ਅਪਰਾਧਸਿਆਸਤਖਬਰਾਂਦੁਨੀਆ

ਅਮਰੀਕਾ ਚ ਰਹਿੰਦੇ ਅਫਗਾਨੀ ਬਾਇਡਨ ਨਾਲ ਨਰਾਜ਼, ਰੋਸ ਮੁਜਾ਼ਹਰੇ ਕਰਨ ਲੱਗੇ

ਵਾਸ਼ਿੰਗਟਨ- ਅਮਰੀਕੀ ਫੌਜਾਂ ਦੀ ਵਾਪਸੀ ਮਗਰੋਂ ਤਾਲਿਬਾਨਾਂ ਨੇ ਹਥਿਆਰਾਂ ਦੇ ਬਲ ਨਾਲ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਹੈ, ਇਸ ਮਗਰੋਂ ਅਮਰੀਕਾ ਨੂੰ ਨੁਕਤਾਚੀਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਦੋਸ਼ ਲਾਏ ਜਾ ਰਹੇ ਹਨ ਕਿ ਅਮਰੀਕਾ ਦਾ ਫੌਜ ਵਾਪਸੀ ਵਾਲਾ ਫੈਸਲਾ ਸਹੀ ਸਮੇਂ ਤੇ ਨਹੀਂ ਲਿਆ ਗਿਆ, ਵਿਦੇਸ਼ਾਂ ਚ ਵਸਦੇ ਅਫਗਾਨੀ ਲੋਕਾਂ ਚ ਜੋਅ ਬਾਇਡੇਨ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ। ਅਸਲ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਦੋਂ ਐਲਾਨ ਕੀਤਾ ਸੀ ਕਿ ਅਮਰੀਕੀ ਸੈਨਾ ਅਫਗਾਨਿਸਤਾਨ ਛੱਡ ਦੇਵੇਗੀ, ਉਸ ਦੇ ਬਾਅਦ ਤੋਂ ਤਾਲਿਬਾਨ ਦਾ ਦਬਦਬਾ ਵੱਧਣਾ ਸ਼ੁਰੂ ਹੋ ਗਿਆ ਸੀ ਅਤੇ ਹੁਣ ਪੂਰਾ ਅਫਗਾਨਿਸਤਾਨ ਉਸ ਦੇ ਕਬਜ਼ੇ ਵਿਚ ਹੈ। ਅਮਰੀਕਾ ਨੇ ਐਲਾਨ ਕੀਤਾ ਸੀ ਕਿ 11 ਸਤੰਬਰ ਤੱਕ ਅਮਰੀਕੀ ਸੈਨਾ ਅਫਗਾਨਿਸਤਾਨ ਛੱਡ ਦੇਵੇਗੀ। ਕਰੀਬ 90 ਫੀਸਦੀ ਤੋਂ ਵੱਧ ਅਮਰੀਕੀ ਸੈਨਿਕ ਅਫਗਾਨਿਸਤਾਨ ਛੱਡ ਚੁੱਕੇ ਹਨ। ਇਹੀ ਕਾਰਨ ਹੈ ਕਿ ਤਾਲਿਬਾਨ ਲੜਾਕਿਆਂ ਲਈ ਅਫਗਾਨੀ ਸੈਨਾ ਨੂੰ ਹਰਾਉਣ ਵਿਚ ਕੋਈ ਮੁਸ਼ਕਲ ਨਹੀਂ ਹੋਈ। ਹੁਣ ਜਦੋਂ ਤਾਲਿਬਾਨ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਾ ਹੈ ਉਦੋਂ ਅਮਰੀਕਾ ਨੇ ਆਪਣੇ ਡਿਪਲੋਮੈਟਾਂ ਅਤੇ ਲੋਕਾਂ ਨੂੰ ਕੱਢਣ ਲਈ ਹੈਲੀਕਾਪਟਰ, ਵਿਸ਼ੇਸ਼ ਜਹਾਜ਼ਾਂ ਦਾ ਪ੍ਰਬੰਧ ਕੀਤਾ ਹੈ। ਕਾਬੁਲ ਹਵਾਈ ਅੱਡੇ ‘ਤੇ ਵੀ 6000 ਅਮਰੀਕੀ ਫ਼ੌਜੀ ਤਾਇਨਾਤ ਹਨ ਜੋ ਨਾਗਰਿਕਾਂ ਨੂੰ ਸੁਰੱਖਿਅਤ ਨਿਕਲਣ ਵਿਚ ਮਦਦ ਕਰਨਗੇ। ਪਰ ਓਥੇ ਆਮ ਲੋਕਾਂ ਦੀ ਮੰਦੀ ਹਾਲਤ ਦੀਆਂ ਖਬਰਾਂ ਆ ਰਹੀਆਂ ਹਨ, ਜੋ ਬੇਚੈਨ ਕਰਨ ਵਾਲੀਆਂ ਹਨ। ਜਿਸ ਤੋਂ ਵਿਦੇਸ਼ਾਂ ਚ ਵਸਦੇ ਅਫਾਗਨ ਨਾਗਰਿਕ ਵੀ ਖੌਫਜ਼ਦਾ ਤੇ ਗੁੱਸੇ ਵਿੱਚ ਹਨ। ਵਾਸ਼ਿੰਗਟਨ ਵਿਚ ਰਹਿਣ ਵਾਲੇ ਅਫਗਾਨੀ ਲੋਕਾਂ ਨੇ ਵ੍ਹਾਈਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਬਾਈਡੇਨ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਜਤਾਇਆ ਕਿ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਲਈ ਬਾਈਡੇਨ ਜ਼ਿੰਮੇਵਾਰ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 20 ਸਾਲ ਮਗਰੋਂ ਅਸੀਂ ਇਕ ਵਾਰ ਫਿਰ 2000 ਵਾਲੀ ਸਥਿਤੀ ਵਿਚ ਆ ਗਏ ਹਾਂ।  ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਜੇਕਰ ਤਾਲਿਬਾਨ ਟੇਕਓਵਰ ਕਰਦਾ ਹੈ ਤਾਂ ਹਜ਼ਾਰਾਂ ਓਸਾਮਾ ਬਿਨ ਲਾਦੇਨ ਪੈਦਾ ਹੋਣਗੇ। ਤਾਲਿਬਾਨੀ ਲੋਕ ਪਾਕਿਸਤਾਨ ਨਾਲ ਮਿਲ ਜਾਣਗੇ ਅਤੇ ਤਬਾਹੀ ਮਚਾਉਣਗੇ। ਇਕ ਪ੍ਰਦਰਸ਼ਨਕਾਰੀ ਬੀਬੀ ਨੇ ਕਿਹਾ ਕਿ ਤਾਲਿਬਾਨੀ ਲੋਕ ਬੀਬੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਅਸਲ ਵਿਚ ਹਰ ਕੋਈ ਨਿਸ਼ਾਨੇ ‘ਤੇ ਹੈ। ਪ੍ਰਦਰਸ਼ਨਕਾਰੀ ਅਮਰੀਕੀ ਫੌਜਾਂ ਦੀ ਵਾਪਸੀ ਦੇ ਫੈਸਲੇ ਨੂੰ ਹਾਲਾਤਾਂ ਤੇ ਢੁਕਵਾਂ ਨਹੀਂ ਮੰਨ ਰਹੇ।

Comment here