ਅਪਰਾਧਖਬਰਾਂਪ੍ਰਵਾਸੀ ਮਸਲੇ

ਹੋਲੇ ਮਹੱਲੇ ਦੌਰਾਨ ਕੈਨੇਡਾ ਤੋਂ ਆਏ ਨਿਹੰਗ ਸਿੰਘ ਦਾ ਕਤਲ

ਸ੍ਰੀ ਅਨੰਦਪੁਰ ਸਾਹਿਬ-ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਸੋਮਵਾਰ ਤੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭ ਹੋਏ ਹੋਲੇ ਮਹੱਲੇ ਦੀ ਪਹਿਲੀ ਰਾਤ ਲੜਾਈ-ਝਗੜੇ ਦੌਰਾਨ ਇੱਕ ਨਿਹੰਗ ਸਿੰਘ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਰਦੀਪ ਸਿੰਘ ਪ੍ਰਿੰਸ ਵਾਸੀ ਪਿੰਡ ਗਾਜੀਕੋਟ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ 7 ਮਹੀਨਿਆਂ ਪਹਿਲਾਂ ਪੰਜਾਬ ਆਇਆ ਸੀ ਅਤੇ ਕੈਨੇਡੀਅਨ ਸੀਟੀਜ਼ਨ ਸੀ।ਇਸ ਤੋਂ ਇਲਾਵਾ 17 ਫਰਵਰੀ ਨੂੰ ਉਸ ਨੇ ਵਾਪਸ ਵਿਦੇਸ਼ ਜਾਣਾ ਸੀ। ਮ੍ਰਿਤਕ ਹੋਲੇ ਮਹੱਲੇ ’ਤੇ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਲਈ ਆਇਆ ਸੀ। ਭਾਵੇਂ ਇਸ ਸਬੰਧੀ ਕੋਈ ਵੀ ਉੱਚ-ਅਧਿਕਾਰੀ ਖੁੱਲ ਕੇ ਗੱਲ ਕਰਨ ਨੂੰ ਤਿਆਰ ਨਹੀਂ ਪਰ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਕੀਰਤਪੁਰ ਸਾਹਿਬ ਤੋ ਸ੍ਰੀ ਅਨੰਦਪੁਰ ਸਾਹਿਬ ਵੱਲ ਆਉਂਦੇ ਸਜ਼ਾਵਟੀ ਗੇਟ ਦੇ ਕੋਲ ਰਾਤ ਨੂੰ ਕੁਝ ਨਿਹੰਗ ਸਿੰਘ ਬਿਨਾਂ ਸਿਲੰਸਰ ਮੋਟਰਸਾਈਕਲ, ਟਰੈਕਟਰਾਂ ਤੇ ਵੱਡੇ ਸਪੀਕਰ ਲਗਾ ਕੇ ਹੋਲੇ ਮਹੱਲੇ ‘ਤੇ ਆਉਣ ਵਾਲਿਆਂ ਨੂੰ ਰੋਕ ਰਹੇ ਸਨ।
ਇਸ ਦੌਰਾਨ ਇਕ ਟਰੈਕਟਰ ਨੂੰ ਰੋਕਣ ‘ਤੇ ਉਸ ਵਿੱਚ ਸਵਾਰ ਨੌਜਵਾਨਾਂ ਦਾ ਨਿਹੰਗ ਸਿੰਘਾਂ ਨਾਲ ਝਗੜਾ ਹੋ ਗਿਆ ਤੇ ਇਸ ਝਗੜੇ ਵਿੱਚ 30-35 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਬੀਤੀ ਰਾਤ ਹੋਏ ਇਸ ਕਤਲ ਤੋਂ ਬਾਅਦ ਲਾਸ਼ ਨੂੰ ਰੋਪੜ ਹਸਪਤਾਲ ਲਿਜਾਇਆ ਗਿਆ। ਇਸ ਸਬੰਧੀ ਡੀ. ਐੱਸ. ਪੀ. ਅਜੇ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਮੰਨਿਆ ਕਿ ਰਾਤ ਇਕ ਝਗੜਾ ਹੋਇਆ, ਜਿਸ ਵਿੱਚ ਇਕ ਨਿਹੰਗ ਸਿੰਘ ਦੀ ਮੌਤ ਹੋਈ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਸਿਮਰਨਜੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

Comment here