ਦੁਨੀਆ

ਅਫਗਾਨਿਸਤਾਨ ਦੀ ਇੱਕ ਤਿਹਾਈ ਅਬਾਦੀ ਕੁਪੋਸ਼ਣ ਦਾ ਸ਼ਿਕਾਰ

ਯੂ ਐਨ ਨੇ ਮਦਦ ਦੀ ਲਾਈ ਗੁਹਾਰ

ਕਾਬੁਲ- ਤਾਲਿਬਾਨਾਂ ਦੀ ਹਿੰਸਾ ਦਾ ਸ਼ਿਕਾਰ ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੀ ਮਾਨਵੀ ਸੇਵਾ ਦੇ ਮੁਖੀ ਨੇ ਤਾਲਿਬਾਨ ਦੇ ਹਮਲੇ ਦੇ ਪ੍ਰਭਾਵ ਨਾਲ ਸਿੱਝਣ, ਦੇਸ਼ ਦੀ ਇੱਕ ਤਿਹਾਈ ਅਬਾਦੀ ਨੂੰ ਕੁਪੋਸ਼ਣ ਤੋਂ ਬਚਾਉਣ, ਸੋਕੇ ਦੇ ਗੰਭੀਰ ਹਾਲਾਤਾਂ ਦੇ ਲਿਹਾਜ਼ ਨਾਲ ਤੇ ਇਸ ਸਾਲ ਸਵਦੇਸ਼ ਆਏ 6,27,000 ਅਫਗਾਨੀਆਂ, ਜਿਹਨਾਂ ਚ ਵਧੇਰੇ ਈਰਾਨ ਤੋਂ ਪਰਤੇ ਹਨ, ਅਜਿਹੇ ਲੋਕਾਂ ਦੀ ਮਦਦ ਲਈ 85 ਕਰੋੜ ਡਾਲਰ ਦੀ ਮਦਦ ਦੀ ਅਪੀਲ ਕੀਤੀ ਹੈ। ਰਮੀਜ਼ ਅਲਕਬਰੋਵ ਨੇ ਕਾਬੁਲ ਚ ਸੰਯੁਕਤ ਰਾਸ਼ਟਰ ਮੁੱਖ ਸਕਤਰੇਤ ਵਿੱਚ ਪੱਤਰਕਾਰਾਂ ਨੂੰ ਦਸਿਆ ਕਿ ਘਟੋ ਘਟ ਅੱਠ ਕਰੋੜ ਅਫਗਾਨਾਂ ਨੂੰ ਮਦਦ ਦੀ ਲੋੜ ਹੈ ਅਤੇ ਸੰਯੁਕਤ ਰਾਸ਼ਟਰ ਦੀ ਇਹਨਾਂ ਵਿਚੋਂ 1.57 ਕਰੋੜ ਲੋਕਾਂ ਨੂੰ ਮਦਦ ਦੇਣ ਦੀ ਯੋਜਨਾ ਹੈ। ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੇ 1.3 ਡਾਲਰ ਦੀ ਅਪੀਲ ਕੀਤੀ ਸੀ, ਪਰ ਸਿਰਫ 37 ਫੀਸਦੀ ਰਕਮ ਯਾਨੀ ਕਿ 45 ਕਰੋੜ ਡਾਲਰ ਹੀ ਇਕੱਠੇ ਹੋਏ। ਇਸ ਵਿਚ ਸਭ ਤੋਂ ਵਧ ਯੋਗਦਾਨ ਅਮਰੀਕਾ ਦਾ ਹੈ, ਪਰ ਹਾਲੇ ਵੀ 85 ਕਰੋੜ ਡਾਲਰ ਦੀ ਲੋੜ ਹੈ। ਅਮਰੀਕਾ ਅਤੇ ਨਾਟੋ ਦੇਸ਼ਾਂ ਦੇ ਫੌਜੀਆਂ ਨੇ ਕਰੀਬ ਵੀਹ ਸਾਲਾਂ ਬਾਅਦ ਅਫਗਾਨਿਸਤਾਨ ਤੋਂ ਵਾਪਸੀ ਲਗਭਗ ਪੂਰੀ ਕਰ ਲਈ ਹੈ, ਇਸ ਸਭ ਦੇ ਦਰਮਿਆਨ ਹਾਲ ਹੀ ਦੇ ਕੁਝ ਹਫਤਿਆਂ ਚ ਗੁਆਂਢੀ ਮੁਲਕਾਂ ਈਰਾਨ, ਪਾਕਿਸਤਾਨ, ਉਜ਼ਬੇਕਿਸਤਾਨ ਅਤੇ ਤਜਾਕਿਸਤਾਨ ਨਾਲ ਲਗਦੇ ਕਈ ਜਿਲਿਆਂ ਅਤੇ ਪ੍ਰਮੁਖ ਸਰਹੱਦੀ ਚੌਕੀਆਂ ਉੱਤੇ ਕਬਜਾ ਕਰ ਲਿਆ ਹੈ। ਤਾਲਿਬਾਨਾਂ ਦੇ ਹਮਲੇ ਦਾ ਅਫਗਾਨੀ ਸੁਰੱਖਿਆ ਬਲਾਂ ਅਤੇ ਫੌਜ ਨੇ ਹਥਿਆਰਾਂ ਦੀ ਕਮੀ ਕਾਰਨ ਜਾਂ ਤਾਂ ਜੁਆਬ ਹੀ ਨਹੀਂ ਦਿੱਤਾ ਜਾਂ ਫੇਰ ਨਾ ਮਾਤਰ ਵਿਰੋਧ ਕੀਤਾ। ਅਲਕਬਰੋਵ ਨੇ ਕਿਹਾ ਕਿ ਤਾਲਿਬਾਨੀ ਖਤਰੇ ਦੇ ਨਾਲ ਨਾਲ ਹੋਰ ਵੀ ਕਈ ਸਮੱਸਿਆਵਾਂ ਮੌਜੂਦ ਹਨ, ਜਿਹਨਾਂ ਚੋਂ ਤਿੰਨ ਸਾਲਾਂ ਚ ਸੋਕਾ ਪੈਣ ਨਾਲ ਅਤੇ ਤਾਲਿਬਾਨੀ ਹਮਲੇ ਕਰਕੇ 2,70,000 ਲੋਕ ਪੇਂਡੂ ਖੇਤਰਾਂ ਚ ਆਪਣੇ ਘਰਾਂ ਤੋਂ ਸ਼ਹਿਰੀ ਹਲਕਿਆਂ ਵੱਲ ਪਲਾਇਨ ਕਰ ਗਏ, ਜਿੱਥੇ ਉਹਨਾਂ ਨੂੰ ਖਾਣਾ, ਪਾਣੀ, ਆਸਰਾ ਤੇ ਸਾਫ ਸਫਾਈ ਦੀ ਲੋੜ ਹੈ।

Comment here