ਅਪਰਾਧਖਬਰਾਂ

ਹੁਣ ਬਟਾਲਾ ਚੋਂ ਹੈਂਡ ਗ੍ਰਨੇਡ ਤੇ ਹੋਰ ਹਥਿਆਰ ਬਰਾਮਦ

ਬਟਾਲਾ– ਹਾਲ ਹੀ ਵਿੱਚ ਅਮ੍ਰਿਤਸਰ ਪੁਲਸ ਨੇ ਦੋ ਖਾਲਿਸਤਾਨੀ ਅੱਤਵਾਦੀਆਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਸੀ, ਅੰਮ੍ਰਿਤਪਾਲ ਸਿੰਘ ਅਤੇ ਸੈਮੀ, ਦੋਵੇਂ ਵਾਸੀ ਅਮ੍ਰਿਤਸਰ  ਕੋਲੋਂ ਦੋ ਹੈਂਡ-ਗ੍ਰਨੇਡ, ਇੱਕ ਪਿਸਤੌਲ (9 ਐਮ.ਐਮ.) ਸਮੇਤ ਜਿੰਦਾ ਕਾਰਤੂਸ ਤੇ ਮੈਗਜ਼ੀਨ ਬਰਾਮਦ ਕੀਤੇ ਗਏ ਸਨ। ਕਥਿਤ ਤੌਰ ‘ਤੇ ਇਹ ਦੋਵੇਂ ਯੂਕੇ ਅਧਾਰਤ ਅੱਤਵਾਦੀ ਗਿਰੋਹ ਨਾਲ ਜੁੜੇ ਹੋਏ ਸਨ ਅਤੇ ਯੂ.ਕੇ ਦੇ ਅੱਤਵਾਦੀ ਗੁਰਪ੍ਰੀਤ ਸਿੰਘ ਖਾਲਸਾ ਉਰਫ ਗੁਰਪ੍ਰੀਤ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਦੀ ਗ੍ਰਿਫਤਾਰੀ ਤੋਂ ਦੋ ਦਿਨਾਂ ਬਾਅਦ ਪੰਜਾਬ ਪੁਲਿਸ ਨੇ ਬਟਾਲਾ ਦੇ ਪਿੰਡ ਸੁਚੇਤਗੜ ਨੇੜੇ ਤਲਾਸ਼ੀ ਲਈ ਤਾਂ ਪੁਲਿਸ ਟੀਮ ਨੇ ਮੌਕੇ ਤੋਂ ਚਾਰ ਹੋਰ ਹੈਂਡ ਗ੍ਰਨੇਡ ਸਮੇਤ ਤਿੰਨ ਪਿਸਤੌਲ (9 ਐਮਐਮ), ਛੇ ਮੈਗਜੀਨ ਅਤੇ 30 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਪਤਾ ਲਗਦਾ ਹੈ ਕਿ ਬਰਾਮਦ ਕੀਤੇ ਹਥਿਆਰ ਅਤੇ ਗੋਲਾ-ਬਾਰੂਦ ਦੀ ਵਰਤੋਂ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਕੀਤੀ ਜਾਣੀ ਸੀ। ਡੀਜੀਪੀ ਨੇ ਕਿਹਾ ਕਿ ਇਸ ਕਾਰਵਾਈ ਤੋਂ ਬਾਅਦ ਪੁਲਿਸ ਨੇ ਐਫਆਈਆਰ ਵਿਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਧਾਰਾਵਾਂ 13, 16, 18, 20 ਵੀ ਸ਼ਾਮਲ ਕਰ ਲਈਆਂ ਗਈਆਂ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਰਮਡ ਐਕਟ ਦੀ ਧਾਰਾ 25/27 ਅਤੇ ਵਿਸਫੋਟਕ ਪਦਾਰਥ (ਸੋਧ) ਐਕਟ ਦੀ 3,4,5 ਤਹਿਤ ਐਫਆਈਆਰ ਨੰ. 187 ਮਿਤੀ 16.8.2021 ਨੂੰ ਥਾਣਾ ਘਰਿੰਡਾ, ਅਮ੍ਰਿਤਸਰ ਵਿਖੇ ਦਰਜ ਕੀਤੀ ਗਈ ਸੀ। ਯਾਦ ਰਹੇ  ਸੁਤੰਤਰਤਾ ਦਿਵਸ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਵਲੋਂ ਪਿੰਡ ਬੇੜੇਵਾਲ ਥਾਣਾ ਲੋਪੋਕੇ, ਅੰਮਿ੍ਰਤਸਰ ਤੋਂ ਡ੍ਰੋਨ ਰਾਹੀਂ ਸੁੱਟੇ ਗਏ ਟਿਫਿਨ ਬਾਕਸ ਵਿੱਚ ਫਿੱਟ ਕੀਤੇ ਇੱਕ ਇੰਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ ਜਾਂ ਟਿਫਨ ਬੰਬ ਤੋਂ ਇਲਾਵਾ ਪੰਜ ਹੈਂਡ ਗ੍ਰਨੇਡ ਅਤੇ 9 ਐਮ.ਐਮ ਪਿਸਤੌਲ ਦੇ 100 ਕਾਰਤੂਸ ਵੀ ਬਰਾਮਦ ਕੀਤੇ ਸਨ। ਇਸ ਦੌਰਾਨ ਪਾਕਿਸਤਾਨੀ ਆਈਐਸਆਈ ਅਤੇ ਵਿਦੇਸ਼ਾਂ ਵਿੱਚ ਸਥਿਤ ਆਈਐਸਆਈ ਦੇ ਸਹਿਯੋਗ ਨਾਲ ਚਲਾਏ ਜਾਂਦੇ ਅੱਤਵਾਦੀ ਗਿਰੋਹਾਂ ਵਲੋਂ ਸੁਤੰਤਰਤਾ ਦਿਵਸ ਮੌਕੇ ਜਾਂ ਇਸਦੇ ਨੇੜੇ-ਤੇੜੇ ਭਾਰਤ ਵਿੱਚ ਹਮਲਾ ਕਰਨ ਸਬੰਧੀ ਯੋਜਨਾ ਨੂੰ ਦਰਸਾਉਂਦੀ ਖੁਫੀਆ ਜਾਣਕਾਰੀ ਦੇ ਮੱਦੇਨਜਰ, ਪੰਜਾਬ ਪੁਲਿਸ ਵਲੋਂ ਵਿਆਪਕ ਰੂਪ ਵਿੱਚ ਸਰਹੱਦਾਂ ‘ਤੇ ਸੁਰੱਖਿਆ ਪ੍ਰਬੰਧ ਵਿਸ਼ੇਸ਼ ਸੁਰੱਖਿਆ ਚੌਕੀਆਂ ਸਥਾਪਤ ਕੀਤੀਆਂ ਗਈਆਂ ਸਨ ਅਤੇ 24 ਘੰਟੇ ਗਸ਼ਤ ਤੇਜ਼ੀ ਲਿਆਂਦੀ ਗਈ ਸੀ। ਹਾਲੇ ਹੋਰ ਜਾਂਚ ਪੜਤਾਲ ਜਾਰੀ ਹੈ, ਹੋਰ ਕਈ ਲਿੰਕ ਸਾਹਮਣੇ ਆਉਣ ਦੀ ਸੰਭਾਵਨਾ ਹੈ।

Comment here