ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਇਹ ਇੱਕ ਫੁੱਲ ਵਾਂਗ ਹੈ ਜਿਸ ਦੀ ਖੂਬਸੂਰਤੀ ਬੇਮਿਸਾਲ ਹੈ।ਫੁੱਲਾਂ ਵਾਂਗ ਹੀ ਇਹ ਪਹਿਲਾਂ ਕਲੀ ਦੇ ਰੂਪ ਵਿੱਚ ਬਚਪਨ ਵਿੱਚ ਬੀਤਦੀ ਹੈ।ਭਰ ਜੋਬਨ ਤੇ ਫੁੱਲ ਵਾਂਗ ਇਹ ਜਵਾਨੀ ਵਿੱਚ ਹੁੰਦੀ ਹੈ।ਜਦੋਂ ਫੁੱਲ ਤੇ ਪੱਤੇ ਕਿਰਨ ਲੱਗਦੇ ਹਨ ਤਾਂ ਇਹ ਬੁਢਾਪੇ ਵਰਗੀ ਹੋ ਜਾਂਦੀ ਹੈ।ਇਸ ਦੇ ਹਰ ਰੂਪ ਦਾ ਆਪਣਾ ਹੀ ਰੰਗ ਹੈ।
ਜ਼ਿੰਦਗੀ ਦੀ ਖ਼ੂਬਸੂਰਤੀ ਉਸ ਨੂੰ ਜੀਣ ਦੇ ਅੰਦਾਜ਼ ਵਿੱਚ ਹੈ।ਨਜ਼ਰੀਆ ਹੈ ਜੋ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਂਦਾ ਹੈ।ਜੋ ਜ਼ਿੰਦਗੀ ਦੇ ਸਕਾਰਾਤਮਕ ਪੱਖ ਵੱਲ ਦੇਖਦੇ ਹਨ ਉਨ੍ਹਾਂ ਨੂੰ ਇਹ ਪ੍ਰਮਾਤਮਾ ਦੀ ਵੱਡਮੁੱਲੀ ਦੇਣ ਲੱਗਦੀ ਹੈ।ਜੋ ਇਸ ਦੇ ਨਕਾਰਾਤਮਕ ਪੱਖਾਂ ਵੱਲ ਦੇਖਦੇ ਹਨ ਉਹ ਆਪਣੀ ਕਿਸਮਤ ਨੂੰ ਕੋਸਦੇ ਹੀ ਰਹਿੰਦੇ ਹਨ।
ਇੱਕ ਫੁੱਲ ਕਲੀ ਤੋਂ ਵਧ ਕੇ ਖਿੜਦਾ ਹੈ ਕੁਝ ਦਿਨ ਲਈ ਆਪਣੀ ਮਹਿਕ ਖਿਲਾਰਦਾ ਹੈ ਫਿਰ ਮੁਰਝਾ ਜਾਂਦਾ ਹੈ ਅਤੇ ਨਵੇਂ ਫੁੱਲ ਲਈ ਥਾਂ ਛੱਡ ਦਿੰਦਾ ਹੈ ਇਸੇ ਤਰ੍ਹਾਂ ਹੀ ਜ਼ਿੰਦਗੀ ਹੈ।ਬਚਪਨ ਵਿੱਚ ਊਰਜਾ ਬਹੁਤ ਹੁੰਦੀ ਹੈ।ਸਰੀਰ ਦਾ ਵਾਧਾ ਤੇ ਵਿਕਾਸ ਬੜੀ ਤੇਜ਼ੀ ਨਾਲ ਹੁੰਦਾ ਹੈ।ਜਵਾਨੀ ਅੱਥਰੀ ਹੋਈ ਹੁੰਦੀ ਹੈ।ਇਸ ਵਿੱਚ ਆਪਣਾ ਹੀ ਜ਼ੋਰ ਹੁੰਦਾ ਹੈ।ਜ਼ਿੰਦਗੀ ਦੇ ਸਿਖਰ ਤੋਂ ਬਾਅਦ ਢਲਣਾ ਜ਼ਰੂਰੀ ਹੈ।ਜਵਾਨੀ ਤੋਂ ਬਾਅਦ ਬੁਢਾਪਾ ਆਉਂਦਾ ਹੈ। ਮਨੁੱਖ ਫੁੱਲ ਵਾਂਗੂੰ ਮੁਰਝਾ ਕੇ ਖ਼ਤਮ ਨਹੀਂ ਹੁੰਦਾ।ਉਹ ਬੁਢਾਪੇ ਵਿਚ ਰਿੜ੍ਹ ਰਿੜ੍ਹ ਕੇ ਆਪਣੀ ਜਵਾਨੀ ਨੂੰ ਯਾਦ ਕਰ ਕਰ ਕੇ ਖ਼ਤਮ ਹੁੰਦਾ ਹੈ।
ਕਿਸੇ ਸ਼ਾਇਰ ਨੇ ਖ਼ੂਬ ਕਿਹਾ ਹੈ
ਦੁਨੀਆਂ ਅਜੀਬ ਸ਼ੈਅ ਫਾਨੀ ਦੇਖੀ
ਹਰ ਚੀਜ਼ ਯਹਾਂ ਕੀ ਆਨੀ ਜਾਨੀ ਦੇਖੀ
ਜੋ ਆ ਕੇ ਨਾ ਜਾਏ ਵੋ ਬੁੜਾਪਾ ਦੇਖਾ
ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ
ਜ਼ਿੰਦਗੀ ਦੀ ਖ਼ੂਬਸੂਰਤੀ ਬੀਤ ਚੁੱਕੇ ਸਮੇਂ ਤੇ ਪਛਤਾਉਣ ਦੀ ਨਹੀਂ।ਬੀਤੇ ਪਲਾਂ ਨੂੰ ਯਾਦ ਕਰਕੇ ਦੁਖੀ ਹੋਣ ਦੀ ਨਹੀਂ ਸਗੋਂ ਹਰ ਪਲ ਨੂੰ ਰੱਜ ਕੇ ਜਿਉਣ ਵਿੱਚ ਹੈ।
ਇਹ ਆਨੰਦ ਦੀ ਇੱਕ ਅਵਸਥਾ ਹੈ।ਹਰ ਪਲ ਨੂੰ ਇੰਝ ਜੀਣਾ ਚਾਹੀਦਾ ਹੈ ਕਿ ਬੱਸ ਇਸੇ ਵਿੱਚ ਗੁਆਚ ਜਾਏ।ਬੀਤਿਆ ਪਲ ਕਦੀ ਵਾਪਸ ਨਹੀਂ ਆਉਂਦਾ।ਇਹ ਸਾਡੀ ਜ਼ਿੰਦਗੀ ਦੀ ਖਾਸੀਅਤ ਹੈ।ਇਸ ਨੇ ਅਗਾਂਹ ਵਧਦੇ ਜਾਣਾ ਹੈ।ਪਿੱਛੇ ਮੁੜਕੇ ਦੇਖਣ ਦਾ ਕੋਈ ਫ਼ਾਇਦਾ ਨਹੀਂ।ਹਰ ਲਮਹਾ ਸਾਡੇ ਲਈ ਕੁਝ ਨਵਾਂ ਸਿਰਜਦਾ ਹੈ।ਸਾਰੀ ਕੁਦਰਤ ਮਨੁੱਖ ਲਈ ਹੈ।ਆਪਣੀ ਸੂਝ ਬੂਝ ਨਾਲ ਮਨੁੱਖ ਇਸ ਕੁਦਰਤ ਨੂੰ ਭੋਗਦਾ ਵੀ ਹੈ।ਪਰ ਪਤਾ ਨਹੀਂ ਕਿਉਂ ਮਨੁੱਖ ਨੇ ਹੁਣ ਅੱਤ ਕਰ ਦਿੱਤੀ ਹੈ।ਉਹ ਕੁਦਰਤ ਦਾ ਵਿਨਾਸ਼ ਕਰ ਰਿਹਾ ਹੈ।ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਤੂੰ ਸਾਡੀ ਜ਼ਿੰਦਗੀ ਖੁਸ਼ਗਵਾਰ ਨਹੀਂ ਰਹੇਗੀ।ਕੁਦਰਤ ਦੀ ਅਣਹੋਂਦ ਵਿੱਚ ਜ਼ਿੰਦਗੀ ਹੀ ਸੰਭਵ ਨਹੀਂ ਖ਼ੁਸ਼ਗਵਾਰ ਹੋਣਾ ਤਾਂ ਦੂਰ ਦੀ ਗੱਲ ਹੈ।
ਮਨੁੱਖ ਨੂੰ ਲੋੜ ਹੈ ਕੁਦਰਤ ਨਾਲ ਇਕਮਿਕ ਹੋ ਕੇ ਜੀਣ ਦੀ।ਕੁਦਰਤੀ ਵਰਤਾਰੇ ਜ਼ਿੰਦਗੀ ਨੂੰ ਖ਼ੂਬਸੂਰਤੀ ਨਾਲ ਭਰਦੇ ਹਨ।ਚੜ੍ਹਦਾ ਅਤੇ ਡੁਬਦਾ ਸੂਰਜ ਆਪਣੀ ਲਾਲੀ ਅਸਮਾਨ ਵਿੱਚ ਬਿਖੇਰ ਕੇ ਸੁੰਦਰ ਨਜ਼ਾਰਾ ਸਿਰਜਦਾ ਹੈ।ਬਰਸਾਤ ਦਾ ਪਾਣੀ ਵੇਲ ਬੂਟਿਆਂ ਨੂੰ ਨਵੀਂ ਜ਼ਿੰਦਗੀ ਦਿੰਦਾ ਹੈ।ਮਿੱਟੀ ਦੀ ਖੁਸ਼ਬੋ ਮਨ ਨੂੰ ਮੰਤਰ ਮੁਗਧ ਕਰਦੀ ਹੈ। ਪੰਛੀਆਂ ਦਾ ਚਹਿਚਹਾਉਣਾ, ਨਦੀ ਦੇ ਪਾਣੀ ਦੀ ਆਵਾਜ਼,ਹਵਾ ਨਾਲ ਰੁਮਕਦੇ ਪੱਤੇ ਇਹ ਤਾਂ ਪਰਮਾਤਮ ਹਨ।ਜਿਸ ਨੇ ਕੁਦਰਤ ਚੋਂ ਪਰਮਾਤਮਾ ਨੂੰ ਲੱਭ ਲਿਆ ਉਸ ਨੇ ਜ਼ਿੰਦਗੀ ਦਾ ਤੱਤ ਕੱਢ ਲਿਆ।
ਮਨੁੱਖ ਲਈ ਮਨੁੱਖ ਦਾ ਸਾਥ ਦੇਣਾ ਬੜਾ ਜ਼ਰੂਰੀ ਹੈ।ਕਹਿੰਦੇ ਹਨ ਇਕੱਲਾ ਤਾਂ ਰੋਹੀ ਵਿਚ ਰੁੱਖ ਵੀ ਨਾ ਹੋਵੇ।ਵੇਲ ਬੂਟੇ ਵੀ ਸਾਥ ਮੰਗਦੇ ਹਨ।ਪੰਛੀ ਡਾਰਾਂ ਬਣਾ ਕੇ ਉੜਦੇ ਹਨ।ਕੁਦਰਤ ਵਿੱਚ ਸਭ ਰਲ ਮਿਲ ਕੇ ਰਹਿੰਦੇ ਹਨ।ਸਭ ਦੇ ਅੰਦਰ ਇੱਕੋ ਹੀ ਅੰਸ਼ ਹੈ।ਇਹ ਜ਼ਿੰਦਗੀ ਦੀ ਖੂਬਸੂਰਤੀ ਹੈ।ਇੱਕ ਦੂਜੇ ਦੀ ਸਹਾਇਤਾ ਕਰਨਾ,ਇੱਕ ਦੂਜੇ ਦੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਬਣਾਉਣ ਇਹ ਜ਼ਿੰਦਗੀ ਦਾ ਮੰਤਵ ਹੈ।
ਜ਼ਿੰਦਗੀ ਸਾਥ ਨਾਲ ਖੂਬਸੂਰਤ ਬਣਦੀ ਹੈ ਫਿਰ ਉਹ ਸਾਥ ਬੰਦਿਆਂ ਦਾ ਹੋਵੇ ਜਾਂ ਕੁਦਰਤ ਦਾ।ਜੀਵ ਜੰਤੂਆਂ ਦਾ ਆਪਸ ਵਿੱਚ ਏਕਾ ਤੇ ਇੱਕ ਦੂਜੇ ਦਾ iਖ਼ਆਲ ਰੱਖਣਾ ਜ਼ਿੰਦਗੀ ਨੂੰ ਖ਼ੁਸ਼ਗਵਾਰ ਬਣਾਉਂਦਾ ਹੈ।ਰਲ਼ ਮਿਲ ਕੇ ਇਸ ਜ਼ਿੰਦਗੀ ਨੂੰ ਆਨੰਦਮਈ ਬਣਾਓ।ਇਸ ਜੱਗ ਤੇ ਵਾਰ ਵਾਰ ਨਹੀਂ ਆਉਣਾ।
-ਹਰਪ੍ਰੀਤ ਕੌਰ ਸੰਧੂ
Comment here