ਵਾਸ਼ਿੰਗਟਨ-ਪਾਕਿਸਤਾਨ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ 14 ਜੂਨ ਤੋਂ ਹੁਣ ਤੱਕ 1,576 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋ ਚੁੱਕੇ ਹਨ। ਪਾਕਿਸਤਾਨ ਪਿਛਲੇ 30 ਸਾਲਾਂ ਵਿੱਚ ਸਭ ਤੋਂ ਭੈੜੀ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਦੇਸ਼ ਦਾ ਇੱਕ ਤਿਹਾਈ ਹਿੱਸਾ ਪਾਣੀ ਵਿੱਚ ਹੈ। ਲਗਭਗ 3 ਕਰੋੜ 30 ਲੱਖ ਲੋਕ ਇਸ ਤੋਂ ਪ੍ਰਭਾਵਿਤ ਹਨ ਅਤੇ ਘਰ, ਫਸਲਾਂ, ਪੁਲ, ਸੜਕਾਂ ਅਤੇ ਜਾਨਵਰ ਤਬਾਹ ਹੋ ਗਏ ਹਨ। ਹੜ੍ਹ ਕਾਰਨ ਹੁਣ ਤੱਕ 30 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਤਰਾਸਦੀ ਨਾਲ ਸਿਝਣ ਲਈ ਵਿਦੇਸ਼ਾਂ ਤੋਂ ਮਦਦ ਦੀਆਂ ਅਪੀਲਾਂ ਵੀ ਹੋ ਰਹੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੌਮਾਂਤਰੀ ਭਾਈਚਾਰੇ ਨੂੰ ਹੜ੍ਹਾਂ ਨਾਲ ਜੂਝ ਰਹੇ ਪਾਕਿਸਤਾਨ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਸੰਕਟ ਨਾਲ ਨਜਿੱਠਣ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਦੇਸ਼ ਇਸ ਦੀ ਲਪੇਟ ਵਿੱਚ ਹਨ। ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 77ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਬਾਈਡੇਨ ਨੇ ਕਿਹਾ, ‘ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਜਲਵਾਯੂ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਪਿਛਲੇ ਸਾਲ ਦੀਆਂ ਘਟਨਾਵਾਂ ਤੋਂ ਬਾਅਦ ਕਿਸੇ ਨੂੰ ਇਸ ‘ਤੇ ਸ਼ੱਕ ਨਹੀਂ ਹੋਣਾ ਚਾਹੀਦਾ। ਅਸੀਂ ਮੀਟਿੰਗਾਂ ਵਿਚ ਸ਼ਾਮਲ ਹੁੰਦੇ ਰਹਿੰਦੇ ਹਾਂ। ਇਸ ਵੇਲੇ ਜਦੋਂ ਅਸੀਂ ਮਿਲ ਰਹੇ ਹਾਂ ਤਾਂ ਇਸ ਦੌਰਾਨ ਪਾਕਿਸਤਾਨ ਦਾ ਬਹੁਤਾ ਇਲਾਕਾ ਪਾਣੀ ਵਿਚ ਡੁੱਬਿਆ ਹੋਇਆ ਹੈ। ਉਸਨੂੰ ਮਦਦ ਦੀ ਲੋੜ ਹੈ।’
Comment here