ਅਪਰਾਧਖਬਰਾਂ

ਹੈਰੋਇਨ ਸਮਗਲਿੰਗ ਦਾ ਮੁਲਜ਼ਮ ਕਾਬੂ

ਮੁਲਜ਼ਮ, ਜੰਮੂ-ਕਸ਼ਮੀਰ ਤੋਂ ਪੰਜਾਬ ਆਉਣ ਵਾਲੀ 52 ਕਿਲੋ ਹੈਰੋਇਨ ਦੀ ਖੇਪ ਚ ਸ਼ਾਮਲ ਸੀ

ਕਪੂਰਥਲਾ-ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਕਪੂਰਥਲਾ ਪੁਲਿਸ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਪੁਲਿਸ ਦੁਆਰਾ 52 ਕਿਲੋਗ੍ਰਾਮ ਹੈਰੋਇਨ ਖੇਪ ਵਿੱਚ ਸ਼ਾਮਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਕਰਨ ਦੇ ਨਾਲ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਇਸ ਸਾਲ 24 ਨਵੰਬਰ ਨੂੰ 52 ਕਿਲੋ ਹੈਰੋਇਨ ਦੀ ਖੇਪ ਜੰਮੂ-ਕਸ਼ਮੀਰ ਤੋਂ ਪੰਜਾਬ ਵੱਲ ਭੇਜੀ ਜਾ ਰਹੀ ਸੀ ਜੋ ਜੰਮੂ-ਕਸ਼ਮੀਰ ਪੁਲਿਸ ਦੁਆਰਾ ਕਾਬੂ ਕਰ ਲਈ ਗਈ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਹੈਪੀ ਉਰਫ ਗੱਬਰ ਵਾਸੀ ਮਹਿਤਾਬਗੜ੍ਹ, ਕਪੂਰਥਲਾ ਵਜੋਂ ਹੋਈ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਪਤਾਨ ਪੁਲੀਸ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਥਾਣਾ ਸੁਭਾਨਪੁਰ ਦੇ ਮੁੱਖ ਅਫਸਰ ਨੇ ਆਪਣੀ ਟੀਮ ਸਮੇਤ ਤਾਜਪੁਰ ਕਪੂਰਥਲਾ ਨੇੜੇ ਨਡਾਲਾ ਰੋਡ, ਹਾਈਵੇਅ ਤੇ ਵਾਹਨਾਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਸੀ। ਨਾਕੇ ਦੌਰਾਨ ਪੁਲੀਸ ਨੇ ਇੱਕ ਕਾਰ ਨੂੰ ਤੇਜ਼ ਰਫ਼ਤਾਰ ’ਤੇ ਆਉਂਦਿਆਂ ਦੇਖਿਆ ਪਰ ਪੁਲੀਸ ਚੌਕੀ ਨੂੰ ਦੇਖ ਕੇ ਕਾਰ ਚਾਲਕ ਨੇ ਆਪਣੀ ਆਈ-20 ਕਾਰ ਨੰਬਰ (ਪੀਬੀ09-ਏਜੇ-5786) ਨੂੰ ਅੱਧ ਵਿਚਾਲੇ ਰੋਕ ਲਿਆ ਅਤੇ ਮੌਕੇ ਤੋਂ ਭੱਜਣ ਲੱਗਾ। ਸ਼ੱਕ ਦੇ ਆਧਾਰ ‘ਤੇ ਪੁਲਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ ਅਤੇ ਤਲਾਸ਼ੀ ਲੈਣ ‘ਤੇ ਉਸ ਦੇ ਕਬਜ਼ੇ ‘ਚੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਸੁਭਾਨਪੁਰ, ਕਪੂਰਥਲਾ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21 (ਬੀ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਸ਼ੇ ਸਰਹੱਦ ਪਾਰ ਤੋਂ ਸਪਲਾਈ ਕੀਤੇ ਜਾਂਦੇ ਹਨ ਅਤੇ ਪੰਜਾਬ ਰਾਜ ਦੇ ਅੰਦਰਲੇ ਇਲਾਕਿਆਂ ਵਿੱਚ ਵੇਚਣ ਲਈ ਭੇਜੇ ਜਾਂਦੇ ਹਨ। ਮੁਲਜ਼ਮ ਨੇ 52 ਕਿਲੋ ਹੈਰੋਇਨ ਦੀ ਖੇਪ ਵਿੱਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ, ਜੋ ਕਿ ਪੰਜਾਬ ਵੱਲ ਭੇਜੀ ਜਾ ਰਹੀ ਸੀ ਪਰ ਇਹ ਖੇਪ ਪਿਛਲੇ ਮਹੀਨੇ ਜੰਮੂ-ਕਸ਼ਮੀਰ ਵਿੱਚ ਫੜੀ ਗਈ ਸੀ। ਦੋਸ਼ੀ ਨੇ ਸਰਹੱਦ ਪਾਰ ਤਸਕਰਾਂ ਨਾਲ ਆਪਣੇ ਸਬੰਧਾਂ ਦਾ ਵੀ ਇਕਬਾਲ ਕੀਤਾ ਹੈ। ਐਸ.ਐਸ.ਪੀ ਨੇ ਦੱਸਿਆ ਕਿ ਸਾਰੀ ਚੇਨ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਸਾਰੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਰੈਕੇਟ ਦੇ ਬਾਕੀ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।

Comment here