ਚਲੰਤ ਮਾਮਲੇਦੁਨੀਆ

ਅਫ਼ਗਾਨ ਘਮਸਾਣ ਚ ਪਾਕਿਸਤਾਨ ਦੀਆਂ ਆਪ ਸਹੇੜੀਆਂ ਮੁਸੀਬਤਾਂ

-ਜੀ ਪਾਰਥਾਸਾਰਥੀ

ਪਿਛਲੇ ਹਫ਼ਤੇ ਜੰਮੂ ਏਅਰਬੇਸ ’ਤੇ ਡਰੋਨ ਹਮਲੇ ਪਿੱਛੋਂ ਭਾਰਤ ਵਿਚ ਜਨਤਕ ਧਿਆਨ ਇਸੇ ਮਸਲੇ ’ਤੇ ਕੇਂਦਰਤ ਹੈ। ਜ਼ਾਹਰਾ ਤੌਰ ’ਤੇ ਇਹ ਹਮਲਾ ਆਈਐੱਸਆਈ ਦੇ ਦਿਮਾਗ ਦੀ ਉਪਜ ਹੈ। ਉਂਜ, ਭਾਰਤ ਸਰਕਾਰ ਵੀ ਡਰੋਨ ਹਮਲਿਆਂ ਦੀ ਅਲਾਮਤ ਦੇ ਟਾਕਰੇ ਲਈ ਕਦਮ ਚੁੱਕਣ ਵਿਚ ਅਵੇਸਲੀ ਰਹੀ ਹੈ। ਹੁਣ ਸਮਾਂ ਹੈ ਕਿ ਭਾਰਤ ਨਾ ਕੇਵਲ ਆਉਣ ਵਾਲੇ ਡਰੋਨਾਂ ਦੇ ਖ਼ਤਰਿਆਂ ਨਾਲ ਸਿੱਝਣ ਲਈ ਕਦਮ ਉਠਾਵੇ ਸਗੋਂ ਆਪਣੀਆਂ ਸਮੱਰਥਾਵਾਂ ਨੂੰ ਇਸ ਢੰਗ ਨਾਲ ਵਿਕਸਤ ਕਰੇ ਤਾਂ ਕਿ ਸਰਹੱਦ ਪਾਰ ਅਪਰੇਸ਼ਨ ਵੀ ਕੀਤੇ ਜਾ ਸਕਣ। ਹਿਫ਼ਾਜ਼ਤੀ ਤੇ ਹਮਲਾਵਰ ਪੱਖ ਤੋਂ ਇਜ਼ਰਾਇਲੀ ਹਿੱਸੇਦਾਰੀ ਕਾਫ਼ੀ ਲਾਹੇਵੰਦ ਹੋ ਸਕਦੀ ਹੈ। ਇਸ ਦੇ ਨਾਲ ਹੀ ਸਰਹੱਦਾਂ ਤੋਂ ਪਾਰ ਡਰੋਨਾਂ ਦੀ ਵਰਤੋਂ ’ਤੇ ਕਰੀਬੀ ਨਜ਼ਰ ਰੱਖਣੀ ਜ਼ਰੂਰੀ ਹੈ ਕਿਉਂਕਿ ਇਸ ਮਾਮਲੇ ਵਿਚ ਪਾਕਿਸਤਾਨ ਤੇ ਚੀਨ ਮਿਲ ਕੇ ਕੰਮ ਕਰ ਰਹੇ ਹਨ। ਇਨ੍ਹਾਂ ਘਟਨਾਵਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ।

ਹਾਲੀਆ ਸਾਲਾਂ ਦੌਰਾਨ ਪਾਕਿਸਤਾਨ ਘਮਸਾਣ ਵਿਚ ਫਸਿਆ ਹੋਇਆ ਹੈ ਜਿਸ ਦਾ ਸਾਵਧਾਨੀ ਨਾਲ ਮੁਤਾਲਿਆ ਕਰਨਾ ਚਾਹੀਦਾ ਹੈ। ਪਾਕਿਸਤਾਨ ਦੀਆਂ ਹਾਲੀਆ ਮੁਸੀਬਤਾਂ ਉਸ ਦੇ ਬੜਬੋਲੇ ਵਿਦੇਸ਼ ਮੰਤਰੀ ਕੁਰੈਸ਼ੀ ਸਦਕਾ ਸ਼ੁਰੂ ਹੋਈਆਂ ਸਨ। ਕੁਰੈਸ਼ੀ ਨੇ ਜ਼ੋਰ-ਸ਼ੋਰ ਨਾਲ ਐਲਾਨ ਕੀਤਾ ਸੀ ਕਿ ‘ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ’ (ਐੱਫਏਟੀਐੱਫ) ਦੀ ਜੂਨ ਮੀਟਿੰਗ ਵਿਚ ਪਾਕਿਸਤਾਨ ਨੇ ਉਹ ਸਭ ਕੁਝ ਕਰ ਦਿੱਤਾ ਜੋ ਕੌਮਾਂਤਰੀ ਵਿੱਤੀ ਪਾਬੰਦੀਆਂ ਖ਼ਤਮ ਕਰਾਉਣ ਲਈ ਜ਼ਰੂਰੀ ਸੀ। ਜਵਾਬ ਵਿਚ ਐੱਫਏਟੀਐੱਫ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਨੂੰ ‘ਮਸ਼ਕੂਕ ਸੂਚੀ’ (ਗ੍ਰੇਅ ਲਿਸਟ) ’ਚੋਂ ਹਟਾਉਣ ਦਾ ਕੋਈ ਸਵਾਲ ਨਹੀਂ ਹੈ।

ਐੱਫਏਟੀਐੱਫ ਨੇ ਨੋਟ ਕੀਤਾ ਕਿ ਪਾਕਿ ਵਲੋਂ ਕਾਲੇ ਧਨ ਨੂੰ ਸਫ਼ੇਦ ਬਣਾਉਣ (ਮਨੀ ਲਾਂਡਰਿੰਗ) ਅਤੇ ਦਹਿਸ਼ਤੀ ਸਰਗਰਮੀਆਂ ਲਈ ਫੰਡ ਮੁਹੱਈਆ ਕਰਾਉਣ ’ਤੇ ਰੋਕਥਾਮ ਲਈ ਚੁੱਕੇ ਕਦਮਾਂ ’ਚ ਖਾਮੀਆਂ ਹਨ। ਇਹ ਖਾਮੀਆਂ ਸੰਯੁਕਤ ਰਾਸ਼ਟਰ ਵਲੋਂ ਨਾਮਜ਼ਦ ਦਹਿਸ਼ਤਪਸੰਦ ਗਰੁੱਪਾਂ ਦੇ ਸੀਨੀਅਰ ਆਗੂਆਂ ਤੇ ਕਮਾਂਡਰਾਂ ਬਾਰੇ ਜਾਂਚ ਅਤੇ ਉਨ੍ਹਾਂ ਖਿਲਾਫ਼ ਮੁਕੱਦਮੇ ਚਲਾਉਣ ਨਾਲ ਸਬੰਧਤ ਹਨ। ਐੱਫਏਟੀਐੱਫ ਦਾ ਇਹ ਬਿਆਨ ਪਾਕਿਸਤਾਨ ਵਲੋਂ ਲਸ਼ਕਰ-ਏ-ਤੋਇਬਾ ਦੇ ਹਾਫ਼ਿਜ਼ ਮੁਹੰਮਦ ਸਈਦ ਤੇ ਜ਼ਕੀ-ਉਰ ਰਹਿਮਾਨ ਲਖਵੀ ਅਤੇ ਜੈਸ਼-ਏ-ਮੁਹੰਮਦ ਦੇ ਮੌਲਾਨਾ ਮਸੂਦ ਅਜ਼ਹਰ ਜਿਹੇ ਦਹਿਸ਼ਤਪਸੰਦਾਂ ਨੂੰ ਸ਼ਰੇਆਮ ਘੁੰਮਣ ਫਿਰਨ ਦੀ ਦਿੱਤੀ ਖੁੱਲ੍ਹ ਦੇ ਮੱਦੇਨਜ਼ਰ ਉਸ ਦੀ ਸਿੱਧੀ ਨੁਕਤਾਚੀਨੀ ਦੇ ਤੁੱਲ ਹੈ।

ਆਈਐੱਸਆਈ ਵਲੋਂ ਪਾਕਿ ’ਚ ਜੋ ਵੀ ਕੁਝ ਹੁੰਦਾ, ਉਸ ਲਈ ਬਿਨਾ ਕਿਸੇ ਸਬੂਤ ਤੋਂ ਭਾਰਤ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਮੌਜੂਦਾ ਹਾਲਤ ਕੀ ਰੁਖ਼ ਅਖ਼ਤਿਆਰ ਕਰਦੀ ਹੈ। ਇਕ ਹਕੀਕਤ ਹੈ ਜਿਸ ਨੂੰ ਪਾਕਿਸਤਾਨੀ ਨਿਜ਼ਾਮ ਅੱਖੋਂ ਪਰੋਖੇ ਨਹੀਂ ਕਰ ਸਕਦਾ, ਉਹ ਹੈ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਪੈਂਦੇ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਪ੍ਰਾਂਤ ਵਿਚ ਪਖਤੂਨ ਭਾਈਚਾਰੇ ਅੰਦਰ ਵਧ ਰਹੀ ਬੇਗਾਨਗੀ। ਇਹ ਬੇਗਾਨਗੀ ਪਾਕਿਸਤਾਨੀ ਫ਼ੌਜ ਵਲੋਂ ਖਿੱਤੇ ’ਤੇ ਬੋਲੇ ਧਾਵੇ ਸਮੇਂ ਉੱਥੇ ਢਾਹੇ ਅੱਤਿਆਚਾਰਾਂ ਕਰ ਕੇ ਪਨਪ ਰਹੀ ਹੈ। ਉਸ ਫ਼ੌਜੀ ਅਪਰੇਸ਼ਨ ‘ਜ਼ਰਬ-ਏ-ਅਜ਼ਬ’ ਕਰਕੇ ਲਗਭਗ ਪੰਜ ਲੱਖ ਪਖ਼ਤੂਨਾਂ ਨੂੰ ਘਰ-ਬਾਰ ਛੱਡਣਾ ਪਿਆ ਸੀ।

ਪਖ਼ਤੂਨਾਂ ਦੀ ਪ੍ਰੰਪਰਾ ਹੈ ਕਿ ਉਹ ਜ਼ੁਲਮ ਕਰਨ ਵਾਲਿਆਂ ਨੂੰ ਨਾ ਭੁੱਲਦੇ ਹਨ ਤੇ ਨਾ ਮੁਆਫ਼ ਕਰਦੇ ਹਨ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖਵਾ ਦੇ ਕਬਾਇਲੀ ਇਲਾਕਿਆਂ ’ਚ ਪਾਕਿ ਫ਼ੌਜ ਨੂੰ ਚੁਣੌਤੀ ਦੇ ਰਹੀ ਹੈ। ਹੋਰ ਖਿੱਤਿਆਂ ’ਚ ਵੀ ਪਖ਼ਤੂਨ ‘ਪਖ਼ਤੂਨ ਤਹੱਫ਼ੁਜ਼ ਮੁਹਾਜ਼’ (ਪੀਟੀਐੱਮ) ਦੇ ਬੈਨਰ ਹੇਠ ਸਿਆਸੀ ਤੌਰ ’ਤੇ ਜਥੇਬੰਦ ਹੋ ਰਹੇ ਹਨ।

ਕੌਮਾਂਤਰੀ ਪੱਧਰ ’ਤੇ ਚਿੰਤਾ ਜਤਾਈ ਜਾ ਰਹੀ ਹੈ ਕਿ ਤਾਲਿਬਾਨ ਅਫ਼ਗਾਨਿਸਤਾਨ ’ਤੇ ਕਾਬਜ਼ ਹੋ ਰਹੇ ਹਨ। ਕੁਝ ਪਖ਼ਤੂਨ ਬਹੁਗਿਣਤੀ ਜ਼ਿਲ੍ਹਿਆਂ ਅੰਦਰ ਤਾਲਿਬਾਨ ਨੂੰ ਜਿੱਤਾਂ ਹਾਸਲ ਹੋਈਆਂ ਹਨ। ਅਫ਼ਗਾਨਿਸਤਾਨ ਦੇ ਕੁੱਲ 417 ਜ਼ਿਲ੍ਹਿਆਂ ਵਿਚੋਂ 80 ਦਾ ਕੰਟਰੋਲ ਤਾਲਿਬਾਨ ਦੇ ਹੱਥ ਆ ਚੁੱਕਿਆ ਹੈ। 80 ਜ਼ਿਲ੍ਹਿਆਂ ’ਤੇ ਕੰਟਰੋਲ ਸੰਕੇਤ ਦੇ ਰਿਹਾ ਹੈ ਕਿ ਉਨ੍ਹਾਂ ਮੁਲ਼ਕ ’ਤੇ ਕਬਜ਼ੇ ਦੀ ਤਿਆਰੀ ਕਰ ਲਈ ਹੈ। ਇਰਾਨੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਤਾਲਿਬਾਨ ਨੇ ਉਨ੍ਹਾਂ ਦੇ ਸ਼ੀਆ ਹਜ਼ਾਰਾ ਭਰਾਵਾਂ ’ਤੇ ਧਾਵਾ ਬੋਲਿਆ ਤਾਂ ਉਹ ਅੱਖਾਂ ਮੀਟ ਕੇ ਨਹੀਂ ਬੈਠਣਗੇ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਵਿਚ 35% ਤਾਜਿਕ ਆਬਾਦੀ ਹੈ, ਉਨ੍ਹਾਂ ਦੇ ਲੜਾਕੇ ਵੀ ਐਵੇਂ ਹਥਿਆਰ ਨਹੀਂ ਸੁੱਟ ਦੇਣਗੇ। ਤਾਲਿਬਾਨ ਨੂੰ ਖਦੇੜਨ ਬਾਅਦ ਆਜ਼ਾਦੀ ਦਾ ਸਵਾਦ ਚਖ਼ ਚੁੱਕੀ ਅਫ਼ਗਾਨਿਸਤਾਨ ਦੀ ਪਖ਼ਤੂਨ ਜਨਤਾ ਵੀ ਤਾਲਿਬਾਨ ਦੀ ਵਾਪਸੀ ਦਾ ਵਿਰੋਧ ਕਰੇਗੀ।

ਅਮਰੀਕੀ ਦਖ਼ਲ ਤੋਂ ਪਹਿਲਾਂ ਜਦੋਂ ਤਾਲਿਬਾਨ ਅਫ਼ਗਾਨਿਸਤਾਨ ਵਿਚ ਸੱਤਾ ਚਲਾ ਰਹੇ ਸਨ, ਤਦ ਵੀ ਉਨ੍ਹਾਂ ਨੂੰ ‘ਨਾਰਦਰਨ ਅਲਾਇੰਸ’ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਅਲਾਇੰਸ ਗ਼ੈਰ-ਪਖ਼ਤੂਨ ਫਿਰਕਿਆਂ ਦਾ ਗੱਠਜੋੜ ਹੈ ਜੋ ਤਾਜਿਕ ਨਾਇਕ ਅਹਿਮਦ ਸ਼ਾਹ ਮਸੂਦ ਦੀ ਅਗਵਾਈ ਹੇਠ ਕਾਇਮ ਕੀਤਾ ਗਿਆ ਸੀ। ਮਸੂਦ ਨੇ ਪਹਿਲਾਂ ਅਫ਼ਗਾਨਿਸਤਾਨ ’ਤੇ ਸੋਵੀਅਤ ਕਬਜ਼ੇ ਦਾ ਵਿਰੋਧ ਕੀਤਾ ਸੀ, ਫਿਰ ਉਸ ਨੇ ਤਾਲਿਬਾਨ ਖਿਲਾਫ਼ ਲੋਹਾ ਲਿਆ ਸੀ। ਅਲਾਇੰਸ ’ਚ ਅਫ਼ਗਾਨਿਸਤਾਨ ਵਿਚਲੇ ਤਾਜਿਕ, ਉਜ਼ਬੇਕ, ਤੁਰਕ ਤੇ ਹਜ਼ਾਰਾ ਫਿਰਕਿਆਂ ਦੇ ਲੜਾਕੇ ਸਨ। ਇਨ੍ਹਾਂ ਨੂੰ ਇਰਾਨ, ਭਾਰਤ, ਰੂਸ, ਫਰਾਂਸ ਤੇ ਅਫ਼ਗਾਨਿਸਤਾਨ ਦੇ ਮੱਧ ਏਸਿ਼ਆਈ ਗੁਆਂਢੀ ਮੁਲ਼ਕਾਂ ਤੋਂ ਮਦਦ ਮਿਲਦੀ ਸੀ। ਭਾਰਤ ਨੂੰ ਅਲਾਇੰਸ ਲਈ ਮਦਦ ਪਹੁੰਚਾਉਣ ਲਈ ਇਰਾਨ ਦੇ ਹਵਾਈ ਖੇਤਰ ’ਚੋਂ ਉਡਣ ਦੀ ਇਜਾਜ਼ਤ ਸੀ ਤੇ ਤਾਜਿਕਸਤਾਨ ’ਚ ਇਕ ਹਵਾਈ ਅੱਡੇ ਦੀ ਵਰਤੋਂ ਦੀ ਵੀ ਖੁੱਲ੍ਹ ਸੀ। ਉਦੋਂ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਹਕੂਮਤ ਨੂੰ ਕੋਈ ਕੌਮਾਂਤਰੀ ਮਾਨਤਾ ਨਹੀਂ ਸੀ, ਬਸ ਪਾਕਿ ਹੀ ਮਦਦ ਕਰ ਰਿਹਾ ਸੀ। ਇਸ ਨੇ ਆਈਸੀ 814 ਹਵਾਈ ਉਡਾਣ ਦੇ ਅਗਵਾਕਾਰਾਂ ਨਾਲ ਵੀ ਗੰਢ-ਤੁਪ ਕੀਤੀ ਹੋਈ ਸੀ। ਅਮਰੀਕੀ ਫ਼ੌਜ ਵਲੋਂ ਫ਼ੌਜੀ ਕਾਰਵਾਈ ਵਿੱਢਣ ਤੋਂ ਬਾਅਦ ਤਾਲਿਬਾਨ ਭੱਜ ਕੇ ਪਾਕਿਸਤਾਨ ਆ ਵੜੇ ਸਨ। ਤਾਲਿਬਾਨ ਦੀ ਮੌਜੂਦਾ ਲੀਡਰਸ਼ਿਪ ਵਿਚ ਬਹੁਤੇ ਮੁੱਲ੍ਹਾ ਉਮਰ ਦੇ ਸ਼ਾਗਿਰਦ ਹਨ।

ਪਾਕਿਸਤਾਨ ਹੁਣ ਅਫ਼ਗਾਨਿਸਤਾਨ ਨਾਲ ਲਗਦੀਆਂ ਆਪਣੀਆਂ ਸਰਹੱਦਾਂ ਸੀਲ ਕਰਨੀਆਂ ਚਾਹੁੰਦਾ ਹੈ। ਇਹ ਡੂਰਾਂਡ ਲਾਈਨ ਦੇ ਆਰ ਪਾਰ ਰੋਕਾਂ ਦਾ ਨਿਰਮਾਣ ਕਰਨ ਦੀ ਗੰਭੀਰ ਕੋਸ਼ਿਸ਼ ਕਰ ਰਿਹਾ ਹੈ। ਇਹ ਅਜਿਹੀ ਸਰਹੱਦ ਹੈ ਜੋ ਅੰਗਰੇਜ਼ਾਂ ਨੇ 1893 ਵਿਚ ਖਿੱਚੀ ਸੀ ਤੇ ਪਖ਼ਤੂਨਾਂ ‘ਤੇ ਠੋਸੀ ਸੀ ਹਾਲਾਂਕਿ ਤਾਲਿਬਾਨ ਸਣੇ ਕੋਈ ਵੀ ਪਖ਼ਤੂਨ ਇਸ ਸਰਹੱਦ ਨੂੰ ਪ੍ਰਵਾਨ ਨਹੀਂ ਕਰਦਾ। ਤਾਲਿਬਾਨ ਨੇ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਦੀਆਂ ਸਰਹੱਦਾਂ ਪਾਕਿਸਤਾਨ ਵਿਚ ਸਿੰਧ ਦਰਿਆ ਦੇ ਕੰਢੇ ‘ਤੇ ਪੈਂਦੇ ਅਟਕ ਤੱਕ ਜਾਂਦੀਆਂ ਹਨ। ਇਵੇਂ ਲੱਗ ਰਿਹਾ ਹੈ ਕਿ ਅਫ਼ਗਾਨਿਸਤਾਨ ਲੰਮੀ ਖ਼ਾਨਾਜੰਗੀ ਵੱਲ ਵਧ ਰਿਹਾ ਹੈ। ਤਾਲਿਬਾਨ ਦਾ ਖ਼ਤਰਾ ਵਧਣ ਨਾਲ ਉੱਥੇ ਵਸੇ ਭਾਰਤੀ ਮੂਲ ਦੇ ਹਜ਼ਾਰਾਂ ਲੋਕ ਭਾਰਤ ਦਾ ਰੁਖ਼ ਕਰ ਸਕਦੇ ਹਨ। ਮੁੱਕਦੀ ਗੱਲ, ਤਾਲਿਬਾਨ ਨਾਲ ਰਾਬਤਾ ਰੱਖਣਾ ਗ਼ਲਤ ਨਹੀਂ ਹੋਵੇਗਾ ਪਰ ਸਾਨੂੰ ਉਨ੍ਹਾਂ ਦੀਆਂ ਨੀਤੀਆਂ ਬਦਨੀਤੀਆਂ ਬਾਰੇ ਕੋਈ ਭਰਮ ਵੀ ਨਹੀਂ ਪਾਲਣਾ ਚਾਹੀਦਾ।

Comment here