ਸਿਆਸਤਖਬਰਾਂਚਲੰਤ ਮਾਮਲੇ

ਹੜ੍ਹਾਂ ਦੌਰਾਨ ਅਫ਼ਵਾਹਾਂ ਤੋਂ ਬਚਣਾ ਕਿਉਂ ਜ਼ਰੂਰੀ?

ਸੰਗਰੂਰ-ਐਮਪੀ ਸਿਮਰਨਜੀਤ ਸਿੰਘ ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸੰਗਰੂਰ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਹੈ ਕਿ ਮੂਨਕ ਦੇ ਬੱਲਰਾਂ ਪਿੰਡ ਨਜ਼ਦੀਕ ਪਿੰਡ ਚੂਲੜ ਵਿਖੇ ਘੱਗਰ ਦੇ ਬੰਨ੍ਹ ਨੂੰ ਹਰਿਆਣਾ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਜਿਸ ਨਾਲ ਵੱਡਾ ਨੁਕਸਾਨ ਹੋਵੇਗਾ। ਲਹਿਰਾ ਦੇ ਡੀਐੱਸਪੀ ਨੇ ਕਿਹਾ ਕਿ ਸਾਡੀ ਪੁਲਿਸ ਟੀਮ ਨੇ ਪੰਜਾਬ-ਹਰਿਆਣਾ ਬਾਰਡਰ ‘ਤੇ ਪਹੁੰਚ ਕੇ ਜਾਇਜ਼ਾ ਲਿਆ ਹੈ ਅਤੇ ਇਹ ਸਿਰਫ਼ ਅਫ਼ਵਾਹਾਂ ਹਨ। ਲੋਕ ਅਜਿਹੀਆਂ ਅਫ਼ਵਾਹਾਂ ਤੇ ਵਿਸ਼ਵਾਸ ਨਾ ਕਰਨ।
ਇਸ ਸਬੰਧੀ ਡੀਐਸਪੀ ਲਹਿਰਾ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਘੱਗਰ ਨਦੀ ਵਿੱਚ ਪਾਣੀ ਵੱਧਣ ਕਾਰਨ ਹੋਰਨਾਂ ਵਾਂਗ ਪਿੰਡ ਚੂੜਲ ਕੋਲ ਵੀ ਇਹ ਪਾਣੀ ਪਹੁੰਚ ਗਿਆ ਸੀ। ਜਿੱਥੇ ਪਿੰਡ ਦੇ ਲੋਕਾਂ ਨੇ ਬਚਾਅ ਲਈ ਬੰਨ੍ਹ ਲਾਇਆ ਹੋਇਆ ਹੈ। ਸ਼ਾਮ ਨੂੰ ਇਸ ਬੰਨ੍ਹ ਦਾ ਜਾਇਜ਼ਾ ਲੈਣ ਲਈ ਥਾਣਾ ਜਾਖਲ ਦੇ ਮੁਖੀ ਅਤੇ ਨਾਇਬ ਤਹਿਸੀਲਦਾਰ ਆਏ ਸਨ। ਪਰ ਹੁੱਲੜਬਾਜ਼ਾਂ ਨੇ ਇਹ ਅਫ਼ਵਾਹ ਉਡਾਈ ਕਿ ਇਹ ਬੰਨ੍ਹ ਤੁੜਵਾਉਣ ਆਏ ਹਨ। ਜਿਸ ਦੇ ਚੱਲਦਿਆਂ ਹੀ ਉੱਥੇ ਕੁਝ ਤਕਰਾਰਬਾਜ਼ੀ ਹੋਈ ਸੀ।
ਇਸ ਲਈ ਉਨ੍ਹਾਂ ਕਿਹਾ ਕਿ ਅਫਵਾਹਾਂ ਤੋਂ ਬਚੋ ਅਤੇ ਇਸ ਕੁਦਰਤੀ ਆਫ਼ਤ ਨਾਲ ਲੜਾਈ-ਝਗੜੇ ਦੀ ਥਾਂ ਪਿਆਰ ਨਾਲ ਨਜਿੱਠੋ। ਡੀਐਸਪੀ ਲਹਿਰਾ ਨੇ ਕਿਹਾ ਕਿ ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀਆਂ ਟੀਮਾਂ ਦਿਨ ਰਾਤ ਨਿਗਰਾਨੀ ਕਰ ਰਹੀਆਂ ਹਨ। ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਹਲਕਾ ਨਿਵਾਸੀਆਂ ਨੂੰ ਕਿਹਾ ਕਿ ਮਾਲੀ ਨੁਕਸਾਨ ਤਾਂ ਫੇਰ ਵੀ ਪੂਰਾ ਹੋ ਸਕਦਾ ਹੈ, ਪਰ ਜਾਨੀ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਦੀ। ਉਨ੍ਹਾਂ ਦੱਸਿਆ ਕਿ ਜਿੱਥੇ ਸਬੰਧਤ ਬੰਨ੍ਹਾਂ ਦੀ ਨਿਗਰਾਨੀ ਪਿੰਡ ਵਾਸੀ ਕਰ ਰਹੇ ਹਨ, ਉਥੇ ਹੀ ਲਹਿਰਾ ਪੁਲਸ ਖ਼ੁਦ ਦੇਖ-ਰੇਖ ਕਰ ਰਹੀ ਹੈ।

Comment here