸਦਾ ਮਤਲਬ ਹੈ ਕਿ ਇਸ ਨੂੰ ਸਾਲ ‘ਚ ਸਿਰਫ ਇਕ ਵਾਰ ਚਾਬੀ ਲਗਾਉਣ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਾਅਦ ਜਦੋਂ ਵੀ ਮੇਰੇ ਕੋਲ ਕੁਝ ਵਾਧੂ ਪੈਸੇ ਹੁੰਦੇ ਤਾਂ ਮੈਂ ਘੜੀਆਂ ਖਰੀਦ ਲੈਂਦਾ।
ਲਿਮਕਾ ਬੁੱਕ ਆਫ ਰਿਕਾਰਡਜ਼ ਦਾ ਵੀ ਮਿਲਿਆ ਸਰਟੀਫ਼ਿਕੇਟ
ਭੱਲਾ ਦੇ ਖ਼ਜ਼ਾਨੇ ‘ਚ ਸਾਲ ਦਰ ਸਾਲ ਵੱਖ-ਵੱਖ ਤਰ੍ਹਾਂ ਦੀਆਂ ਘੜੀਆਂ ਜਮ੍ਹਾਂ ਹੁੰਦੀਆਂ ਰਹੀਆਂ। ਉਨ੍ਹਾਂ ਦੱਸਿਆ ਕਿ ਸਾਲ 2013 ‘ਚ ਲਿਮਕਾ ਬੁੱਕ ਆਫ ਰਿਕਾਰਡਜ਼ ਨੇ ਉਨ੍ਹਾਂ ਦੇ ਨਾਂ ਰਾਸ਼ਟਰੀ ਰਿਕਾਰਡ ਦਾ ਸਰਟੀਫ਼ਿਕੇਟ ਜਾਰੀ ਕੀਤਾ ਸੀ। ਸਰਟੀਫ਼ਿਕੇਟ ਮੁਤਾਬਕ ਭੱਲਾ ਦੇ ਦੁਰਲੱਭ ਸੰਗ੍ਰਹਿ ਵਿਚ ਸਭ ਤੋਂ ਪੁਰਾਣੀ ਘੜੀ 10 ਫੁੱਟ ਉੱਚੀ ‘ਗ੍ਰੈਂਡਫਾਦਰ ਕਲਾਕ’ ਹੈ, ਜਿਸ ਦਾ ਨਿਰਮਾਣ ਫਰਾਂਸ ਵਿਚ ਸਾਲ 1750 ਦੌਰਾਨ ਕੀਤਾ ਗਿਆ ਸੀ।
ਹਾਲਾਂਕਿ ਭੱਲਾ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਅਜਿਹੀ ਘੜੀ ਵੀ ਹੈ, ਜੋ ਸਾਲ 1700 ਦੇ ਆਸ-ਪਾਸ ਬਣੀ ਸੀ। ਉਨ੍ਹਾਂ ਦੱਸਿਆ ਕਿ ਸੰਗ੍ਰਹਿ ‘ਚ ਸ਼ਾਮਲ ਵਿਲੱਖਣ ਘੜੀਆਂ ‘ਚ 1830 ਦੌਰਾਨ ਇੰਗਲੈਂਡ ‘ਚ ਲੱਕੜ ਦੇ ਇਕ ਟੁਕੜੇ ਤੋਂ ਉੱਕਰੀ ਘੜੀ ਸ਼ਾਮਲ ਹੈ, ਜੋ ਵੱਖ-ਵੱਖ ‘ਡਾਇਲ’ ਰਾਹੀਂ ਇਕੋ ਸਮੇਂ ਦੁਨੀਆ ਦੇ 16 ਵੱਡੇ ਸ਼ਹਿਰਾਂ ਦਾ ਸਮਾਂ ਦਰਸਾਉਂਦੀ ਹੈ।
ਕਬਾੜੀਏ ਤੋਂ ਵੀ ਖਰੀਦੀਆਂ ਘੜੀਆਂ
ਭੱਲਾ ਮੁਤਾਬਕ ਉਨ੍ਹਾਂ ਦੇ ਸੰਗ੍ਰਹਿ ‘ਚ ਭਾਰਤ ‘ਚ ਬਣੀ ਇਕੋ-ਇਕ ਘੜੀ ‘ਵੰਦੇ ਮਾਤਰਮ’ ਹੈ। ਉਨ੍ਹਾਂ ਦੱਸਿਆ ਕਿ ਕਰੀਬ 65 ਸਾਲ ਪੁਰਾਣੀ ਇਸ ਘੜੀ ਦਾ ਬਾਹਰੀ ਢੱਕਣ ਸ਼ੁੱਧ ਤਾਂਬੇ ਦਾ ਬਣਿਆ ਹੋਇਆ ਹੈ ਅਤੇ ਇਸ ‘ਤੇ ਦੇਵੀ-ਦੇਵਤਿਆਂ ਦੇ ਨਾਲ-ਨਾਲ ਮਹਾਤਮਾ ਗਾਂਧੀ ਅਤੇ ਬਾਲ ਗੰਗਾਧਰ ਤਿਲਕ ਦੀਆਂ ਮੂਰਤੀਆਂ ਉੱਕਰੀਆਂ ਹੋਈਆਂ ਹਨ। ਭੱਲਾ ਲੰਬੇ ਸਮੇਂ ਤੋਂ ਆਟੋਮੋਬਾਈਲ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਇਨ੍ਹੀਂ ਦਿਨੀਂ ਉਹ ਦੁਰਲੱਭ ਘੜੀਆਂ ਦੀ ਸਾਂਭ-ਸੰਭਾਲ ਅਤੇ ਮੁਰੰਮਤ ‘ਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਮੇਰੇ ਕੋਲ ਕਈ ਅਜਿਹੀਆਂ ਘੜੀਆਂ ਹਨ, ਜਿਨ੍ਹਾਂ ਨੂੰ ਮੈਂ ਕਬਾੜੀਆਂ ਤੋਂ ਬੰਦ ਹਾਲਤ ‘ਚ ਖਰੀਦਿਆ ਸੀ। ਮੈਂ ਦੁਨੀਆ ਭਰ ਤੋਂ ਇਨ੍ਹਾਂ ਦੇ ਕਲ-ਪੁਰਜੇ ਇਕੱਠੇ ਕਰ ਕੇ ਇਨ੍ਹਾਂ ਦੀ ਮੁਰੰਮਤ ਕੀਤੀ ਅਤੇ ਉਨ੍ਹਾਂ ਨੂੰ ਚਲਾਇਆ।

Comment here