ਸਿਆਸਤਖਬਰਾਂ

ਹੱਲੇ ਗੁੱਲੇ ਨਾਲ ਹੋਇਆ ਪੰਜਾਬ ਵਿਧਾਨ ਸਭਾ ਦਾ ਇਕ ਦਿਨਾ ਵਿਸ਼ੇਸ਼ ਅਜਲਾਸ

ਚੰਡੀਗੜ-ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ  ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਦੇਸ਼ ਦੇ ਸਾਬਕਾ ਚੀਫ ਜਸਟਿਸ ਜੇਐੱਸ ਖੇਹਰ, ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਪੀਕਰ ਰਾਣਾ ਕੇਪੀ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ, ਕੁਰਬਾਨੀ, ਫਲਸਫੇ ਅਤੇ ਬਾਣੀ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਬੁਲਾਰਿਆਂ ਨੇ ਕਿਹਾ ਕਿ ਗੁਰੂ ਜੀ ਨੇ ਧਾਰਮਿਕ ਆਜ਼ਾਦੀ ਲਈ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਭਾਈਚਾਰੇ ਦਾ ਸੰਦੇਸ਼ ਦਿੰਦਿਆਂ ਜ਼ੁਲਮ ਵਿਰੁਧ ਡਟੇ। ਸਾਰੇ ਅਹਿਮ ਬੁਲਾਰਿਆਂ ਨੇ ਕਿਹਾ ਕਿ ਮੁਗਲ ਸਾਸ਼ਕ ਔਰੰਗਜ਼ੇਬ ਜਦੋਂ ਜ਼ਬਰੀ ਇਸਲਾਮ ਅਪਨਾਉਣ ਲਈ ਲੋਕਾਂ ’ਤੇ ਜ਼ੁਲਮ ਕਰ ਰਿਹਾ ਸੀ ਤਾਂ ਗੁਰੂ ਤੇਗ ਬਹਾਦਰ ਨੇ ਆਪਣਾ ਬਲੀਦਾਨ ਦਿੱਤਾ। ਗੁਰੂ ਜੀ ਦੀ ਲਾਸਾਨੀ ਕੁਰਬਾਨੀ ਸਦਕਾ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਨੌਵੇਂ ਗੁਰੂ ਨੇ ਆਪਣੀ ਯਾਤਰਾ ਦੌਰਾਨ ਵੀ ਲੋਕਾਂ ਨੂੰ ਜ਼ੁਲਮ ਦੇ ਖ਼ਿਲਾਫ਼ ਡਟਣ ਲਈ ਪ੍ਰੇਰਿਆ ਅਤੇ ਸਮੇਂ ਦੇ ਸਾਸ਼ਕਾਂ ਵੱਲੋਂ ਪੈਦਾ ਕੀਤੇ ਡਰ ਤੇ ਭੈਅ ਦਾ ਮਹੌਲ ਨੂੰ ਵੰਗਾਰਿਆ। ਇਸ ਮੌਕੇ ਤਿੱਬਤ ਦੇ ਧਾਰਮਿਕ ਆਗੂ ਦਲਾਈਲਾਮਾ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਸੰਦੇਸ਼ ਵੀ ਪੜ੍ਹਿਆ ਗਿਆ। ਸਦਨ ਵਿੱਚ ਸਾਰੀਆਂ ਪਾਰਟੀਆਂ ਦੇ ਵਿਧਾਇਕ, ਸੰਸਦ ਮੈਂਬਰ, ਸਾਬਕਾ ਵਿਧਾਇਕ ਅਤੇ ਹੋਰ ਸਖਸ਼ੀਅਤਾਂ ਦੀ ਪਹੁੰਚੀਆਂ ਹੋਈਆਂ ਸਨ। ਇਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਅਣਮਿਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਸਦਨ ਦੀ ਕਾਰਵਾਈ ਅਣਮਿਥੇ ਸਮੇਂ ਲਈ ਉਠਾਉਣ ਦਾ ਮਤਾ ਪਾਸ ਹੋਣ ਸਮੇਂ ਸ਼ੋ੍ਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਇਸ ਮਤੇ ’ਤੇ ਵੋਟਿੰਗ ਕਰਾਉਣ ਦਾ ਮੰਗ ਵੀ ਕੀਤੀ, ਜਿਸ ਦੌਰਾਨ ਹਾਕਮ ਧਿਰ ਤੇ ਅਕਾਲੀਆਂ ਦਰਮਿਆਨ ਬਹਿਸ ਵੀ ਹੋਈ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਿਆ। ਅਕਾਲੀ ਆਗੂਆਂ ਦਾ ਕਹਿਣਾ ਸੀ ਕਿ ਕਾਂਗਰਸ ਨੇ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਨੂੰ ਘੱਟੋ-ਘੱਟ 15 ਦਿਨਾਂ ਦਾ ਵਿਸ਼ੇਸ਼ ਇਜਲਾਸ ਸੱਦਣਾ ਚਾਹੀਦਾ ਹੈ। ਉਨ੍ਹਾਂ ਨੇ ਕਾਂਗਰਸ ਅਤੇ ‘ਆਪ’ ਵੱਲੋਂ ਆਪਣੇ ਵਿਧਾਇਕਾਂ ਨੂੰ ਜਾਰੀ ਕੀਤੇ ਵਿਪ੍ਹ ‘ਤੇ ਵੀ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਅਤੇ ਆਪ ਨੂੰ ਸ਼ਾਇਦ ਆਪਣੇ ਵਿਧਾਇਕਾਂ ‘ਤੇ ਯਕੀਨ ਨਹੀਂ ਸੀ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਇਜਲਾਸ ‘ਚ ਪਹੁੰਚਣਗੇ ਜਾਂ ਨਹੀਂ। 

ਇਸ ਤੋਂ ਪਹਿਲਾਂ ਅੱਜ ਸਦਨ ਨੇ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸਪੀਕਰ ਰਾਣਾ ਕੇਪੀ ਸਿੰਘ ਨੇ ਸ਼ਰਧਾਂਜਲੀਆਂ ਦੇਣ ਵਾਲਿਆਂ ਦੀ ਸੂਚੀ ਪੜ੍ਹੀ, ਜਿਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਉਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਆਰ ਐਲ ਭਾਟੀਆ, ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ, ਗੁਲਜ਼ਾਰ ਸਿੰਘ, ਸੁਰਜੀਤ ਕੌਰ ਕਾਲਕਟ, ਇੰਦਰਜੀਤ ਸਿੰਘ ਜ਼ੀਰਾ, ਜਗਦੀਸ਼ ਸਿੰਘ ਸਾਹਨੀ, ਸੁਖਦਰਸ਼ਨ ਸਿੰਘ ਮਰਾੜ, ਜੁਗਰਾਜ ਸਿੰਘ ਗਿੱਲ, ਸ਼ਹੀਦ ਸਿਪਾਹੀ ਪ੍ਰਭਜੀਤ ਸਿੰਘ, ਕਾਲਾ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ, ਸੁਲੱਖਣ ਸਿੰਘ, ਮਿਲਖਾ ਸਿੰਘ, ਮਾਨ ਕੌਰ, ਨਿਰਮਲ ਮਿਲਖਾ ਸਿੰਘ, ਕ੍ਰਿਕਟਰ ਯਸ਼ਪਾਲ ਸ਼ਰਮਾ, ਖ਼ੁਦਕੁਸ਼ੀਆਂ ਕਰ ਗਏ ਕਿਸਾਨ ਤੇ ਖੇਤ ਮਜ਼ਦੂਰ, ਵਾਈਐੱਸ ਰੱਤੜਾ, ਮੁਹੰਮਦ ਇਜ਼ਹਾਰ ਆਲਮ, ਕ੍ਰਿੱਡ ਦੇ ਬਾਨੀ ਰਸ਼ਪਾਲ ਮਲਹੋਤਰਾ, ਮਰਹੂਮ ਜਥੇਦਾਰ ਜਗਦੇਵ ਸਿੰਘ ਦੀ ਪਤਨੀ ਮਹਿੰਦਰ ਕੌਰ ਤੇ ਐੱਸਜੀਪੀਸੀ ਦੇ ਸਾਬਕਾ ਮੈਂਬਰ ਕੁਲਦੀਪ ਸਿੰਘ ਢੋਸ ਸ਼ਾਮਲ ਹਨ। ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਦਨ ਅਣਮਿਥੇ ਸਮੇੰ ਲਈ ਮੁਲਤਵੀ ਕਰ ਦਿੱਤਾ ਗਿਆ।

Comment here