ਸਿਆਸਤਖਬਰਾਂਦੁਨੀਆ

ਅਮਰੀਕਾ ਤੇ ਯੂਰਪੀ ਬਾਜ਼ਾਰਾਂ ‘ਚ ਭਾਰੀ ਗਿਰਾਵਟ

ਕੈਲੀਫੋਰਨੀਆ-ਅਮਰੀਕੀ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਡਾਓਜੋਨਸ ਇੰਡਸਟ੍ਰੀਅਲ ਔਸਤ ਸੂਚਕਾਂਕ 890 ਅੰਕਾਂ ਤੱਕ ਡਿੱਗਾ ਤੇ ਲਗਭਗ 2.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਐਸ ਐਂਡ ਪੀ 500 ‘ਚੋਂ 3.8 ਤੇ ਨੈਸਡੈਕ ਕੰਪੋਜ਼ਿਟ ‘ਚ 4.5 ਫੀਸਦੀ ਗਿਰਾਵਟ ਦੇਖੀ ਗਈ। ਐਸ ਐਂਡ ਪੀ 500 ਇੰਟਰਾਡੇ ਨੇ ਮਾਰਚ 2021 ਤੋਂ ਬਾਅਦ ਆਪਣਾ ਸਭ ਤੋਂ ਹੇਠਵਾਂ ਪੱਧਰ ਬਣਾਇਆ ਹੈ ਤੇ ਇਹ ਆਪਣੇ ਉੱਚ ਪੱਧਰ ਤੋਂ 22 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਆਮ ਤੌਰ ‘ਤੇ ਜੇਕਰ ਕੋਈ ਸੂਚਕਾਂਕ ਆਪਣੇ ਉੱਚ ਪੱਧਰ ਤੋਂ 20 ਫੀਸਦੀ ਤੋਂ ਹੇਠਾਂ ਵਪਾਰ ਕਰਨਾ ਸ਼ੁਰੂ ਕਰਦਾ ਹੈ ਤਾਂ ਇਸ ਨੂੰ ਮੰਦੀ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਹਾਲਾਂਕਿ, ਤਿੰਨ ਹਫ਼ਤੇ ਪਹਿਲਾਂ ਐਸ ਐਂਡ ਪੀ ਨੇ ਇਸੇ ਤਰ੍ਹਾਂ ਦੀ ਮੰਦੀ ਦਾ ਸੰਕੇਤ ਦਿੱਤਾ ਸੀ ਅਤੇ ਸੂਚਕਾਂਕ ਆਪਣੇ ਉੱਚ ਪੱਧਰ ਤੋਂ 20 ਫੀਸਦੀ ਡਿੱਗਣ ਤੋਂ ਬਾਅਦ ਇੰਟਰਾਡੇ ਵਿੱਚ ਹੀ ਸੰਭਲ ਗਿਆ ਸੀ। ਜੇਕਰ ਐਸ ਐਂਡ ਪੀ ਸੂਚਕਾਂਕ 20 ਫੀਸਦੀ ਤੋਂ ਹੇਠਾਂ ਬੰਦ ਹੁੰਦਾ ਹੈ ਤਾਂ ਇਸ ਨੂੰ ਮੰਦੀ ਦੀ ਸ਼ੁਰੂਆਤ ਮੰਨਿਆ ਜਾ ਸਕਦਾ ਹੈ। ਸੋਮਵਾਰ ਦੇ ਕਾਰੋਬਾਰ ਦੌਰਾਨ ਨਿਊਯਾਰਕ ਸਟਾਕ ਐਕਸਚੇਂਜ ਦੇ ਕਰੀਬ ਸਾਰੇ ਸੈਕਟਰਾਂ ‘ਚ ਗਿਰਾਵਟ ਦੇਖੀ ਗਈ ਅਤੇ ਕਈ ਕੰਪਨੀਆਂ ਦੇ ਸ਼ੇਅਰ 8 ਫੀਸਦੀ ਤੱਕ ਡਿੱਗ ਗਏ।
ਇਸ ਦੌਰਾਨ ਨਾਸਾਦਾਕ ਨੇ ਆਪਣੇ 52 ਹਫਤੇ ਦੇ ਹੇਠਲੇ ਪੱਧਰ ਨੂੰ ਤੋੜ ਦਿੱਤਾ ਤੇ ਨਵੰਬਰ 2020 ਤੋਂ ਬਾਅਦ ਹੁਣ ਤੱਕ ਦੇ ਆਪਣੇ ਹੇਠਲੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਬਾਜ਼ਾਰ ‘ਚ ਗਿਰਾਵਟ ਵਿਚਾਲੇ 2 ਸਾਲ ਦੇ ਬਾਂਡ ਦੀ ਉਪਜ 17 ਬੇਸਿਸ ਪੁਆਇੰਟ ਵਧ ਕੇ 3.22 ਫੀਸਦੀ ਤੱਕ ਪਹੁੰਚ ਗਈ ਹੈ, ਜੋ ਕਿ 2007 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।
ਯੂਰਪੀ ਬਾਜ਼ਾਰਾਂ ‘ਚ ਵੀ ਭਾਰੀ ਗਿਰਾਵਟ
ਖ਼ਬਰ ਲਿਖੇ ਜਾਣ ਤੱਕ ਯੂਰਪ ਦੇ ਬਾਜ਼ਾਰਾਂ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਯੂਰਪ ਦੇ ਸ਼ੇਅਰ ਬਾਜ਼ਾਰ ਕਰੀਬ ਢਾਈ ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ। ਜਰਮਨ ਦੇ ਸਟਾਕ ਐਕਸਚੇਂਜ ਦੇ ਇੰਡੈਕਸ ਡੀਏਐਕਸ ‘ਚ 2.43 ਫੀਸਦੀ ਦੀ ਗਿਰਾਵਟ ਦੇਖੀ ਗਈ ਤੇ ਇਹ 334.8 ਅੰਕ ਡਿੱਗ ਕੇ 13427.03 ‘ਤੇ ਬੰਦ ਹੋਇਆ, ਜਦਕਿ ਲੰਡਨ ਸਟਾਕ ਐਕਸਚੇਂਜ ਦਾ ਸੂਚਕਾਂਕ ਐਫਟੀਐਸਈ ‘ਚ 1.53 ਫੀਸਦੀ ਦੀ ਗਿਰਾਵਟ ਦੇਖੀ ਗਈ ਤੇ ਇਹ 111.71 ਅੰਕ ਡਿੱਗ ਕੇ 7205.81 ‘ਤੇ ਬੰਦ ਹੋਇਆ। ਇਸੇ ਤਰ੍ਹਾਂ, ਫਰਾਂਸ ਵਿੱਚ ਸਟਾਕ ਐਕਸਚੇਂਜ ਦੇ ਸੂਚਕਾਂਕ ਸੀ.ਏ.ਸੀ. ‘ਚ ਵੀ 2.67 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ 164.9 ਅੰਕਾਂ ਦੀ ਗਿਰਾਵਟ ਨਾਲ 6022.32 ‘ਤੇ ਬੰਦ ਹੋਇਆ।
ਬਿਟਕੁਆਇਨ ‘ਚ 17 ਫੀਸਦੀ ਦੀ ਗਿਰਾਵਟ, ਕੀਮਤ 23 ਹਜ਼ਾਰ ਡਾਲਰ ਤੋਂ ਹੇਠਾਂ
ਸਟਾਕ ਮਾਰਕੀਟ ‘ਚ ਭਾਰੀ ਲਿਫਟਿੰਗ ਵਿਚਾਲੇ ਸਭ ਤੋਂ ਵੱਧ ਮਾਰ ਕ੍ਰਿਪਟੋ ਕਰੰਸੀ ‘ਤੇ ਪਈ ਹੈ। ਸੋਮਵਾਰ ਰਾਤ 9.30 ਵਜੇ ਬਿਟਕੁਆਇਨ ਦੀ ਕੀਮਤ 23000 ਡਾਲਰ ਪ੍ਰਤੀ ਬਿਟਕੁਇਨ ਤੋਂ ਹੇਠਾਂ ਆ ਗਈ ਤੇ ਇਹ 22812 ਡਾਲਰ ਪ੍ਰਤੀ ਬਿਟਕੁਇਨ ਤੱਕ ਪਹੁੰਚ ਗਈ। ਦਸੰਬਰ 2020 ਤੋਂ ਬਾਅਦ ਬਿਟਕੁਇਨ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ। ਬਿਟਕੁਇਨ ‘ਚ 16 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖੀ ਗਈ, ਜਦੋਂ ਕਿ ਈਥਰਿਅਮ ‘ਚ ਵੀ ਲਗਭਗ 18 ਫੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਇਸ ਦੀ ਕੀਮਤ 1186 ਡਾਲਰ ਪ੍ਰਤੀ ਈਥਰਿਅਮ ਤੱਕ ਪਹੁੰਚ ਗਈ। ਐਕਸਆਰਪੀ ਵੀ 12 ਫੀਸਦੀ ਡਿੱਗ ਗਿਆ ਅਤੇ ਇਸ ਦੀ ਕੀਮਤ ਪ੍ਰਤੀ ਸਿੱਕਾ 0.30 ਡਾਲਰ ਤੱਕ ਪਹੁੰਚ ਗਈ। ਬਾਂਡ ਬਾਜ਼ਾਰ ‘ਚ ਆਕਰਸ਼ਕ ਰਿਟਰਨ ਦੇ ਕਾਰਨ ਨਿਵੇਸ਼ਕ ਸਟਾਕ ਮਾਰਕੀਟ ਤੋਂ ਪੈਸਾ ਕਢਵਾ ਕੇ ਇੱਥੇ ਨਿਵੇਸ਼ ਕਰ ਰਹੇ ਹਨ, ਜਿਸ ਕਾਰਨ ਸ਼ੇਅਰ ਬਾਜ਼ਾਰ ‘ਚ ਦਬਾਅ ਦੇਖਣ ਨੂੰ ਮਿਲ ਰਿਹਾ ਹੈ।

Comment here