ਗੁਸਤਾਖੀਆਂ

ਹੌਲਦਾਰ ਕੜਾਕਾ ਸਿੰਘ ਦੀ ਤਫਤੀਸ਼

-ਕੇ ਐਲ ਗਰਗ

ਹੌਲਦਾਰ ਕੜਾਕਾ ਸਿੰਘ ਉੱਚ ਏਜੰਸੀਆਂ ਵਲੋਂ ਕੀਤੀ ਗਈ ਤਫਤੀਸ਼ ਦੇ ਜ਼ਿਕਰ ‘ਤੇ ਨੱਕ ਚੜ੍ਹਾ ਕੇ ਮੂੰਹੋਂ ‘ਫੁਸ’ ਦੀ ਆਵਾਜ਼ ਕੱਢਣ ਲਗਦਾ ਹੈ। ਉਹ ਇਕੱਲੀ ਫੁਸ ਦੀ ਆਵਾਜ਼ ਹੀ ਨਹੀਂ ਕੱਢਦਾ, ਸਗੋਂ ਉਨ੍ਹਾਂ ਦੀ ਕਾਰਵਾਈ ਨੂੰ ਵੀ ਫੁਸ ਹੀ ਆਖਦਾ ਹੈ। ਉਹ ਉਨ੍ਹਾਂ ਵਲੋਂ ਕੀਤੀ ਗਈ ਤਫਤੀਸ਼ ਨੂੰ ਗਿੱਲਾ ਪੀਹਣ ਵੀ ਆਖਦਾ ਹੈ।
‘ਗਿੱਲਾ ਪੀਹਣ ਕਿਵੇਂ, ਹੌਲਦਾਰ ਜੀ?’ ਕੋਈ ਪੁੱਛ ਲਵੇ ਤਾਂ ਹੌਲਦਾਰ ਕੜਾਕਾ ਸਿੰਘ ਆਪਣੀਆਂ ਮੁੱਛਾਂ ਨੂੰ ਦਸ ਸੱਜ ਕੇ ਦੱਸ ਮਿੰਟ ‘ਤੇ ਖੜ੍ਹੀਆਂ ਕਰਕੇ, ਮਜ਼ਾਕ ਦੇ ਰੌਂਅ ‘ਚ ਆਖਦਾ ਹੈ, ‘ਗਿੱਲਾ ਪੀਹਣ ਈ ਕਰਦੇ ਐ ਜਨਾਬ ਇਹ ਲੋਕ। ਜਿਹੜੀ ਇਨਕੁਆਰੀ ਨੂੰ ਅੱਧਾ ਘੰਟਾ ਨੀਂ ਲਗਦਾ, ਉਸ ਨੂੰ ਵੀਹ-ਵੀਹ ਸਾਲ ਲਟਕਾਈ ਰੱਖਦੇ ਐ। ਐਵੇਂ ਮੀਨ-ਮੇਖਾਂ ਜਿਹੀਆਂ ਕੱਢਦੇ ਰਹਿੰਦੇ ਐ। ਲੈ ਉਹ ਚਾਰਾ ਖਾਣੇ ਨੇਤਾ ਦੇ ਕੇਸ ਦਾ ਫੈਸਲਾ ਇਕੱਲੀ ਵਰ੍ਹਿਆਂ ਬਾਅਦ ਹੋਇਐ। ਲੈ ਉਹ ਐਕਟਰ ਜਿਹੇ ਸਪੂਤ ਦੇ ਹਥਿਆਰਾਂ ਵਾਲੇ ਕੇਸ ਦਾ ਫੈਸਲਾ ਬਾਰ੍ਹਾਂ ਵਰ੍ਹੇ ਬਾਅਦ ਹੋਇਐ। ਹੋਰ ਪਤਾ ਨੀ ਕਿਹੜੇ-ਕਿਹੜੇ ਕੇਸਾਂ ਦੀ ਗੱਲ ਸੁਣਾਵਾਂ, ਬਸ ਇਨ੍ਹਾਂ ਨੇ ਤਾਂ ਗਿੱਲਾ ਪੀਹਣ ਹੀ ਕੀਤੈ।’
‘ਪਰ ਹੌਲਦਾਰ ਜੀ, ਮਾਮਲੇ ਦੀ ਤਹਿ ਤੱਕ ਤਾਂ ਜਾਣਾ ਈ ਪੈਂਦਾ ਹੈ। ਤਹਿ ‘ਚ ਜਾਣੇ ਬਗੈਰ ਸੱਚ-ਝੂਠ ਦੀ ਪੁਣ-ਛਾਣ ਕਿਵੇਂ ਹੋਊ? ਕਾਨੂੰਨ ਦੀਆਂ ਬਾਰੀਕੀਆਂ ਤਾਂ ਵਰਤਣੀਆਂ ਈ ਪੈਂਦੀਆਂ ਨੇ ਨਾ…’, ਪੁੱਛਣ ਵਾਲਾ ਅੱਗੋਂ ਸਵਾਲ ਕੱਢ ਮਾਰਦਾ ਹੈ।
ਹੌਲਦਾਰ ਕੜਾਕਾ ਸਿੰਘ ਵੀ ਪੁਰਾਣੇ ਜ਼ਮਾਨੇ ਦਾ ਮੈਟ੍ਰਿਕ ਪਾਸ ਹੈ। ਅੰਗਰੇਜ਼ੀ ਦੀ ਘੁੰਡੀ ਮਰੋੜਣੀ ਖੂਬ ਜਾਣਦਾ ਹੈ। ਉਦੋਂ ਅੰਗਰੇਜ਼ੀ ਪੰਜਵੀਂ ਤੋਂ ਸਿਖਾਉਣ ਲੱਗ ਜਾਂਦੇ ਸੀ ਮਾਸਟਰ।
ਮੂੰਹ ਗੋਲ ਜਿਹਾ, ਅੰਗਰੇਜ਼ੀ ਦੇ ਓ ਅੱਖਰ ਵਾਂਗ ਬਣਾ ਕੇ ਫੁਰਮਾਉਂਦੇ ਹਨ, ‘ਓਇ ਭਾਈ, ਤੂੰ ਮੁਹਾਵਰਾ ਤਾਂ ਸੁਣਿਆ ਹੀ ਹੋਇਆ ਹੋਣੋਂ। ਜਸਟਿਸ ਡੀਲੇਡ, ਜਸਟਿਸ ਡੀਨਾਈਡ (ਨਿਆਂ ਦੀ ਦੇਰੀ, ਕਦੇ ਨਾ ਪੈਂਦੀ ਪੂਰੀ) ਤੁਸੀਂ ਉਹ ਮੇਮਣੇ ਵਾਲੀ ਕਹਾਣੀ ਵੀ ਜ਼ਰੂਰ ਸੁਣੀ ਹੋਣੀ ਐਂ। ਅਖੇ ਇਕ ਮੇਮਣੇ ਨੇ ਇਕ ਬਘਿਆੜ ਖਿਲਾਫ਼ ਮੁਕੱਦਮਾ ਦਾਇਰ ਕੀਤਾ, ਬਈ ਬਘਿਆੜ ਮੈਨੂੰ ਬੇਫਜ਼ੂਲ ਤੰਗ ਕਰਦੈ। ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੈ। ਜੱਜਾਂ ਨੇ ਕਾਨੂੰਨੀ ਦਾਅ-ਪੇਚ ਲੜਾ ਕੇ ਆਖਰ ਫੈਸਲਾ ਸੁਣਾਉਣ ਦਾ ਦਿਨ ਮਿੱਥ ਦਿੱਤਾ। ‘ਲੈ ਬਈ ਮੇਮਣਿਆਂ ਸੁਣ ਲੈ ਸਾਡਾ ਫੈਸਲਾ। ਦੇਖ ਲੈ ਅਸੀਂ ਕਿੰਨੀ ਜਲਦੀ ਸ਼ਿਕਾਇਤ ਦੀ ਜੜ੍ਹ ਤੱਕ ਪਹੁੰਚੇ ਆਂ।’ ਮੇਮਣਾ ਹੱਸ ਕੇ ਕਹਿਣ ਲੱਗਾ, ‘ਜਲਦੀ… ਵਾਹ…ਵਾਹ… ਜੀ। ਜੀ ਮੈਂ ਤਾਂ ਸ਼ਿਕਾਇਤ ਕਰਨ ਵਾਲੇ ਮੇਮਣੇ ਦਾ ਪੋਤਾ ਆਂ।’ ਕਹਾਣੀ ਸੁਣਾ ਕੇ, ਹੌਲਦਾਰ ਕੜਾਕਾ ਸਿੰਘ ਪੂਰੇ ਜੋਸ਼ ਨਾਲ ਮੁੱਛਾਂ ਨੂੰ ਮਰੋੜੇ ਦੇਣ ਲੱਗ ਪਿਆ।
‘ਤੁਹਾਡੇ ਖਿਆਲ ‘ਚ ਇਨ੍ਹਾਂ ਏਜੰਸੀਆਂ ਦੀ ਤਫਤੀਸ਼ ‘ਚ ਖਰਾਬੀ ਕੀ ਐ, ਹੌਲਦਾਰ ਜੀ?’ ਸਵਾਲ ਵਾਲਾ ਫੇਰ ਪੁੱਛਦਾ ਹੈ।
‘ਓਇ ਭਾਈ, ਖਰਾਬੀ ਜਿਹੀ ਖਰਾਬੀ। ਇਹ ਤਾਂ ਤਫਤੀਸ਼ ਇਉਂ ਕਰਦੇ ਐ ਜਿਵੇਂ ਜੰਞ ‘ਚ ਰੁੱਸੇ ਫੁੱਫੜ ਨੂੰ ਮਨਾ ਰਹੇ ਹੋਣ। ਪਹਿਲਾਂ ਈ ਐਲਾਨ ਕਰਨ ਲੱਗਦੇ ਨੇ। ਬਈ ਫਲਾਣੇ-ਫਲਾਣੇ ਨੂੰ ਅਸੀਂ ਫਲਾਣੇ ਭੇਸ ‘ਚ ਪੁੱਛ-ਪੜਤਾਲ ਲਈ ਬੁਲਾ ਸਕਦੇ ਹਾਂ। ਇਹ ਗੱਲ ਪੂਰੇ ਮੀਡੀਏ ‘ਚ ਆ ਜਾਂਦੀ ਹੈ। ਅਪਰਾਧੀ ਨੂੰ ਹੁਸ਼ਿਆਰ ਹੋ ਜਾਣ ਲਈ ਟੈਮ ਮਿਲ ਜਾਂਦੈ। ਫੇਰ ਸਵਾਲ ਤਿਆਰ ਹੁੰਦੇ ਨੇ। ਅੱਠ-ਅੱਠ, ਦਸ-ਦਸ ਘੰਟੇ ਸਵਾਲ-ਜਵਾਬ ਹੁੰਦੇ ਹਨ।’
‘ਹੌਲਦਾਰ ਜੀ, ਸਵਾਲਾਂ ਜਵਾਬਾਂ ‘ਚੋਂ ਹੀ ਨਿਕਲੂ ਕੁਸ਼…’, ਅਗਲਾ ਹੱਸ ਕੇ ਕਹਿ ਦਿੰਦਾ ਹੈ।
‘ਨਿਕਲਣਾ ਕੀ ਐ? ਆਪਾਂ ਨੂੰ ਦਿਸਦਾ ਈ ਐ। ਲੀਰਾਂ ਦੀ ਖੁੱਦੋਂ ਨੂੰ ਫਰੋਲਣ ‘ਚ ਕਦੇ ਕੁਸ਼ ਨਿਕਲਿਐ। ਦਸ ਵਰ੍ਹੇ ਸਵਾਲ-ਜਵਾਬ ਕਰਨ ਤੋਂ ਬਾਅਦ, ਹੱਥ ਝਾੜ ਕੇ ਕਹਿ ਦਿੰਦੇ ਹਨ। ਪੂਰੀ ਤਫਤੀਸ਼ ਤੋਂ ਬਾਅਦ ਪਤਾ ਲੱਗਿਐ ਕਿ ਅਗਲਾ ਬਿਲਕੁਲ ਨਿਰਦੋਸ਼ ਐ। ਹੈ ਨਾ ਗਿੱਲਾ ਪੀਹਣ ਤੇ ਜੰਞ ‘ਚ ਰੁੱਸੇ ਫੁੱਫੜ ਨੂੰ ਮਨਾਉਣ ਵਾਲੀ ਗੱਲ।’
‘ਹੋਰ ਫਿਰ ਤੁਹਾਡੇ ਖਿਆਲ ‘ਚ ਕਿਵੇਂ ਕੀਤੀ ਜਾਵੇ ਤਫ਼ਤੀਸ਼ ਹੌਲਦਾਰ ਜੀ?’ ਇਸ ਸਵਾਲ ‘ਤੇ ਹੌਲਦਾਰ ਕੜਾਕਾ ਸਿੰਘ ਨੇ ਆਪਣੀ ਛਪੰਜਾ ਇੰਚੀ ਛਾਤੀ ਨੂੰ ਹੋਰ ਚੌੜੀ ਕਰਦਿਆਂ ਆਖਿਆ, ‘ਤਫ਼ਤੀਸ਼ਾਂ ਤਾਂ ਅਸੀਂ ਕਰਦੇ ਆਂ। ਐਮੇਂ ਤਾਂ ਨੀਂ ਸਾਡਾ ਨਾਂਅ ਜੱਗ ਜਹਾਨ ‘ਤੇ ਘੁੰਮਦਾ-ਫਿਰਦਾ। ਕੜਾਕਾ ਸਿੰਘ ਜਦੋਂ ਪਟਾਕੇ ਪਾਉਂਦੈ, ਉਦੋਂ ਹੁੰਦੀ ਐ ਅਸਲੀ ਤਫ਼ਤੀਸ਼। ਅਸੀਂ ਬਹੁਤੀਆਂ ਗੱਲਾਂ ਨੀ ਕਰਦੇ। ਐਕਸ਼ਨ ਕਰਦੇ ਆਂ। ਪੈਂਦੇ ਈ ਮੁਜ਼ਰਮ ਨੂੰ ਚੀਤੇ ਵਾਂਗ ਧੌਣ ਤੋਂ ਫੜ ਲਈਦਾ ਹੈ। ਧੌਣ ਕਬਜ਼ੇ ‘ਚ ਆਉਂਦਿਆਂ ਈ, ਅੱਧਾ ਕੁ ਤਾਂ ਸ਼ਿਕਾਰ ਉਦੋਂ ਹੀ ਚਿੱਤ ਹੋ ਜਾਂਦੈ। ਦੋ-ਚਾਰ ਜ਼ੋਰ-ਜ਼ੋਰ ਦੇ ਝਟਕੇ ਤੇ ਮਰੋੜੇ ਦੇਣ ਨਾਲ ਅਗਲਾ ਜੁਰਮ ਮਿੰਟਾਂ-ਸਕਿੰਟਾਂ ‘ਚ ਇਕਬਾਲ ਕਰ ਲੈਂਦੇ। ਸਾਡੇ ਕੋਲ ਗੱਲਾਂ ਨੀ ਹੁੰਦੀਆਂ, ਬਸ ਨਾਨ-ਸਟਾਪ ਐਕਸ਼ਨ ਹੁੰਦੈ। ਹਾਂ ਜਾਂ ਨਾਂਹ। ਇਸ ਪਾਰ ਜਾਂ ਉਸ ਪਾਰ।’
‘ਇਸ ਨੂੰ ਤਾਂ ਤਸ਼ੱਦਦ ਆਖਦੇ ਨੇ ਹੌਲਦਾਰ ਜੀ। ਇਹ ਤਾਂ ਤਫਤੀਸ਼ ਦਾ ਘਟੀਆ ਤਰੀਕਾ ਐ’, ਅਗਲਾ ਆਖ ਦਿੰਦਾ ਹੈ।
‘ਕਈ ਵਾਰ ਭਾਈ ਜੀ, ਚੰਗੇ ਤੇ ਜਲਦ ਨਤੀਜੇ ਲੈਣ ਲਈ ਰੋਗੀ ਨੂੰ ਕੌੜੀ ਦਵਾਈ ਵੀ ਦੇਣੀ ਪੈਂਦੀ ਐ।
ਕੌੜੀ ਦਵਾਈ ਬਗੈਰ ਰੋਗੀ ਜਲਦੀ ਤੰਦਰੁਸਤ ਹੁੰਦਾ ਈ ਨੀਂ। ਡੂੰਘੀ ਖੁੱਭੀ ਹੋਈ ਵੱਡੀ ਮੇਖ ਹਲਕੇ ਤੇ ਕਮਜ਼ੋਰ ਜ਼ਮੂਰ ਨਾਲ ਨਹੀਂ ਨਿਕਲਦੀ ਹੁੰਦੀ ਨਾ ਭਾਈ ਜੀ।
‘ਪਰ ਇਹ ਮਾਨਵ-ਅਧਿਕਾਰ ਦੇ ਉਲਟ ਐ। ਮਾਨਵ-ਅਧਿਕਾਰ ਸੰਗਠਨ ਵਾਲੇ ਆਵਾਜ਼ ਚੁੱਕਦੇ ਹੋਣਗੇ?’ ਸਵਾਲ ਫਿਰ ਖਲੋ ਜਾਂਦਾ ਹੈ।
‘ਜਦੋਂ ਮੁਜ਼ਰਿਮ ਕੰਜਕਾਂ ਦਾ ਰੇਪ ਕਰਦੇ ਆ, ਮਾਸੂਮਾਂ ਨੂੰ ਲੁੱਟਦੇ ਮਾਰਦੇ ਆ, ਮਜ਼ਲੂਮਾਂ ਨੂੰ ਤਸੀਹੇ ਦਿੰਦੇ ਆ ਉਦੋਂ ਮਾਨਵ-ਅਧਿਕਾਰ ਵਾਲੇ ਕਿੱਥੇ ਹੁੰਦੇ ਹਨ?’
‘ਠੁਕੀ ਹੋਈ ਕਿੱਲ, ਕਿੱਲ ਨਾਲ ਹੀ ਨਿਕਲਦੀ ਹੁੰਦੀ ਐ, ਭਰਾਵਾ ਮੁਜ਼ਰਿਮ ਪੇਸ਼ਾ ਬੰਦੇ ‘ਆਈ ਲਵ ਯੂ’ ਕਹਿਣ ‘ਤੇ ਨਹੀਂ ਸੁਧਰਿਆ ਕਰਦੇ। ਪੌਲਾ-ਈ-ਪੌਲਾ, ਮੌਲਾ-ਈ-ਮੌਲਾ ਵਾਲਾ ਪਾਠ ਈ ਪੜ੍ਹਨਾ ਪੈਂਦੈ।’
‘ਜੋ ਕੋਈ ਆਪਣਾ ਜੁਰਮ ਨਾ ਹੀ ਮੰਨੇ ਤਦ?’ ਬੰਦਾ ਵੀ ਢੀਠ ਹੀ ਲਗਦਾ ਸੀ, ਜੋ ਸਵਾਲ ‘ਤੇ ਸਵਾਲ ਕਰੀ ਜਾਂਦਾ ਸੀ।
‘ਲੈ ਜੁਰਮ ਕਿਵੇਂ ਨਾ ਮੰਨਣਗੇ ਭਾਈ’, ਕੜਾਕਾ ਸਿੰਘ ਦੇ ਪਟਾਕੇ…? ਜਦੋਂ ਤੰਬੀ ਦੀਆਂ ਮੂਹਰੀਆਂ ਬੰਨ੍ਹ ਕੇ ਵਿਚ ਚੂਹਾ-ਚੂਹੀ ਛੱਡੀ ਦੇ ਐ ਤਾਂ ਵੱਡਿਆਂ-ਵੱਡਿਆਂ ਦੇ ਚੂਲੇ ਹਿੱਲ ਜਾਂਦੈ ਆ। ਚੂਹਾ ਚੂਹੀ ਨੂੰ ਫੜਨ ਲਈ ਦੁੜੰਗੇ ਲਾਉਂਦੈ ਤਾਂ ਮੁਜ਼ਰਮ ਦੇ ਤਾਂ ਆਨੇ ਬਾਹਰ ਆਉਣ ਵਾਲੇ ਹੋ ਜਾਂਦੇ ਐ। ਕਈ ਵਾਰ ਤਾਂ ਇਕੋ ਜੁਰਮ ਨੂੰ ਮੰਨਣ ਵਾਲੇ ਕਈ-ਕਈ ਬੰਦੇ ਹੋ ਜਾਂਦੇ ਐ। ਅਸਲ ਮੁਜਰਮ ਹੀ ਪਛਾਣਨਾ ਔਖਾ ਹੋ ਜਾਂਦੈ।
ਗੱਲ ਮੁਕਾਉਂਦਿਆਂ ਹੌਲਦਾਰ ਕੜਾਕਾ ਸਿੰਘ ਆਖਦਾ ਹੈ, ‘ਡਰ ਤੋਂ ਬਗੈਰ ਕਾਨੂੰਨ ਦੀ ਰੱਖਿਆ ਨੀ ਹੋ ਸਕਦੀ। ਕਾਨੂੰਨ ਦੀ ਪਾਲਣਾ, ਭੈਅ ਨਾਲ ਹੀ ਹੁੰਦੀ ਐ। ਦੁਨੀਆ ਦਾ ਮਨੁੱਖ ਹਾਲੇ ਏਨਾ ਸੱਭਿਆ ਨਹੀਂ ਹੋਇਆ ਬਈ ਉਹ ਆਪਣੇ-ਆਪ ਕਾਨੂੰਨ ਦੀ ਪਾਲਣਾ ਕਰੀ ਜਾਵੇ। ਐਵੇਂ ਨੀ ਝਟਪਟ ਨਤੀਜੇ ਲੈਣ ਲਈ ਦੁਨੀਆ ਹੌਲਦਾਰ ਕੜਾਕਾ ਸਿੰਘ ਨੂੰ ਯਾਦ ਕਰਦੀ। ਸਾਨੂੰ ਤਾਂ ਤਫ਼ਤੀਸ਼ ਕਰਨ ਲਈ ਹੁਣ ਦੂਸਰੇ ਗ੍ਰਹਿਆਂ ਤੋਂ ਵੀ ਸੱਦਾ-ਪੱਤਰ ਆਉਣ ਲੱਗ ਪਏ ਐ।’
ਆਖ, ਹੌਲਦਾਰ ਕੜਾਕਾ ਸਿੰਘ ਨੇ ਜੋਸ਼ ‘ਚ ਆ ਕੇ, ਆਪਣੀ ਛਪੰਜਾ ਇੰਚੀ ਛਾਤੀ ‘ਤੇ ਪੂਰੇ ਜ਼ੋਰ ਨਾਲ ਮੁੱਕਾ ਜੜ੍ਹ ਦਿੱਤਾ। ਮੁੱਕਾ ਜੜਦਿਆਂ ਉਸ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਕਿ ਮੁੱਕਾ ਹੌਲੀ ਵੱਜੇ ਤੇ ਪਟਾਕਾ ਉੱਚਾ ਪਵੇ।

Comment here