ਸਿਆਸਤਖਬਰਾਂਦੁਨੀਆ

ਅਮਰੀਕਾ ’ਚ ਪ੍ਰਵਾਸੀ ਭਾਰਤੀ ਸਭ ਤੋਂ ਵੱਧ ਖੁਸ਼ਹਾਲ

ਭਾਰਤੀ ਮੂਲ ਦੇ ਲਗਭਗ 2 ਕਰੋੜ ਲੋਕ ਇਸ ਸਮੇਂ ਵਿਦੇਸ਼ਾਂ ’ਚ ਫੈਲੇ ਹੋਏ ਹਨ। ਲਗਭਗ ਇਕ ਦਰਜਨ ਦੇਸ਼ ਅਜਿਹੇ ਹਨ ਜਿਨ੍ਹਾਂ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਆਦਿ ਭਾਰਤੀ ਮੂਲ ਦੇ ਹਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤਾਂ ਇਸ ਦੀ ਤਾਜ਼ਾ ਉਦਾਹਰਣ ਹਨ। ਭਾਰਤੀ ਲੋਕ ਜਿਸ ਦੇਸ਼ ’ਚ ਵੀ ਜਾ ਵੱਸੇ ਹਨ ਉਹ ਉਸ ਦੇਸ਼ ਦੇ ਹਰ ਖੇਤਰ ’ਚ ਸਰਵਉੱਚ ਥਾਵਾਂ ਤੱਕ ਪਹੁੰਚ ਗਏ ਹਨ।
ਇਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਮਹਾਸ਼ਕਤੀ ਅਤੇ ਮਹਾਸੰਪੰਨ ਦੇਸ਼ ਅਮਰੀਕਾ ਹੈ। ਅਮਰੀਕਾ ’ਚ ਇਸ ਸਮੇਂ 50 ਲੱਖ ਲੋਕ ਭਾਰਤੀ ਮੂਲ ਦੇ ਹਨ। ਦੁਨੀਆ ਦੇ ਕਿਸੇ ਦੇਸ਼ ’ਚ ਇੰਨੀ ਵੱਡੀ ਗਿਣਤੀ ’ਚ ਜਾ ਕੇ ਭਾਰਤੀ ਲੋਕ ਨਹੀਂ ਵੱਸੇ ਹਨ। ਇਸ ਕਾਰਨ ਭਾਰਤ ਤੋਂ ਹੁਨਰ ਦੀ ਹਿਜਰਤ ਜ਼ਰੂਰ ਹੋਈ ਹੈ ਪਰ ਅਮਰੀਕਾ ਦੇ ਇਹ ਭਾਰਤੀ ਮੂਲ ਦੇ ਨਾਗਰਿਕ ਸਭ ਤੋਂ ਵੱਧ ਖੁਸ਼ਹਾਲ, ਪੜ੍ਹੇ ਲਿਖੇ ਅਤੇ ਸੁਖੀ ਹਨ, ਅਜਿਹਾ ਕਈ ਸਰਵੇਖਣਾਂ ਨੇ ਸਿੱਧ ਕਰ ਦਿੱਤਾ ਹੈ। ਜੇ ਅਮਰੀਕਾ ’ਚ 200 ਸਾਲ ਪਹਿਲਾਂ ਤੋਂ ਭਾਰਤੀ ਵੱਸਣੇ ਸ਼ੁਰੂ ਹੋ ਜਾਂਦੇ ਤਾਂ ਸ਼ਾਇਦ ਅਮਰੀਕਾ ਵੀ ਮਾਰੀਸ਼ਸ, ਸੂਰੀਨਾਮ ਵਗੈਰਾ ਵਾਂਗ ਭਾਰਤ ਵਰਗਾ ਦੇਸ਼ ਬਣ ਜਾਂਦਾ ਪਰ ਭਾਰਤੀਆਂ ਦੀ ਇਮੀਗ੍ਰੇਸ਼ਨ 1965 ’ਚ ਸ਼ੁਰੂ ਹੋਈ। ਇਸ ਸਮੇਂ ਮੈਕਸੀਕੋ ਤੋਂ ਬਾਅਦ ਉਹ ਦੂਜਾ ਦੇਸ਼ ਹੈ ਜਿਸ ਦੇ ਸਭ ਤੋਂ ਵੱਧ ਲੋਕ ਜਾ ਕੇ ਅਮਰੀਕਾ ’ਚ ਵੱਸਦੇ ਹਨ।
ਮੈਕਸੀਕੋ ਤਾਂ ਅਮਰੀਕਾ ਦਾ ਗੁਆਂਢੀ ਦੇਸ਼ ਹੈ ਪਰ ਭਾਰਤ ਉਸ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੈ। ਭਾਰਤ ਦੇ ਪ੍ਰਵਾਸੀ ਅਕਸਰ ਉਤਸ਼ਾਹੀ ਨੌਜਵਾਨ ਹੀ ਹੁੰਦੇ ਹਨ ਜੋ ਉੱਥੇ ਪੜ੍ਹਨ ਲਈ ਜਾਂਦੇ ਹਨ। ਉਹ ਜਾਂ ਤਾਂ ਉੱਥੇ ਰਹਿ ਜਾਂਦੇ ਹਨ ਜਾਂ ਫਿਰ ਇੱਥੋਂ ਦੇ ਕਈ ਪੜ੍ਹੇ-ਲਿਖੇ ਲੋਕ ਵਧੀਆ ਨੌਕਰੀਆਂ ਦੀ ਭਾਲ ’ਚ ਅਮਰੀਕਾ ਜਾ ਵੱਸਦੇ ਹਨ।
ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਉੱਥੇ ਵੱਸਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਬਾਵਜੂਦ ਪ੍ਰਵਾਸੀਆਂ ਦੀ ਔਸਤ ਉਮਰ 41 ਸਾਲ ਹੈ ਜਦੋਂ ਕਿ ਹੋਰਨਾਂ ਦੇਸ਼ਾਂ ਦੇ ਪ੍ਰਵਾਸੀਆਂ ਦੀ 47 ਸਾਲ ਹੈ। ਭਾਰਤ ਦੇ ਕੁਲ ਪ੍ਰਵਾਸੀਆਂ ’ਚੋਂ 80 ਫੀਸਦੀ ਲੋਕ ਕੰਮ ਕਰਦੇ ਹਨ। ਹੋਰ ਵਿਦੇਸ਼ੀ ਪ੍ਰਵਾਸੀਆਂ ’ਚੋਂ 15 ਫੀਸਦੀ ਹੀ ਪੜ੍ਹੇ-ਲਿਖੇ ਹੁੰਦੇ ਹਨ। ਭਾਰਤ ਦੇ 50 ਫੀਸਦੀ ਤੋਂ ਵੱਧ ਲੋਕ ਗ੍ਰੈਜੂਏਟ ਪੱਧਰ ਤੱਕ ਪੜ੍ਹੇ ਹੋਏ ਹੁੰਦੇ ਹਨ।
ਭਾਰਤੀ ਮੂਲ ਦੇ ਲੋਕਾਂ ਦੀ ਔਸਤ ਪ੍ਰਤੀ ਵਿਅਕਤੀ ਆਮਦਨ ਡੇਢ ਲੱਖ ਡਾਲਰ ਸਾਲਾਨਾ ਹੁੰਦੀ ਹੈ। ਔਸਤ ਅਮਰੀਕੀਆਂ ਤੇ ਹੋਰਨਾਂ ਪ੍ਰਵਾਸੀਆਂ ਦੀ ਇਹ ਅੱਧੀ ਤੋਂ ਵੀ ਘੱਟ ਭਾਵ 70 ਹਜ਼ਾਰ ਡਾਲਰ ਹੁੰਦੀ ਹੈ। ਭਾਰਤੀ ਲੋਕਾਂ ਨੂੰ ਤੁਸੀਂ ਅੱਜ ਦੇ ਦਿਨ ਅਮਰੀਕਾ ਦੇ ਹਰ ਸੂਬੇ ਅਤੇ ਸ਼ਹਿਰ ’ਚ ਵੇਖ ਸਕਦੇ ਹੋ। ਅੱਜ ਤੋਂ ਲਗਭਗ 50-55 ਸਾਲ ਪਹਿਲਾਂ ਜਦੋਂ ਮੈਂ ਨਿਊਯਾਰਕ ਦੀਆਂ ਸੜਕਾਂ ’ਤੇ ਘੁੰਮਦਾ ਸੀ ਤਾਂ ਕਦੇ-ਕਦਾਈਂ ਕੋਈ ਭਾਰਤੀ ‘ਟਾਈਮਸ ਸਕੁਏਅਰ’ ਵਿਖੇ ਨਜ਼ਰ ਆਉਂਦਾ ਸੀ ਪਰ ਹੁਣ ਹਰ ਵੱਡੇ ਸ਼ਹਿਰ ਅਤੇ ਸੂਬੇ ’ਚ ਭਾਰਤੀ ਰੈਸਟੋਰੈਂਟਾਂ ’ਚ ਭੀੜ ਲੱਗੀ ਰਹਿੰਦੀ ਹੈ। ਯੂਨੀਵਰਸਿਟੀਆਂ ’ਚ ਭਾਰਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਭਰਮਾਰ ਹੈ। ਅਮਰੀਕਾ ਦੀਆਂ ਕਈ ਕੰਪਨੀਆਂ ਅਤੇ ਸਰਕਾਰੀ ਵਿਭਾਗਾਂ ਦੇ ਚੋਟੀ ਦੇ ਅਧਿਕਾਰੀ ਭਾਰਤੀ ਮੂਲ ਦੇ ਲੋਕ ਹਨ। ਕੋਈ ਹੈਰਾਨੀ ਨਹੀਂ ਹੈ ਕਿ ਅੱਜ ਤੋਂ 24 ਸਾਲ ਪਹਿਲਾਂ ਜੋ ਮੈਂ ਲਿਖਿਆ ਸੀ ਉਹ ਵੀ ਜਲਦੀ ਹੋ ਜਾਵੇ। ਬਰਤਾਨੀਆ ਵਾਂਗ ਅਮਰੀਕਾ ਦਾ ਰਾਜ ਵੀ ਕਿਸੇ ਭਾਰਤੀ ਮੂਲ ਦੇ ਵਿਅਕਤੀ ਦੇ ਹੱਥਾਂ ’ਚ ਹੀ ਹੋਵੇ।

-ਡਾ. ਵੇਦਪ੍ਰਤਾਪ ਵੈਦਿਕ

Comment here