ਸਿਆਸਤਖਬਰਾਂਦੁਨੀਆ

ਜ਼ਿਮਨੀ ਚੋਣਾਂ ’ਚ ਬੇਨਿਯਮੀਆਂ , ਚੋਣ ਕਮਿਸ਼ਨ ਇਮਰਾਨ ਸਰਕਾਰ ਤੇ ਨਰਾਜ਼

ਇਸਲਾਮਾਬਾਦ-ਇੱਥੇ ਡਾਸਕਾ ਦੀ ਜ਼ਿਮਨੀ ਚੋਣ ’ਚ ਬੇਨਿਯਮੀਆਂ ਹੋਣ ਕਰਕੇ ਵਿਰੋਧੀ ਧਿਰ ਦੇ ਸਖ਼ਤ ਸ਼ਿੰਕਜ਼ੇ ਦੇ ਵਿਚਾਲੇ ਪਾਕਿਸਤਾਨ ਚੋਣ ਕਮਿਸ਼ਨ ਦੀ ਇਕ ਰਿਪੋਰਟ ਨੇ ਇਮਰਾਨ ਸਰਕਾਰ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਸਤੀਫ਼ਾ ਦੇ ਕੇ ਕਾਨੂੰਨ ਦਾ ਸਾਹਮਣਾ ਕਰਨ ਲਈ ਕਿਹਾ ਹੈ। ਦਰਅਸਲ, ਈ.ਸੀ.ਪੀ. ਦੀ ਰਿਪੋਰਟ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਡਾਸਕਾ ਦੀ ਜ਼ਿਮਨੀ ਚੋਣ ’ਚ ਬੇਨਿਯਮੀਆਂ ਹੋਈਆਂ ਹਨ।
ਰਿਪੋਰਟ ਵਿੱਚ ਇੱਥੋਂ ਤੱਕ ਕਿਹਾ ਗਿਆ ਹੈ ਕਿ ਚੋਣਾਂ ਨਾਲ ਸਬੰਧਤ ਸਮੱਗਰੀ ਅਤੇ ਉੱਥੇ ਮੌਜੂਦ ਪੋਲਿੰਗ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ। ਰਿਪੋਰਟ ਨੇ ਇਸ ਚੋਣ ਵਿੱਚ ਪੁਲਸ ਦੀ ਭੂਮਿਕਾ ’ਤੇ ਵੀ ਸ਼ੰਕ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੀ ਚੋਣ ਪ੍ਰਭਾਵਿਤ ਹੋਈ ਹੈ। ਪਾਕਿਸਤਾਨੀ ਮੀਡੀਆ ਵਿੱਚ ਛਪੀ ਰਿਪੋਰਟ ਅਨੁਸਾਰ ਇਸ ਚੋਣ ਨੂੰ ਸਹੀ ਢੰਗ ਨਾਲ ਕਰਵਾਉਣ ਲਈ ਪੁਲਸ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸ ਨੂੰ ਸਹੀ ਢੰਗ ਨਾਲ ਨਹੀਂ ਨਿਭਾਇਆ ਗਿਆ। ਪੁਲਸ ਦੀ ਇਸ ’ਚ ਜਾਂ ਤਾਂ ਮਿਲੀਭੁਗਤ ਸੀ ਜਾਂ ਕਿਸੇ ਤਰੀਕੇ ਨਾਲ ਉਸ ਨੂੰ ਪ੍ਰਭਾਵਿਤ ਕੀਤਾ ਗਿਆ ਸੀ ਜਾਂ ਉਸ ’ਤੇ ਦਬਾਅ ਪਾ ਕੇ ਉਸ ਤੋਂ ਇਹ ਗਲਤ ਕੰਮ ਕਰਵਾਇਆ ਗਿਆ। ਇਸ ਨਾਲ ਪੂਰੀ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ।
ਇਸ ’ਤੇ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖਾਨ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਈ.ਸੀ.ਪੀ. ਦੀ ਰਿਪੋਰਟ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਰਿਪੋਰਟ ਵਿੱਚ ਈ.ਸੀ.ਪੀ. ਨੇ ਕਿਹਾ ਹੈ ਕਿ ਨੈਸ਼ਨਲ ਅਸੈਂਬਲੀ ਦੀ ਸੀਟ ਨੰਬਰ 75 ਡਸਕਾ ਵਿੱਚ ਚੋਣ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਨ ਨੇ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕੀਤਾ ਅਤੇ ਉਹ ਗ਼ੈਰਕਾਨੂੰਨੀ ਢੰਗ ਨਾਲ ਦੂਜੇ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ। ਈ.ਸੀ.ਪੀ. ਦੀ ਇਹ ਰਿਪੋਰਟ ਬੀਤੇ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਸੀ।

Comment here