ਅੰਮ੍ਰਿਤਸਰ- ਉਤਰਾਖੰਡ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾ ਲਈ ਸੰਗਤਾਂ ਸਦਾ ਉਤਸੁਕ ਰਹਿੰਦੀਆਂ ਹਨ। ਸਾਲਾਨਾ ਯਾਤਰਾ ਇਸ ਵਾਰ ਨਿਰਧਾਰਤ ਸਮੇਂ ’ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ ਪਰ ਫਿਲਹਾਲ ਇਹ ਸਾਰਾ ਇਲਾਕਾ ਬਰਫ ਨਾਲ ਢਕਿਆ ਹੋਇਆ ਹੈ। ਇਸ ਦੀ ਜਾਣਕਾਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਆਗੂ ਨਰਿੰਦਰਪਾਲ ਸਿੰਘ ਬਿੰਦਰਾ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਦੀ ਟੀਮ ਮੈਨੇਜਰ ਸੇਵਾ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਹੋ ਕੇ ਆਈ ਹੈ, ਜਿਥੇ ਫਿਲਹਾਲ ਤਿੰਨ ਤੋਂ ਚਾਰ ਫੁੱਟ ਤੱਕ ਬਰਫ ਪਈ ਹੋਈ ਹੈ। ਗੁਰਦੁਆਰਾ ਗੋਬਿੰਦ ਧਾਮ ਦਾ ਸਮੁੱਚਾ ਇਲਾਕਾ ਫਿਲਹਾਲ ਬਰਫ਼ ਦੀ ਜਕੜ ਵਿੱਚ ਹੈ। ਮੈਨੇਜਰ ਸੇਵਾ ਸਿੰਘ ਅਨੁਸਾਰ ਰਾਮ ਡੂੰਘੀ ਗਲੇਸ਼ੀਅਰ ’ਤੇ ਫਿਲਹਾਲ 4 ਫੁੱਟ ਤੋਂ ਵਧੇਰੇ ਬਰਫ ਹੈ ਅਤੇ ਉਥੋਂ ਡੇਢ ਕਿਲੋਮੀਟਰ ਦੂਰ ਗੁਰਦੁਆਰਾ ਗੋਬਿੰਦ ਧਾਮ ਤੱਕ ਸਮੁੱਚਾ ਮਾਰਚ 3 ਫੁੱਟ ਬਰਫ ਨਾਲ ਢਕਿਆ ਹੋਇਆ ਹੈ। । ਉਨ੍ਹਾਂ ਨੇ ਬਰਫ ਹਟਾਉਣ ਲਈ 418 ਇੰਜੀਨੀਅਰ ਕੋਰ ਦੇ ਕਰਮਚਾਰੀਆਂ ਨੂੰ ਪੱਤਰ ਲਿਖਿਆ ਹੈ। ਅਪ੍ਰੈਲ ਮਹੀਨੇ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ ਕਰਨਗੇ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੋਲ੍ਹਣ ਦੀ ਮਿਤੀ ਦਾ ਐਲਾਨ ਵਿਸਾਖੀ ਤੋਂ ਬਾਅਦ ਕੀਤਾ ਜਾਵੇਗਾ।
Comment here