ਅਪਰਾਧਸਿਆਸਤਖਬਰਾਂ

ਹੈਦਰਪੋਰਾ ਮੁਕਾਬਲੇ ਦੀ ਮੈਜਿਸਟਰੇਟੀ ਜਾਂਚ ਦੇ ਆਦੇਸ਼

ਕਬਰਾਂ ਚੋਂ ਕੱਢੀਆਂ ਲਾਸ਼ਾਂ

ਸ੍ਰੀਨਗਰ-ਜੰਮੂ ਕਸ਼ਮੀਰ ਦੇ ਹੈਦਰਪੋਰਾ ਚ ਕਥਿਤ ਪੁਲਸ ਮੁਕਾਬਲੇ ਚ ਮਾਰੇ ਗਏ ਦੋ ਆਮ ਨਾਗਰਿਕਾਂ ਦੀ ਮੌਤ ਨੂੰ ਲੈ ਕੇ ਬਹੁਤ ਸਾਰੇ ਸਵਾਲ ਉਠ ਰਹੇ ਹਨ, ਜਿਸ ਮਗਰੋਂ ਪਰਸ਼ਾਸਨ ਨੇ ਮੁਕਾਬਲੇ ਦੀ  ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਉੱਪ ਰਾਜਪਾਲ ਮਨੋਜ ਸਿਨਹਾ ਨੇ ਟਵੀਟ ਕੀਤਾ,ਕਿ  ‘ਹੈਦਰਪੋਰਾ ਮੁਕਾਬਲੇ ਦੀ ਏਡੀਐੱਮ ਪੱਧਰ ਦੇ ਅਧਿਕਾਰੀ ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਿਵੇਂ ਹੀ ਸਮਾਂਬੱਧ ਢੰਗ ਨਾਲ ਰਿਪੋਰਟ ਸੌਂਪੀ ਜਾਵੇਗੀ ਤਾਂ ਸਰਕਾਰ ਢੁੱਕਵੀਂ ਕਾਰਵਾਈ ਕਰੇਗੀ। ਜੰਮੂ ਕਸ਼ਮੀਰ ਪ੍ਰਸ਼ਾਸਨ ਬੇਕਸੂਰ ਨਾਗਰਿਕਾਂ ਦੀ ਜਾਨ ਦੀ ਰਾਖੀ ਕਰਨ ਲਈ ਪ੍ਰਤੀਬੱਧਤਾ ਦੁਹਰਾਉਂਦਾ ਹੈ ਤੇ ਉਹ ਯਕੀਨੀ ਬਣਾਏਗਾ ਕਿ ਕੋਈ ਅਨਿਆਂ ਨਾ ਹੋਵੇ।’

ਲੰਘੇ ਸੋਮਵਾਰ ਨੂੰ ਮੁਕਾਬਲੇ ’ਚ ਮਾਰੇ ਗਏ ਮੁਹੰਮਦ ਅਲਤਾਫ ਭੱਟ (ਮਕਾਨ ਮਾਲਕ), ਮੁਦਾਸਿਰ ਗੁਲ (ਕਿਰਾਏਦਾਰ) ਤੇ ਆਮਿਰ ਮਗਰੇ (ਗੁਲ ਨਾਲ ਕੰਮ ਕਰਨ ਵਾਲਾ ਲੜਕਾ) ਇਹਨਾਂ ਦੇ ਪਰਿਵਾਰ ਮੁਜ਼ਾਹਰਾ ਕਰ ਰਹੇ ਹਨ। ਅਤੇ  ਲਾਸ਼ਾਂ ਅੰਤਿਮ ਰਸਮਾਂ ਲਈ ਉਨ੍ਹਾਂ ਨੂੰ ਸੌਂਪਣ ਦੀ ਮੰਗ ਕਰ ਰਹੇ ਹਨ। ਇਸ ਕਥਿਤ ਮੁਕਾਬਲੇ ’ਚ ਮਾਰੇ ਗਏ ਚਾਰ ਜਣਿਆਂ ਦੀਆਂ ਲਾਸ਼ਾਂ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ’ਚ ਪੁਲਸ ਵਲੋੰ ਦਫ਼ਨਾਈਆਂ ਗਈਆਂ ਸਨ। ਮੈਜਸਿਟਰੇਟੀ ਜਾਂਚ ਦੇ ਆਦੇਸ਼ ਦੇ ਦੌਰਾਨ ਹੀ ਲਾਸ਼ਾਂ ਕਢੀਆਂ ਗਈਆਂ। ਇਸ ਦੌਰਾਨ ਹੈਦਰਪੋਰਾ ਪੀੜਤ  ਪਰਿਵਾਰਕ ਮੈਂਬਰਾਂ ਨੂੰ ਲੰਘੀ ਅੱਧੀ ਰਾਤ ਦੇ ਕਰੀਬ ਪੁਲੀਸ ਨੇ ਤਾਕਤ ਦੀ ਵਰਤੋਂ ਕਰਦਿਆਂ ਧਰਨੇ ਵਾਲੀ ਥਾਂ ਤੋਂ ਹਟਾ ਦਿੱਤਾ ਤੇ ਕੁਝ ਨੂੰ ਹਿਰਾਸਤ ’ਚ ਵੀ ਲੈ ਲਿਆ। ਉਹ ਇੱਥੇ ਪ੍ਰੈੱਸ ਐਨਕਲੇਵ ’ਚ ਧਰਨੇ ’ਤੇ ਬੈਠੇ ਸਨ। ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਇਲਾਕੇ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ।ਜੰਮੂ ਕਸ਼ਮੀਰ ਦੇ ਮੁੱਖ ਧਾਰਾ ਦੇ ਆਗੂਆਂ ਨੇ ਪੁਲੀਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਪੁਲੀਸ ਕਾਰਵਾਈ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ, ‘ਬੇਕਸੂਰ ਲੋਕਾਂ ਦੀਆਂ ਲਾਸ਼ਾਂ ਸੌਂਪਣ ਦੀ ਥਾਂ ਪੁਲੀਸ ਨੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਮੰਗਦੇ ਲੋਕਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ। ਯਕੀਨ ਤੋਂ ਬਾਹਰ ਦਾ ਜ਼ੁਲਮ ਤੇ ਸੰਵੇਦਨਹੀਣਤਾ। ਘੱਟੋ ਘੱਟ ਉਹ ਲਾਸ਼ਾਂ ਤਾਂ ਦੇ ਸਕਦੇ ਹਨ।’  ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਪੁਲੀਸ ਅਜਿਹਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਦਿਲ ਦੀ ਦੂਰੀ ਤੇ ਦਿੱਲੀ ਤੋਂ ਦੂਰੀ’ ਖਤਮ ਕਰਨ ਦਾ ਵਾਅਦਾ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ, ‘ਉਨ੍ਹਾਂ ਦੀਆਂ ਮੰਗ ਜਾਇਜ਼ ਤੇ ਵਿਹਾਰ ਸਲੀਕੇ ਵਾਲਾ ਰਿਹਾ। ਇਸ ਦਾ ਨਤੀਜਾ ਸਾਰਿਆਂ ਨੂੰ ਦਿਖਾਈ ਦੇ ਰਿਹਾ ਹੈ ਕਿ ਪੁਲੀਸ ਰਾਤ ਦੇ ਹਨੇਰੇ ’ਚ ਉਨ੍ਹਾਂ ਨੂੰ ਘਸੀਟ ਕੇ ਲੈ ਗਈ।’ ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਨੇ ਕਿਹਾ ਕਿ ਪ੍ਰਸ਼ਾਸਨ ਆਪਣਾ ਅਣਮਨੁੱਖੀ ਤੇ ਬਦਸੂਰਤ ਚਿਹਰਾ ਪੇਸ਼ ਕਰਨ ਲਈ ਬਜ਼ਿੱਦ ਹੈ।  ਨੈਸ਼ਨਲ ਕਾਨਫੰਰਸ ਦੇ ਆਗੂ ਰਾਹੱਲ੍ਹਾ ਮਹਿਦੀ ਨੇ ਟਵੀਟ ਕੀਤਾ, ‘ਜੰਮੂ ਕਸ਼ਮੀਰ ਪੁਲੀਸ, ਜਨਰਲ ਡਾਇਰ ਨੂੰ ਤੁਹਾਡੇ ’ਤੇ ਬਹੁਤ ਮਾਣ ਹੋਵੇਗਾ।’ ਇਸੇ ਦੌਰਾਨ ਹੁਰੀਅਤ ਕਾਨਫਰੰਸ ਨੇ ਹੈਦਰਪੋਰਾ ਮੁਕਾਬਲੇ ’ਚ ਹਲਾਕ ਹੋਏ ਲੋਕਾਂ ਦੇ ਪਰਿਵਾਰਾਂ ਦੀ ਹਮਾਇਤ ’ਚ ਅਜ 19 ਨਵੰਬਰ ਨੂੰ ਬੰਦ ਦਾ ਸੱਦਾ ਦਿੱਤਾ ਹੈ।

ਜੁਡੀਸ਼ੀਅਲ ਜਾਂਚ ਦੀ ਮੰਗ

ਗੁਪਕਾਰ ਗੱਠਜੋੜ ਨੇ ਇਸ ਮੁਕਾਬਲੇ ਦੀ ਜੁਡੀਸ਼ਲ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ  ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਮੈਜਿਸਟਰੇਟੀ ਜਾਂਚ ਦੇ ਦਿੱਤੇ ਹੁਕਮਾਂ ਨਾਲ ਘਟਨਾ ਦਾ ਸੱਚ ਸਾਹਮਣੇ ਨਹੀਂ ਆ ਸਕਦਾ। ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਹੈਦਰਪੋਰਾ ਮੁਕਾਬਲੇ ਦੀ ਕਾਨੂੰਨੀ ਜਾਂਚ ਦੀ ਮੰਗ ਕੀਤੀ। ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਲੋਕ ਕਿਵੇਂ ਅਤੇ ਕਿਉਂ ਮਾਰੇ ਗਏ। ਇਹ ਪੁਲਸ ਦਾ ਮਾਮਲਾ ਹੈ, ਨਾ ਕਿ ਫੌਜ ਦਾ। ਹਾਈ ਕੋਰਟ ਦੇ ਕਿਸੇ ਜੱਜ ਦੇ ਅਧੀਨ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਪੁਲਸ ਦੀ ਟੀਮ ਖੁਦ ਪੁਲਸ ‘ਤੇ ਲੱਗੇ ਦੋਸ਼ਾਂ ਦੀ ਜਾਂਚ ਕਿਵੇਂ ਕਰ ਸਕਦੀ ਹੈ।

 

 

Comment here