ਇਸਲਾਮਾਬਾਦ-ਪਾਕਿਸਤਾਨ ਦੇ ਵੱਖਵਾਦੀ ਹੁਰੀਅਤ ਨੇਤਾ ਅਲਤਾਫ ਅਹਿਮਦ ਸ਼ਾਹ ਦੀ ਕਥਿਤ ਹਿਰਾਸਤ ‘ਚ ਹੋਈ ਮੌਤ ‘ਤੇ ਸਖਤ ਇਤਰਾਜ਼ ਜਤਾਇਆ। ਇਸ ਸੰਬੰਧੀ ਪਾਕਿਸਤਾਨ ਨੇ ਭਾਰਤੀ ਦੂਤਘਰ ਦੇ ਇੰਚਾਰਜ ਨੂੰ ਤਲਬ ਕੀਤਾ ਹੈ। ਅਲਤਾਫ ਮਰਹੂਮ ਪਾਕਿਸਤਾਨ ਪੱਖੀ ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਦਾ ਜਵਾਈ ਹੈ। ‘ਅਲਤਾਫ ਫਨਟੂਸ਼’ ਦੇ ਨਾਂ ਨਾਲ ਜਾਣੇ ਜਾਂਦੇ ਅਲਤਾਫ ਦੀ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ‘ਚ ਦਾਖਲ ਹੋਣ ਤੋਂ ਕੁਝ ਦਿਨ ਬਾਅਦ ਮੰਗਲਵਾਰ ਨੂੰ ਕੈਂਸਰ ਕਾਰਨ ਮੌਤ ਹੋ ਗਈ।
ਦਿੱਲੀ ਹਾਈ ਕੋਰਟ ਦੇ ਹੁਕਮਾਂ ‘ਤੇ ਉਨ੍ਹਾਂ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ। ਅਲਤਾਫ਼ 66 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ। ਵੱਖਵਾਦੀ ਨੇਤਾ ਨੂੰ 2017 ਵਿੱਚ ਛੇ ਹੋਰਾਂ ਦੇ ਨਾਲ ਇੱਕ ਅੱਤਵਾਦ ਫੰਡਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤਿਹਾੜ ਜੇਲ੍ਹ ਵਿੱਚ ਬੰਦ ਸੀ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਦਫਤਰ ਨੇ ਇਕ ਬਿਆਨ ‘ਚ ਦੋਸ਼ ਲਾਇਆ ਕਿ ਭਾਰਤ ਸਰਕਾਰ ‘ਕਿਡਨੀ ਕੈਂਸਰ’ ਤੋਂ ਪੀੜਤ ਅਲਤਾਫ ਨੂੰ ਨਾ ਸਿਰਫ ਤਸੱਲੀਬਖਸ਼ ਇਲਾਜ ਮੁਹੱਈਆ ਕਰਵਾਉਣ ‘ਚ ਅਸਫਲ ਰਹੀ ਹੈ, ਸਗੋਂ ਉਸ ਦੇ ਹਸਪਤਾਲ ‘ਚ ਭਰਤੀ ਅਤੇ ਜ਼ਰੂਰੀ ਟੈਸਟਾਂ ‘ਚ ਵੀ ਬੇਲੋੜੀ ਦੇਰੀ ਕੀਤੀ ਹੈ।
ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ, ‘‘ਇਹ ਸਪੱਸ਼ਟ ਹੈ ਕਿ ਅਲਤਾਫ਼ ਅਹਿਮਦ ਸ਼ਾਹ ਨੂੰ ਤਸੀਹੇ ਦਿੱਤੇ ਗਏ ਅਤੇ ਸਜ਼ਾ ਦਿੱਤੀ ਗਈ ਕਿਉਂਕਿ ਉਹ ਹੁਰੀਅਤ ਆਗੂ ਸਈਅਦ ਅਲੀ ਗਿਲਾਨੀ ਦਾ ਜਵਾਈ ਅਤੇ ਕਸ਼ਮੀਰੀ ਲੋਕਾਂ ਦਾ ਸੱਚਾ ਨੁਮਾਇੰਦਾ ਸੀ।’’ ਸਰਕਾਰ ਨੂੰ ਉਸ ਦੀ ਮੌਤ ਦੀ ਤੁਰੰਤ ਜਾਂਚ ਕਰਨੀ ਚਾਹੀਦੀ ਹੈ ਅਤੇ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।
Comment here