ਸਿਆਸਤਖਬਰਾਂ

ਹੁਣ ਸ਼ਰਾਬੀ ਭਰਨਗੇ ਪੰਜਾਬ ਦਾ ਖਾਲੀ ਖਜ਼ਾਨਾ

ਚੰਡੀਗੜ੍ਹ-ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਈ ਸੈਕਟਰਾਂ ਨੂੰ ਮੁਫਤ ਚੀਜ਼ਾਂ ਉਪਲਬੱਧ ਕਰਵਾ ਕੇ ਖਜ਼ਾਨੇ ਨੂੰ ਖਾਲੀ ਕਰ ਦਿੱਤਾ ਹੈ ਪਰ ਪੰਜਾਬ ਲਈ ਚੰਗੀ ਗੱਲ ਇਹ ਹੈ ਕਿ ਇਸ ਵਾਰ ਸ਼ਰਾਬ ਤੋਂ ਹੋਣ ਵਾਲੀ ਆਮਦਨ ਇਸ ਨੁਕਸਾਨ ਦੀ ਭਰਪਾਈ ਕਰ ਦੇਵੇਗੀ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਐਕਸਾਈਜ਼ ਤੋਂ ਹੋਣ ਵਾਲੀ ਆਮਦਨ ਬਜਟ ਅਨੁਮਾਨ ਦੇ ਮੁਤਾਬਕ ਹੋਣ ਜਾ ਰਹੀ ਹੈ। ਜਦਕਿ ਇਸ ਤੋਂ ਪਹਿਲਾਂ ਸਰਕਾਰ ਜਿਨੀ ਵੀ ਆਮਦਨ ਦਾ ਅਨੁਮਾਨ ਲਾਉਂਦੀ ਰਹੀ ਹੈ ਉਸ ਤੋਂ ਪੰਜ ਸੌ ਕਰੋੜ ਦੇ ਲਗਪਗ ਘੱਟ ਹੀ ਆਉਂਦੀ ਰਹੀ ਹੈ ਪਰ ਇਸ ਸਾਲ ਸੰਭਵ ਹੈ ਕਿ ਆਮਦਨੀ ਦਾ ਅੰਕੜਾ ਸੱਤ ਹਜ਼ਾਰ ਕਰੋੜ ਨੂੰ ਛੂਹ ਜਾਵੇ।
ਐਕਸਾਈਜ਼ ਤੋਂ ਹੋਣ ਵਾਲੀ ਆਮਦਨ ’ਚ ਪਿਛਲੇ ਸਾਲ ਦੇ ਨਵੰਬਰ ਮਹੀਨੇ ਦੇ ਮੁਕਾਬਲੇ ਸਰਕਾਰ ਨੂੰ 25.12 ਕਰੋੜ ਰੁਪਏ ਦੀ ਆਮਦਨੀ ਜ਼ਿਆਦਾ ਹੋਈ ਹੈ। ਪਿਛਲੇ ਸਾਲ ਨਵੰਬਰ ਮਹੀਨੇ ’ਚ 502 ਕਰੋੜ ਰੁਪਏ ਦੀ ਆਮਦਨ ਹੋਈ ਸੀ ਜਦਕਿ ਇਸ ਸਾਲ 527 ਕਰੋੜ ਮਿਲੇ ਹਨ। ਇਹੀ ਨਹੀਂ, ਜੇਕਰ ਨਵੰਬਰ ਮਹੀਨੇ ਤਕ ਦਾ ਹਿਸਾਬ ਲਾਇਆ ਜਾਵੇ ਤਾਂ ਪਿਛਲੇ ਸਾਲ ਨਵੰਬਰ ਮਹੀਨੇ ਤਕ ਸਰਕਾਰ ਨੂੰ 3476 ਕਰੋੜ ਰੁਪਏ ਦੀ ਆਮਦਨੀ ਹੋਈ ਸੀ ਜੋ ਇਸ ਸਾਲ ਵੱਧ ਕੇ 3977 ਕਰੋੜ ਰੁਪਏ ਦੇ ਲਗਪਗ ਹੋ ਗਈ ਹੈ ਜੋ 500 ਕਰੋੜ ਰੁਪਏ ਜ਼ਿਆਦਾ ਹੈ।
ਵਿਭਾਗ ਦੇ ਇਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਰਾਬ ਨੂੰ ਲੈ ਕੇ ਕੀਤੀ ਗਈ ਸਖ਼ਤੀ ਦਾ ਹੀ ਇਹ ਨਤੀਜਾ ਹੈ ਕਿ ਇਸ ਵਾਲ ਮਾਲੀਆ ਜ਼ਿਆਦਾ ਆ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਗੁਆਂਢੀ ਸੂਬਿਆਂ ਤੋਂ ਹੋਣ ਵਾਲੀ ਤਸਕਰੀ ਤੋਂ ਇਲਾਵਾ ਪੰਜਾਬ ਦੀ ਡਿਸਟਿਲਰੀ ’ਚੋਂ ਨਿਕਲਣ ਵਾਲੀ ਗੈਰ-ਕਾਨੂੰਨੀ ਸ਼ਰਾਬ ਵੀ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੀ ਸੀ ਜਿਸ ’ਤੇ ਸਖਤੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਨਵੰਬਰ ਮਹੀਨੇ ਦੇ ਪਹਿਲੇ ਹਫਤੇ ’ਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ’ਚ ਕਮੀ ਕੀਤੀ ਸੀ ਤੇ ਇਸ ਤੋਂ ਇਕ ਹਫਤੇ ਪਹਿਲਾਂ ਕੇਂਦਰ ਸਰਕਾਰ ਨੇ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਸੀ ਜਿਸ ਨਾਲ ਇਹ ਸ਼ੱਕ ਕੀਤਾ ਜਾ ਰਿਹਾ ਸੀ ਕਿ ਵੈਟ ਤੋਂ ਹੋਣ ਵਾਲੀ ਆਮਦਨ ਘਟੇਗੀ ਪਰ ਨਵੰਬਰ ਮਹੀਨੇ ’ਚ ਵੀ ਸਰਕਾਰ ਨੂੰ ਪਿਛਲੇ ਸਾਲ ਦੇ ਮੁਕਾਬਲੇ 211.89 ਕਰੋੜ ਰੁਪਏ ਜ਼ਿਆਦਾ ਆਏ ਹਨ।
ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਗੁਆਂਢੀ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਫਰਕ ਹੋਣ ਕਾਰਨ ਸਾਡਾ ਜ਼ਿਆਦਾ ਰੈਵੇਨਿਊ ਇਨ੍ਹਾਂ ਸੂਬਿਆਂ ’ਚ ਚਲਿਆ ਜਾਂਦਾ ਸੀ ਜਿਸ ’ਚ ਹੁਣ ਕਮੀ ਆਵੇਗੀ। ਇਸ ਸਾਲ ਪੈਟਰੋਲ ਤੇ ਡੀਜ਼ਲ ਦੀਆਂ ਜ਼ਿਆਦਾ ਕੀਮਤਾਂ ਨੇ ਸਰਕਾਰ ਦਾ ਬਜਟ ਅਨੁਮਾਨਾਂ ਤੋਂ ਵਧਾ ਦਿੱਤਾ। ਬਜਟ ਅਨੁਮਾਨ ਅਨੁਸਾਰ ਵਿੱਤੀ ਵਿਭਾਗ ਨੇ ਵੈਟ ਰਾਹੀਂ 6027.76 ਕਰੋੜ ਰੁਪਏ ਦੀ ਆਮਦਨੀ ਹੋਣ ਦੇ ਬਾਰੇ ’ਚ ਜ਼ਿਕਰ ਕੀਤਾ ਸੀ ਪਰ ਨਵੰਬਰ ਮਹੀਨੇ ਤਕ ਹੀ ਵੈਟ ਤੋਂ ਸਰਕਾਰ ਨੂੰ 5625 ਕਰੋੜ ਰੁਪਏ ਦੀ ਆਮਦਨੀ ਹੋ ਚੁੱਕੀ ਹੈ। ਇਸੇ ਤਹਿਤ ਹਰ ਮਹੀਨੇ ਲਗਪਗ 950 ਕਰੋੜ ਰੁਪਏ ਆ ਰਹੇ ਹਨ। ਅਜਿਹੇ ’ਚ ਲਗਪਗ ਚਾਰ ਹਜ਼ਾਰ ਕਰੋੜ ਰੁਪਏ ਹੋਰ ਆਉਣ ਦੀ ਉਮੀਦ ਹੈ।
ਇਸੇ ਤਰ੍ਹਾਂ ਜੀਐੱਸਟੀ ਦੀ ਕੁਲੇਕਸ਼ਨ ਜਿਸ ਤਰ੍ਹਾਂ ਨਾਲ ਦੇਸ਼ ਭਰ ’ਚ ਚੰਗੀ ਹੋ ਰਹੀ ਹੈ ਉਸ ਤੋਂ ਪੰਜਾਬ ਵੀ ਅਛੂਤ ਨਹੀਂ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ 16 ਹਜ਼ਾਰ ਕਰੋੜ ਰੁਪਏ ਦਾ ਅਨੁਮਾਨ ਲਾਇਆ ਸੀ ਜੋ 31 ਮਾਰਚ 2022 ਤਕ ਇਸਦੇ ਕਰੀਬ ਪਹੁੰਚਦਾ ਨਜ਼ਰ ਆ ਰਿਹਾ ਹੈ। ਨਵੰਬਰ ਮਹੀਨੇ ਦੇ ਅੰਤ ਤਕ ਸਰਕਾਰ ਨੇ 10463.79 ਕਰੋੜ ਰੁਪਏ ਦਾ ਰੈਵੇਨਿਊ ਇਕੱਤਰ ਕਰ ਲਿਆ ਹੈ ਤੇ ਔਸਤਨ ਹਰ ਮਹੀਨੇ 1375 ਕਰੋੜ ਰੁਪਏ ਆ ਰਹੇ ਹਨ। ਯਾਨੀ ਅਗਲੇ ਚਾਰ ਮਹੀਨਿਆਂ ’ਚ 5400 ਕਰੋੜ ਰੁਪਏ ਹੋਰ ਆਉਣ ਨਾਲ ਬਜਟ ਅਨੁਮਾਨ ਦੇ ਕਰੀਬ ਪਹੁੰਚ ਜਾਵੇਗਾ।

Comment here