ਖਬਰਾਂਖੇਡ ਖਿਡਾਰੀ

ਖ਼ੁਸ਼ਪ੍ਰੀਤ ਕੌਰ ਕਿੱਕ ਬਾਕਸਿੰਗ ਚ ਇਟਲੀ ‘ਵਿਖੇ ਜੌਹਰ ਵਿਖਾਏਗੀ  

ਖੁਸ਼ਪ੍ਰੀਤ ਕੌਰ ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਰਣਸੀਂਹ ਖੁਰਦ ਦੀ ਰਹਿਣ ਵਾਲੀ ਪਿਤਾ ਜਗਸੀਰ ਸਿੰਘ ਦੀ ਲਾਡਲੀ ਖ਼ੁਸ਼ਪ੍ਰੀਤ ਕੌਰ ਹੁਣ ਤੱਕ 23 ਸੋਨ ਤਗਮੇ ਸਟੇਟ ਚੈਂਪੀਅਨਸ਼ਿਪ ‘ਚੋਂ ਅਤੇ 13 ਸੋਨ ਤਗਮੇ ਨੈਸ਼ਨਲ ਚੈਂਪੀਅਨਸਿਪ ‘ਚੋਂ ਜਿੱਤ ਚੁੱਕੀ ਹੈ। 12ਵੀਂ ਦੀ ਵਿਦਿਆਰਥਣ 18 ਸਾਲਾ ਖੁਸ਼ਪ੍ਰੀਤ ਕੌਰ ਨੇ ਕਲਕੱਤਾ ਵਿਖੇ ਹੋਈ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ‘ਚੋਂ ਸੋਨ ਤਗਮਾ ਜਿੱਤ ਕੇ ਇਟਲੀ ‘ਵਿਚ 30 ਸਤੰਬਰ ਤੋਂ 9 ਅਕਤੂਬਰ ਤੱਕ ਹੋਣ ਵਾਲੀ ਵਾਕੋ ਵਰਲਡ ਚਿਲਡਰਨ ਅਤੇ ਜੂਨੀਅਰ ਕਿੱਕ ਬਾਕਸਿੰਗ 2022 ‘ਵਿਚ ਪੂਰੇ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਹਾਸਲ ਕੀਤਾ ਹੈ। ਉਸ ਦੀਆਂ ਲਗਾਤਾਰ ਪ੍ਰਾਪਤੀਆਂ ਸਦਕਾ ਉਸ ਨੂੰ ਸਾਲ 2018-2019 ‘ਚ ਸਪੋਰਟਸ ਅਥਾਰਟੀ ਆਫ਼ ਇੰਡੀਆ ਵਲੋਂ ਵੀ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ ਪਰ ਉਸ ਦੀਆਂ ਪ੍ਰਾਪਤੀਆਂ ਦੇ ਪਿੱਛੇ ਵੱਡਾ ਹੱਥ ਉਸ ਦੇ ਕੋਚ ਪਿਤਾ ਜਗਸੀਰ ਸਿੰਘ ਦਾ ਹੈ, ਜਿਸ ਨੇ ਪਿੰਡ ‘ਚ ਹੀ ਖੁਸ਼ਪ੍ਰੀਤ ਕੌਰ ਨੂੰ ਕਿੱਕ ਬਾਕਸਿੰਗ ‘ਵਿਚ ਤਰਾਸ਼ਿਆ। ਖ਼ੁਸ਼ਪ੍ਰੀਤ ਕੌਰ ਨੂੰ ਪਿਛਲੇ ਦਿਨੀਂ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਵੀ ਸਨਮਾਨਿਤ ਕਰਨ ਦੇ ਨਾਲ ਪੰਜਾਹ ਹਜ਼ਾਰ ਦੀ ਨਕਦ ਰਾਸ਼ੀ ਨਾਲ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਸੀ ਅਤੇ ਪਿੰਡ ਦੇ ਹੀ ਕੁਲਦੀਪ ਸਿੰਘ ਪੁੱਤਰ ਜਗਸੀਰ ਸਿੰਘ ਕੈਨੇਡਾ ਵੀ ਸਮੇਂ-ਸਮੇਂ ਖੁਸ਼ਪ੍ਰੀਤ ਕੌਰ ਦੀ ਆਰਥਿਕ ਮਦਦ ਕਰਦੇ ਰਹਿੰਦੇ ਹਨ ਤਾਂ ਕਿ ਖ਼ੁਸ਼ਪ੍ਰੀਤ ਕੌਰ ਦੀ ਟ੍ਰੇਨਿੰਗ ਵਿਚ ਕੋਈ ਖੜੋਤ ਨਾ ਆਵੇ। ਖ਼ੁਸ਼ਪ੍ਰੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਉਲੰਪਿਕ ‘ਵਿਚ ਸੋਨ ਤਗਮਾ ਜਿੱਤੇ ਅਤੇ ਭਾਰਤ ਦਾ ਨਾਂਅ ਰੌਸ਼ਨ ਕਰੇ।

Comment here