ਨਵੀਂ ਦਿੱਲੀ-ਨੋਟਬੰਦੀ ਕੀਹਨੂੰ ਭੁੱਲੀ ਹੈ, ਇਕ ਵਾਰ ਫੇਰ ਕੁਝ ਅਜਿਹਾ ਹੋਣ ਜਾ ਰਿਹਾ ਹੈ, ਪਰ ਇਸ ਵਾਰ ਇਹ ਚਾਣਚੱਕ ਨਹੀਂ ਹੋਵੇਗਾ। ਆਰ ਬੀ ਆਈ 100 ਰੁਪਏ ਦੇ ਨਵੇਂ ਜਾਮਨੀ ਰੰਗ ਵਾਲੇ ਨੋਟ ਬਦਲਣ ਦੀ ਤਿਆਰੀ ‘ਚ ਹੈ। ਇਸ ਕਰੰਸੀ ਨੋਟ ਦੇ ਗਲਣ ਤੇ ਫਟਣ ਦੀਆਂ ਸ਼ਿਕਾਇਤਾਂ ਮਿਲੀਆਂ ਸੀ, ਰਿਜ਼ਰਵ ਬੈਂਕ ਨੇ ਇਸ ਪ੍ਰੇਸ਼ਾਨੀ ਦਾ ਹੱਲ ਕੱਢ ਲਿਆ ਹੈ। ਰਿਜ਼ਰਵ ਬੈਂਕ ਛੇਤੀ ਹੀ 100 ਰੁਪਏ ਦੇ ਅਜਿਹੇ ਨਵੇਂ ਨੋਟ ਲਿਆਉਣ ਦੀ ਤਿਆਰੀ ’ਚ ਹੈ, ਜੋ ਨਾ ਗਲਣਗੇ ਤੇ ਨਾ ਹੀ ਫਟਣਗੇ। ਰਿਜ਼ਰਵ ਬੈਂਕ ਆਫ ਇੰਡੀਆ 100 ਰੁਪਏ ਦੇ ਵਾਰਨਿਸ਼ ਲੱਗੇ ਨੋਟ ਜਾਰੀ ਕਰੇਗੀ, ਹਾਲੇ ਇਸ ਨੂੰ ਟ੍ਰਾਇਲ ਦੇ ਆਧਾਰ ’ਤੇ ਜਾਰੀ ਕੀਤਾ ਜਾ ਰਿਹਾ ਹੈ। ਫੀਲਡ ਟ੍ਰਾਇਲ ਸਫਲ ਰਹਿਣ ਤੋਂ ਬਾਅਦ ਨੋਟ ਬਾਜ਼ਾਰ ’ਚ ਉਤਾਰੇ ਜਾਣਗੇ ਤੇ ਪੁਰਾਣੇ ਨੋਟ ਹੌਲੀ-ਹੌਲੀ ਸਿਸਟਮ ਤੋਂ ਬਾਹਰ ਕਰ ਦਿੱਤੇ ਜਾਣਗੇ। ਵਾਰਨਿਸ਼ ਲੱਗੇ 100 ਰੁਪਏ ਦੇ ਨੋਟ ਵੀ ਜਾਮਨੀ ਰੰਗ ਦੇ ਹੀ ਹੋਣਗੇ। ਤੇ ਨੋਟ ਗਾਂਧੀ ਸੀਰੀਜ਼ ਦਾ ਹੀ ਹੋਵੇਗਾ। ਹੁਣ ਚਲ ਰਹੇ ਨਵੇਂ 100 ਰੁਪਏ ਦੇ ਨੋਟ ਦੀ ਔਸਤਨ ਉਮਰ ਢਾਈ ਤੋਂ ਸਾਢੇ 3 ਸਾਲ ਹੈ। ਤੇ ਵਾਰਨਿਸ਼ ਲੱਗੇ ਨੋਟ ਦੀ ਉਮਰ ਕਰੀਬ 7 ਸਾਲ ਹੋਵੇਗੀ।
Comment here