ਬੈਂਕਾਕ-ਥਾਈ ਫ਼ੌਜ ਦੇ ਇਕ ਮਿਲਟਰੀ ਅਧਿਕਾਰੀ ਨੇ ਦੱਸਿਆ ਕਿ ਮਿਆਂਮਾਰ ਦੀ ਫ਼ੌਜ ਅਤੇ ਨਸਲੀ ਸਮੂਹ ਗੁਰੀਲਾ ਲੜਾਕਿਆਂ ਵਿਚਾਲੇ ਲੜਾਈ ਜਾਰੀ ਰਹਿਣ ਕਾਰਨ ਲਗਭਗ 2500 ਪਿੰਡ ਵਾਸੀ ਮਿਆਂਮਾਰ ਛੱਡ ਕੇ ਥਾਈਲੈਂਡ ਦੀ ਸਰਹੱਦ ਵਿਚ ਦਾਖਲ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਤੋਂ ਬਾਅਦ ਮਿਆਂਮਾਰ ਤੋਂ ਥਾਈਲੈਂਡ ਜਾਣ ਵਾਲੇ ਲੋਕਾਂ ਦਾ ਇਹ ਸਭ ਤੋਂ ਵੱਡਾ ਪਰਵਾਸ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਜਦੋਂ ਮਿਆਂਮਾਰ ਦੀ ਫ਼ੌਜ ਨੇ ਘੱਟ ਗਿਣਤੀ ਕੈਰੇਨ ਨਸਲੀ ਸਮੂਹ ਦੇ ਖੇਤਰਾਂ ਵਿੱਚ ਹਵਾਈ ਹਮਲੇ ਕੀਤੇ ਤਾਂ ਹਜ਼ਾਰਾਂ ਪਿੰਡ ਵਾਸੀ ਥਾਈਲੈਂਡ ਦੀ ਸਰਹੱਦ ਪਾਰ ਕਰ ਗਏ ਸਨ। ਹਾਲਾਂਕਿ, ਉਹ ਕੁਝ ਦਿਨ ਥਾਈਲੈਂਡ ਵਿਚ ਰਹਿਣ ਤੋਂ ਬਾਅਦ ਵਾਪਸ ਪਰਤ ਆਏ ਸਨ। ਕੈਰੇਨ ਕਈ ਨਸਲੀ ਘੱਟ-ਗਿਣਤੀ ਸਮੂਹਾਂ ਵਿੱਚੋਂ ਇੱਕ ਹੈ ਜੋ ਸਾਲਾਂ ਤੋਂ ਖੁਦਮੁਖਤਿਆਰੀ ਦੀ ਮੰਗ ਨੂੰ ਲੈ ਕੇ ਮਿਆਂਮਾਰ ਦੀ ਕੇਂਦਰੀ ਸਰਕਾਰ ਨਾਲ ਗੁਰੀਲਾ ਯੁੱਧ ਲੜ ਰਹੇ ਹਨ।
ਪੱਛਮੀ ਸਰਹੱਦ ’ਤੇ ਤਾਕ ਸੂਬੇ ’ਚ ਤਾਇਨਾਤ ਥਾਈ ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਤੋਂ ਲੈ ਕੇ ਹੁਣ ਤੱਕ ਲਗਭਗ 2,500 ਪਿੰਡ ਵਾਸੀ ਮੋਈ ਨਦੀ ਨੂੰ ਪਾਰ ਕਰ ਚੁੱਕੇ ਹਨ, ਜੋ ਦੋਹਾਂ ਦੇਸ਼ਾਂ ਦੀ ਸਰਹੱਦ ਨਾਲ ਲੱਗਦੀ ਹੈ ਅਤੇ ਸ਼ਰਨ ਲਈ ਥਾਈਲੈਂਡ ਦੇ ਮਾਈ ਸੋਤ ਜ਼ਿਲ੍ਹੇ ’ਚ ਆ ਗਏ ਹਨ। ਪਛਾਣ ਨੂੰ ਗੁਪਤ ਰੱਖਦੇ ਹੋਏ ਅਧਿਕਾਰੀ ਨੇ ਕਿਹਾ ਕਿ ਜ਼ਿਆਦਾਤਰ ਸੈਲਾਨੀ ਔਰਤਾਂ ਅਤੇ ਬੱਚੇ ਹਨ, ਜਿਨ੍ਹਾਂ ਨੂੰ ਮਨੁੱਖੀ ਆਧਾਰ ’ਤੇ ਰਿਹਾਇਸ਼, ਭੋਜਨ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦਾ ਕੋਵਿਡ-19 ਲਈ ਟੈਸਟ ਕੀਤਾ ਜਾ ਰਿਹਾ ਹੈ।
Comment here