ਅਪਰਾਧਖਬਰਾਂਦੁਨੀਆ

ਆਈਲੈਟਸ ਬੈਂਡ ਨਾਲ ਵਿਆਹ ਵਾਲੇ ਦੋ ਮੁੰਡੇ ਠੱਗੇ ਗਏ, ਇੱਕ ਦੀ ਜਾਨ ਵੀ ਗਈ

ਲੁਧਿਆਣਾ-ਪੰਜਾਬ ਵਿੱਚ ਇਕ ਹੋਰ ਲਵਪਰੀਤ ਆਈਲੈਟਸ ਬੈਂਡ ਨਾਲ ਵਿਆਹ ਵਾਲੇ ਸੌਦੇ ਦੀ ਭੇਟ ਚੜ ਗਿਆ। ਮਲੇਰਕੋਟਲੇ ਦੇ 25 ਸਾਲਾ ਲਵਪ੍ਰੀਤ ਸਿੰਘ ਦਾ ਆਈਲੈਟਸ ਪਾਸ ਲੁਧਿਆਣਾ ਦੀ ਪਵਨਦੀਪ ਕੌਰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਪੰਜ ਮਹੀਨੇ ਬਾਅਦ ਹੀ ਲਵਪ੍ਰੀਤ ਦੀ ਆਪਣੇ ਸਹੁਰਿਆਂ ਦੇ ਘਰ ਭੇਦਭਰੇ ਹਲਾਤਾਂ ‘ਚ ਲਾਸ਼ ਮਿਲੀ। ਮ੍ਰਿਤਕ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਵਿਆਹ ਤੋਂ 22 ਦਿਨ ਬਾਅਦ ਉਹਨਾਂ ਦੀ ਨੂੰਹ ਪਵਨਦੀਪ ਕੌਰ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਤਾਂ ਉਸਨੇ ਆਪਣੇ ਹਾਵ-ਭਾਵ ਬਦਲਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੀ ਨੂੰਹ ਦੇ ਕਿਸੇ ਹੋਰ ਲੜਕੇ ਨਾਲ ਕਥਿਤ ਨਜ਼ਾਇਜ ਸਬੰਧਾਂ ਦਾ ਪਤਾ ਲੱਗ ਗਿਆ ਸੀ, ਜਿਸ ਮਗਰੋਂ ਲਵਪਰੀਤ ਤੇ ਪਵਨਦੀਪ ਦੀ ਕਹਾ ਸੁਣੀ ਹੋਣ ਲੱਗੀ, ਤਾਂ ਪਵਨਦੀਪ ਲਵਪਰੀਤ ਸਿੰਘ ਨੂੰ ਭੁਚਲਾ ਕੇ  ਆਪਣੇ ਪੇਕੇ ਘਰ ਲੈ ਗਈ। ਓਥੇ ਉਸ ਦੀ ਸ਼ੱਕੀ ਹਾਲਤ ਚ ਮੌਤ ਹੋ ਗਈ, ਪਿਤਾ ਨੇ ਦੋਸ਼ ਲਾਇਆ ਹੈ ਕਿ ਲਵਪੀਰਤ ਦਾ ਉਸ ਦੇ ਸਹੁਰਿਆਂ ਨੇ ਕਥਿਤ ਤੌਰ ਤੇ ਕਤਲ ਕੀਤਾ ਹੈ, ਵਿਆਹ ਵੀ ਕੁੜੀ ਦੇ ਵਿਦੇਸ਼ ਦਾ ਸਾਰਾ ਖਰਚਾ ਕਰਨ ਦੀ ਸ਼ਰਤ ਤੇ ਕੀਤਾ ਗਿਆ ਸੀ। ਮਿਰਤਕ ਮੁੰਡੇ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਲੁਧਿਆਣਾ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਤੇ ਕੇਸ ਦਰਜ ਕਰਨ ਚ ਆਨਾ ਕਾਨੀ ਕਰਦੇ ਰਹੇ, ਫੇਰ ਮੁੰਡੇ ਦਾ ਪਰਿਵਾਰ  ਕਿਸਾਨ ਯੂਨੀਅਨਾਂ ਕੋਲ ਗਿਆ, ਤੇ ਕਿਸਾਨ ਯੂਨੀਅਨਾਂ ਦੇ ਦਖਲ ਤੋਂ ਬਾਅਦ ਲੁਧਿਆਣਾ ਪੁਲਸ ਨੇ ਮਾਮਲੇ ਵਿੱਚ ਪਰਚਾ ਦਰਜ ਕੀਤਾ ਹੈ ਤੇ ਛਾਣਬੀਣ ਦੀ ਗੱਲ ਆਖੀ ਹੈ। ਇਸ ਮਾਮਲੇ ਚ ਕੁੜੀ ਦੇ ਪਰਿਵਾਰ ਦੀ ਕੋਈ ਪ੍ਰਤੀਕਿਰਿਆ ਫਿਲਹਾਲ ਸਾਹਮਣੇ ਨਹੀਂ ਆਈ।

ਇਕ ਮਾਮਲਾ ਨਵਾਂ ਸ਼ਹਿਰ ਤੋਂ ਆਇਆ ਹੈ, ਜਿਥੇ ਆਈਲੈਟਸ ਬੈਂਡ ਨਾਲ ਵਿਆਹ ਵਾਲੇ ਮਾਮਲੇ ਚ ਮੁੰਡੇ ਦਾ ਤੀਹ ਲਖ ਰੁਪਿਆ ਖਰਚਾ ਕੇ ਕੈਨੇਡਾ ਗਈ ਕੁੜੀ ਨੇ ਮੁੰਡੇ ਦਾ ਫੋਨ ਬਲੌਕ ਕਰ ਦਿੱਤਾ ਹੈ।ਨਵਾਂਸ਼ਹਿਰ ਦੇ ਪਿੰਡ ਮਹਿੰਦੀਪੁਰ ਦੇ ਸੁਖਵਿੰਦਰ ਸਿੰਘ ਨੇ ਦਸਿਆ ਕਿ ਅਸੀਂ ਬੜੇ ਹੀ ਚਾਅ ਮਲਾਰ ਨਾਲ ਆਪਣੇ ਮੁੰਡੇ ਦਾ ਵਿਆਹ ਆਈਲੈਟਸ ਪਾਸ ਕੁੜੀ ਨਾਲ ਕਰਵਾਇਆ ਸੀ, ਸਾਰਾ ਖਰਚਾ ਭਰਨ ਦੀ ਸ਼ਰਤ ਮੰਨੀ ਸੀ, ਤਾਂ ਜੋ ਕੁੜੀ ਵਿਆਹ ਤੋਂ ਬਾਅਦ ਮੁੰਡੇ ਨੂੰ ਕਨੇਡਾ ਲੈ ਜਾਵੇ। ਸਾਡਾ ਕੁੜੀ ਨੂੰ ਕੈਨੇਡਾ ਭੇਜਣ ਤੇ 30 ਲੱਖ ਤੋਂ ਵੱਧ ਦਾ ਖਰਚਾ ਆਇਆ। ਕੁੜੀ ਨੂੰ ਕੈਨੇਡਾ ਪਹੁੰਚੀ ਨੂੰ ਡੇਢ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ, ਪਰ ਉਸਨੇ ਆਪਣੇ ਪਤੀ ਨੂੰ ਤਾਂ ਕੀ ਬੁਲਾਉਣ ਸੀ, ਸਗੋਂ ਉਸ ਦਾ ਫੋਨ ਚੁੱਕਣਾ ਤੱਕ ਬੰਦ ਕਰ ਦਿੱਤਾ, ਤੇ ਹੁਣ ਨੰਬਰ ਵੀ ਬਲੌਕ ਕਰ ਦਿੱਤਾ। ਖੁਦ ਨੂੰ ਧੋਖੇ ਦਾ ਸ਼ਿਕਾਰ ਦੱਸ ਰਹੇ ਅਰਸ਼ਪ੍ਰੀਤ ਸਿੰਘ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਵਿਆਹ ਤੋਂ ਬਾਅਦ ਕਰੀਬ ਇੱਕ ਹਫਤਾ ਉਸਦੀ ਪਤਨੀ ਉਸ ਦੇ ਨਾਲ ਰਹੀ, ਪਰ ਇਸ ਦੌਰਾਨ ਦੋਵਾਂ ਦਾ ਪਤੀ ਪਤਨੀ ਵਾਲਾ  ਰਿਸ਼ਤਾ ਨਹੀਂ ਸੀ ਬਣਿਆ। ਵਿਆਹ 10 ਜਨਵਰੀ 2020 ਨੂੰ ਹੋਇਆ ਹੈ। ਜਦਕਿ ਦੋਹਾਂ ਪਰਿਵਾਰਾਂ ਦੀ ਜਾਣ ਪਛਾਣ ਨਵੰਬਰ 2018 ਚ ਹੋਈ ਸੀ, ਜਦ ਕੁੜੀ ਆਈਲੈਟਸ ਦੀ ਤਿਆਰੀ ਕਰ ਰਹੀ ਸੀ, ਆਈਲੈਟਸ ਪਾਸ ਕਰਨ ਤੇ ਰਿਸ਼ਤਾ ਪੱਕਾ ਹੋਇਆ ਤੇ ਵਿਆਹ ਹੋਇਆ। ਹੁਣ ਮੁੰਡੇ ਦਾ ਦਾ ਪਰਿਵਾਰ ਮੰਗ ਕਰ ਰਿਹਾ ਹੈ ਕਿ ਓਹਨਾਂ ਨਾਲ ਧੋਖਾ ਕਰਨ ਵਾਲੀ ਕੁੜੀ ਨੂੰ ਕਨੇਡਾ ਸਰਕਾਰ ਭਾਰਤ ਡੀਪੋਟ ਕਰੇ। ਮੁੰਡੇ ਦੇ ਪਰਿਵਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਕੁੜੀ ਅਤੇ ਉਸਦੇ ਪਰਿਵਾਰ ਖਿਲਾਫ ਹੇਰਾਫੇਰੀ ਦਾ ਮਾਮਲਾ ਦਰਜ ਕਰ ਲਿਆ ਹੈ।

 

Comment here