ਪੰਜਾਬ ਚ ਭਾਰੀ ਮੀਂਹ ਨਾਲ ਕਈ ਥਾਈਂ ਹੜ੍ਹ ਵਰਗੇ ਹਾਲਾਤ
ਵਿਸ਼ੇਸ਼ ਰਿਪੋਰਟ-ਰੋਹਿਨੀ
ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਭਾਰੀ ਬਰਸਾਤ ਹੋਣ ਕਾਰਣ ਕਈ ਥਾਵਾਂ ‘ਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸਰਹੱਦੀ ਜ਼ਿਲ੍ਹਿਆਂ ‘ਚ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਮੀਂਹ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ, ਪਠਾਨਕੋਟ ਤੇ ਰਾਵੀ ਕੰਢੇ ਰਹਿਣ ਵਾਲੇ ਲੋਕਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਲਗਾਤਾਰ ਮੀਂਹ ਪਹਿਨ ਨਾਲ ਦਰਿਆਵਾਂ ‘ਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਇਸਦੇ ਨਾਲ ਹੀ ਗੁਰਦਾਸਪੁਰ ‘ਚ BSF ਦੀ ਪੋਸਟ ਪਾਣੀ ‘ਚ ਡੁੱਬ ਗਈ ਹੈ। ਉਥੇ ਹੀ ਪਠਾਨਕੋਟ ਦੇ ਬਮਿਆਲ ਬਾਰਡਰ ‘ਤੇ ਵੀ ਹਾਲਾਤ ਖ਼ਰਾਬ ਹਨ। ਬਾਰਡਰ ‘ਤੇ ਰਹਿਣ ਵਾਲੇ ਗੁੱਜਰਾਂ ਦੇ ਟਿਕਾਣਿਆਂ ਨੂੰ ਵੀ ਕਾਫ਼ੀ ਨੁਕਸਾਨ ਪੁੱਜਿਆ ਹੈ। ਪਟਿਆਲਾ ਦੇ ਉਪਰਲੇ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪਿੰਡਾਂ ਅਤੇ ਕਲੋਨੀਆਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਮੀਂਹ ਦੇ ਮੱਦੇਨਜ਼ਰ ਸਰਕਾਰੀ ਵਿਭਾਗਾਂ ਨੇ ਅਲਰਟ ਜ਼ਾਰੀ ਕਰ ਦਿੱਤਾ ਹੈ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਭੋਜਨ, ਬਚਾਅ ਅਤੇ ਮੈਡੀਕਲ ਸਪਲਾਈ ਦੇ ਹੋਰ ਪ੍ਰਬੰਧ ਕਰਨ ਲਈ ਕਿਹਾ ਹੈ। ਯਾਦ ਰਹੇ ਬਦੀ ਨਦੀ ਨੇ 2019 ਵਿੱਚ ਗੋਪਾਲ ਕਲੋਨੀ ਨੂੰ ਪ੍ਰਭਾਵਿਤ ਕੀਤਾ ਸੀ, ਜਿਸ ਤੋਂ ਬਾਅਦ ਨਿਵਾਸੀਆਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲਿਜਾਣਾ ਪਿਆ ਸੀ। ਬਦੀ ਨਦੀ ਇੱਕ ਮੌਸਮੀ ਡਰੇਨ ਹੈ ਜੋ ਫਤਹਿਗੜ੍ਹ ਸਾਹਿਬ ਦੇ ਜਲਗਾਹ ਖੇਤਰ ਵਿੱਚੋਂ ਨਿਕਲਦੀ ਹੈ। ਬਦੀ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ, ਜਦਕਿ ਛੋਟੀ ਨਦੀ, ਜੋ ਮੁੱਖ ਤੌਰ ‘ਤੇ ਪਟਿਆਲਾ ਸ਼ਹਿਰ ਨੂੰ ਪ੍ਰਭਾਵਿਤ ਕਰਦੀ ਹੈ, ਉਸਦਾ ਪੱਧਰ 7.30 ਫੁੱਟ ਅਤੇ ਇਸ ਦਾ ਖ਼ਤਰੇ ਦਾ ਨਿਸ਼ਾਨ 12 ਫੁੱਟ ‘ਤੇ ਹੈ। ਪਟਿਆਲਾ ਡਰੇਨੇਜ ਡਿਵੀਜ਼ਨ ਅਨੁਸਾਰ ਪਿੰਡ ਭਾਂਖਰਪੁਰ ਨੇੜੇ ਘੱਗਰ ਦਾ ਪਾਣੀ ਦਾ ਪੱਧਰ 1 ਫੁੱਟ ਅਤੇ ਖਤਰੇ ਦਾ ਨਿਸ਼ਾਨ 10 ਫੁੱਟ ‘ਤੇ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਲੰਬੀ ਵਾਸੀਆਂ ਨਾਲ ਕੱਲ੍ਹ ਕੀਤੇ ਵਾਅਦੇ ਦੀ ਪੂਰਤੀ ਕਰਦਿਆਂ ਅੱਜ ਪਿੰਡ ਲਾਲਬਾਈ ਤੋਂ ਪਾਣੀ ਦੀ ਨਿਕਾਸੀ ਵਾਸਤੇ ਪੰਪ ਅਤੇ ਪਾਈਪਾਂ ਆਦਿ ਦੇਣ ਦੀ ਸ਼ੁਰੂਆਤ ਕੀਤੀ ਹੈ। ਬੱਲੂਆਣਾ ਤੇ ਅਬੋਹਰ ਹਲਕੇ ਦੇ ਪਿੰਡਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਜਾਣਨ ਲਈ ਉੱਥੇ ਪਹੁੰਚੇ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਮੀਂਹ ਕਾਰਨ ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਸੀ। ਸੁਖਬੀਰ ਬਾਦਲ ਕਾਫਲੇ ‘ਚ ਪਿੰਡਾਂ ‘ਚ ਪੁੱਜੇ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਕੋਲ ਹੜ੍ਹ ਨਾਲ ਪ੍ਰਭਾਵਤ ਫਸਲਾਂ ਦੇ ਮੁਆਵਜ਼ੇ ਲਈ ਆਵਾਜ਼ ਚੁੱਕਣਗੇ। ਇਸ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਆਪਣੇ ਕੋਲੋਂ ਪਾਣੀ ਦੀ ਨਿਕਾਸੀ ਵਾਸਤੇ ਪੰਪ ਅਤੇ ਪਾਈਪਾਂ ਆਦਿ ਦੇਣਗੇ। ਇਸ ਮੌਕੇ ਉਨ੍ਹਾਂ ਨੇ ਆਪ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਹੁੰਦੀ ਸੀ ਤਾਂ ਸਾਰੇ ਕੰਮ ਤੁਰਤ ਹੋ ਜਾਂਦੇ ਸਨ। ਪਰ ਇਸ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ ਹੈ। ਇਹ ਲੋਕ ਜ਼ਮੀਨ ਨਾਲ ਨਹੀਂ ਜੁੜੇ ਹਨ। ਬੜਾ ਅਫਸੋਸ ਹੈ ਕਿ ਇਥੇ ਸਰਕਾਰ ਵੱਲੋਂ ਕੋਈ ਆਇਆ ਹੀ ਨਹੀਂ ਹੈ। ਉਨ੍ਹਾਂ ਕਿਹਾ ਸੀ ਮੈਨੂੰ ਯਾਦ ਹੈ ਕਿ ਜਦੋਂ ਬਾਦਲ ਸਾਬ੍ਹ ਦੀ ਸਰਕਾਰ ਹੁੰਦੀ ਤਾਂ ਨਾਲ ਦੀ ਨਾਲ ਅਫਸਰ ਆ ਜਾਂਦੇ ਸੀ, ਮੋਟਰਾਂ ਲੱਗ ਜਾਂਦੀਆਂ ਸੀ ਤੇ ਗਿਰਦਾਵਰੀਆਂ ਹੋ ਜਾਂਦੀਆਂ ਸੀ। ਮੌਕੇ ਉਤੇ ਸਪੈਸ਼ਲ ਬਿਜਲੀ ਦੇ ਕੇ ਪਾਣੀ ਕੱਢ ਲਿਆ ਜਾਂਦਾ ਸੀ ਅਤੇ ਗਰੀਬਾਂ ਨੂੰ ਨਾਲ ਦੀ ਨਾਲ ਮਕਾਨ ਦੇ ਪੈਸੇ ਮਿਲ ਜਾਂਦੇ ਸਨ ਪਰ ਹੁਣ ਵਾਲੇ ਹਲਾਤ ਵੇਖ ਕੇ ਬੜਾ ਦੁਖ ਹੁੰਦਾ ਹੈ।
Comment here