ਇਨੇਗੋਲ-ਲਾਲ ਪਰੀ ਦੇ ਬੜੇ ਕਿੱਸੇ ਨੇ, ਲਾਲ ਪਰੀ ਦੇ ਸ਼ੌਕੀਨਾਂ ਦੇ ਉਸ ਤੋਂ ਵਧ ਕੇ ਕਿੱਸੇ ਨੇ। ਇੱਕ ਕਿੱਸਾ ਤੁਰਕੀ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਸ਼ਖਸ ਕਈ ਘੰਟੇ ਪੁਲਿਸ ਨਾਲ ਮਿਲ ਕੇ ਖੁਦ ਦੀ ਭਾਲ ਕਰਦਾ ਰਿਹਾ। ਇਹ ਮਾਮਲਾ ਤੁਰਕੀ ਦੇ ਇਨੇਗੋਲ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ। ਦਰਅਸਲ, ਤੁਰਕੀ ਦੇ ਉੱਤਰ-ਪੱਛਮੀ ਪ੍ਰਾਂਤ ਬਰਸਾ ਦੇ ਇਨੇਗੋਲ ਸ਼ਹਿਰ ਦਾ ਵਸਨੀਕ ਬੇਹਾਨ ਮੁਤਲੂ ਨਾਮਕ ਵਿਅਕਤੀ ਆਪਣੇ ਦੋਸਤਾਂ ਨਾਲ ਜੰਗਲ ਵਿੱਚ ਸ਼ਰਾਬ ਪੀ ਰਿਹਾ ਸੀ। ਇਸ ਸਮੇਂ ਦੌਰਾਨ ਉਹ ਜੰਗਲ ਵਿੱਚ ਘੁੰਮਦਾ ਰਿਹਾ। ਉਸ ਵਿਅਕਤੀ ਦੀ ਪਤਨੀ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਫ਼ੋਨ ਨਹੀਂ ਲੱਗਿਆ। ਕੁੱਝ ਘੰਟਿਆਂ ਦੀ ਉਡੀਕ ਤੋਂ ਬਾਅਦ, ਪਤਨੀ ਨੇ ਪੁਲਿਸ ਨੂੰ ਸੂਚਿਤ ਕਰਨਾ ਉਚਿਤ ਸਮਝਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ। ਵਿਅਕਤੀ ਦੀ ਭਾਲ ਕਰਦੇ ਹੋਏ ਪੁਲਿਸ ਜੰਗਲ ਵਿੱਚ ਪਹੁੰਚ ਗਈ। ਇਸ ਦੌਰਾਨ ਬਚਾਅ ਕਰਮਚਾਰੀਆਂ ਨੂੰ ਉੱਥੇ ਕੁਝ ਲੋਕਾਂ ਦਾ ਸਮੂਹ ਮਿਲਿਆ। ਜਦੋਂ ਪੁਲਿਸ ਨੇ ਇਸ ਸਮੂਹ ਵਿੱਚ ਸ਼ਾਮਲ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਉਸ ਸਮੂਹ ਨੇ ਪੁਲਿਸ ਦੇ ਨਾਲ ਲਾਪਤਾ ਵਿਅਕਤੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ। ਹੈਰਾਨੀਜਨਕ ਗੱਲ ਇਹ ਹੈ ਕਿ ਜਿਸ ਵਿਅਕਤੀ ਨੂੰ ਪੁਲਿਸ ਲੱਭ ਰਹੀ ਸੀ ਉਹ ਖੁਦ ਇਸ ਸਮੂਹ ਦਾ ਇੱਕ ਹਿੱਸਾ ਸੀ ਅਤੇ ‘ਖੁਦ’ ਦੀ ਭਾਲ ਕਰ ਰਿਹਾ ਸੀ। ਪਰ ਇੱਥੋਂ ਤੱਕ ਕਿ ਪੁਲਿਸ, ਇਸ ਅਸਲੀਅਤ ਤੋਂ ਅਣਜਾਣ ਸੀ। ਹਾਸੋਹੀਣੀ ਗੱਲ ਤਾਂ ਇਹ ਰਹੀ ਕਿ ਇਸ ਸ਼ਰਾਬੀ ਆਦਮੀ ਨੂੰ ਵੀ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਉਹ ਆਪਣੀ ਭਾਲ ਕਰ ਰਿਹਾ ਹੈ। ਜਿਵੇਂ ਹੀ ਪੁਲਿਸ ਨੇ ਬੇਹਾਨ ਮੁਤਲੂ ਨੂੰ ਉਸਦੇ ਨਾਮ ਨਾਲ ਬੁਲਾਇਆ, ਬਚਾਅ ਕਰਮਚਾਰੀਆਂ ਦੇ ਨਾਲ ਚੱਲ ਰਹੇ ਆਦਮੀ ਨੇ ਕਿਹਾ, ‘ਮੈਂ ਇੱਥੇ ਹਾਂ। ਫਿਰ ਕੀ ਸੀ, ਹਰ ਕੋਈ ਦੰਗ ਰਹਿ ਗਿਆ। ਪੁਲਿਸ ਵਾਲੇ ਇੱਕ ਦੂਜੇ ਦੇ ਚਿਹਰੇ ਵੱਲ ਵੇਖਣ ਲੱਗ ਪਏ ਕਿ ਉਹ ਇੰਨੇ ਲੰਮੇ ਸਮੇਂ ਤੋਂ ਕੀ ਮੂਰਖਤਾ ਕਰ ਰਹੇ ਸਨ। ਜਿਸ ਵਿਅਕਤੀ ਦੀ ਉਹ ਭਾਲ ਕਰ ਰਹੇ ਸਨ ਉਹ ਇੰਨੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਨਾਲ ਆਪਣੇ ਆਪ ਨੂੰ ਹੀ ਲੱਭ ਰਿਹਾ ਸੀ। ਪਰ ਪੁਲਸ ਨੇ ਫੇਰ ਵੀ ਚੈਨ ਦਾ ਸਾਹ ਲਿਆ ਕਿ ਚਲੋ ਲੱਭ ਤਾਂ ਗਿਆ…।
Comment here