ਖਬਰਾਂਚਲੰਤ ਮਾਮਲੇਦੁਨੀਆ

ਹੁਣ ਫਿਰ ਆ ਸਕਦੀ ਹਿੰਡਨਬਰਗ ਵਰਗੀ ਸਨਸਨੀਖੇਜ਼ ਰਿਪੋਰਟ !

ਨਵੀਂ ਦਿੱਲੀ-ਅਮਰੀਕੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਨੇ ਅਡਾਨੀ ਗਰੁੱਪ ਖਿਲਾਫ ਇਕ ਰਿਪੋਰਟ ਲਿਆ ਕੇ ਸਨਸਨੀ ਫੈਲਾ ਦਿੱਤੀ ਸੀ। ਇਹ 24 ਜਨਵਰੀ 2023 ਦਾ ਉਹ ਦਿਨ ਸ਼ਾਇਦ ਅਡਾਨੀ ਗਰੁੱਪ ਕਦੀ ਨਹੀਂ ਭੁੱਲ ਸਕਦਾ। ਇਸ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ਦਾ ਇੰਨਾ ਬੁਰਾ ਹਾਲ ਹੋਇਆ ਸੀ, ਜਿੰਨਾ ਅਡਾਨੀ ਗਰੁੱਪ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ। ਇਸ ਸਾਲ ਦੀ ਸ਼ੁਰੂਆਤ ਵਿਚ ਇਹ ਬੰਬ ਧਮਾਕਾ ਕੀਤਾ ਗਿਆ ਸੀ। ਹੁਣ ਕਰੀਬ 8 ਮਹੀਨੇ ਬਾਅਦ ਹਿੰਡਨਬਰਗ ਦਾ ਭੂਚਾਲ ਇਕ ਵਾਰ ਮੁੜ ਸਾਹਮਣੇ ਆ ਸਕਦਾ ਹੈ। ਹਾਲਾਂਕਿ ਇਸ ਵਾਰ ਅਡਾਨੀ ਗਰੁੱਪ ਇਸ ਦਾ ਸ਼ਿਕਾਰ ਨਹੀਂ ਹੋਵੇਗਾ ਸਗੋਂ ਦੂਜੀਆਂ ਭਾਰਤੀਆਂ ਕੰਪਨੀਆਂ ’ਤੇ ਗਾਜ ਡਿਗ ਸਕਦੀ ਹੈ।
ਰਿਪੋਰਟ ਮੁਤਾਬਕ ਆਰਗਨਾਈਜ਼ਡ ਕ੍ਰਾਈਮ ਐਂਡ ਕਰੱਪਸ਼ਨ ਰਿਪੋਰਟਿੰਗ ਪ੍ਰਾਜੈਕਟ (ਓ.ਸੀ.ਸੀ. ਆਰ. ਪੀ.) ਦੇਸ਼ ਦੇ ਕੁੱਝ ਉਦਯੋਗਿਕ ਘਰਾਣਿਆਂ ਬਾਰੇ ਕੁੱਝ ਖੁਲਾਸਾ ਕਰ ਸਕਦਾ ਹੈ। ਇਸ ਸੰਗਠਨ ਨੂੰ ਜਾਰਜ ਸੋਰੋਸ ਅਤੇ ਰਾਕਫੇਲਰ ਬ੍ਰਦਰਸ ਫੰਡ ਵਰਗੀਆਂ ਇਕਾਈਆਂ ਸੰਚਾਲਿਤ ਕਰਦੀਆਂ ਹਨ।
ਛੇਤੀ ਜਾਰੀ ਹੋ ਸਕਦੀ ਹੈ ਰਿਪੋਰਟ
ਸੂਤਰਾਂ ਮੁਤਾਬਕ ਇਹ ਸੰਸਥਾ ਭਾਰਤ ਦੇ ਵੱਡੇ ਕਾਰਪੋਰੇਟ ਘਰਾਣਿਆਂ ’ਤੇ ਇਕ ਰਿਪੋਰਟ ਛੇਤੀ ਜਾਰੀ ਕਰ ਸਕਦੀ ਹੈ। ਕੰਪਨੀ ਦੀ ਇਨਵੈਸਟੀਗੇਟਿਵ ਰਿਪੋਰਟ ਆਖਰੀ ਪੜਾਅ ’ਚ ਹੈ। ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਹ ਸੰਸਥਾ ਰਿਪੋਰਟ ਦੀ ਪੂਰੀ ਸੀਰੀਜ਼ ਜਾਰੀ ਕਰੇਗੀ। ਹਾਲਾਂਕਿ ਇਸ ਵਿਚ ਭਾਰਤੀ ਕੰਪਨੀਆਂ ਦਾ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ’ਚ ਭਾਰਤ ਦੀਆਂ ਵੱਡੀਆਂ ਦਿੱਗਜ਼ ਕੰਪਨੀਆਂ ਹੋ ਸਕਦੀਆਂ ਹਨ।
ਜਾਣੋ ਕੌਣ ਹੈ ਓ. ਸੀ. ਸੀ. ਆਰ. ਪੀ.
ਓ.ਸੀ. ਸੀ. ਆਰ. ਪੀ. ਦਾ ਗਠਨ ਯੂਰਪ, ਅਫਰੀਕਾ, ਏਸ਼ੀਆ ਅਤੇ ਲਾਤਿਨੀ ਅਮਰੀਕਾ ’ਚ ਫੈਲੇ 24 ਗੈਰ-ਲਾਭਕਾਰੀ ਜਾਂਚ ਕੇਂਦਰਾਂ ਨੇ ਕੀਤਾ ਹੈ। ਸੰਗਠਨ ਨੂੰ ਈ-ਮੇਲ ਭੇਜ ਕੇ ਸਵਾਲ ਪੁੱਛੇ ਗਏ ਪਰ ਉਨ੍ਹਾਂ ਵਲੋਂ ਫਿਲਹਾਲ ਕੋਈ ਜਵਾਬ ਨਹੀਂ ਆਇਆ ਹੈ। ਸਾਲ 2006 ਵਿਚ ਸਥਾਪਿਤ ਓ. ਸੀ. ਸੀ. ਆਰ. ਪੀ. ਸੰਗਠਿਤ ਅਪਰਾਧ ’ਤੇ ਰਿਪੋਰਟਿੰਗ ’ਚ ਮੁਹਾਰਤ ਦਾ ਦਾਅਵਾ ਕਰਦਾ ਹੈ। ਉਹ ਮੀਡੀਆ ਘਰਾਣਿਆਂ ਨਾਲ ਸਾਂਝੇਦਾਰੀ ਰਾਹੀਂ ਰਿਪੋਰਟ ਅਤੇ ਲੇਖਾਂ ਨੂੰ ਪ੍ਰਕਾਸ਼ਿਤ ਕਰਦਾ ਹੈ। ਸੰਗਠਨ ਦੀ ਵੈੱਬਸਾਈਟ ਮੁਤਾਬਕ ਜਾਰਜ ਸੋਰੋਸ ਦੀ ਇਕਾਈ ਓਪਨ ਸੋਸਾਇਟੀ ਫਾਊਂਡੇਸ਼ਨ ਉਸ ਨੂੰ ਗ੍ਰਾਂਟ ਦਿੰਦੀ ਹੈ। ਸੋਰੋਸ ਦੁਨੀਆ ਭਰ ਵਿਚ ਬਦਲਾਅਕਾਰੀ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਫੰਡ ਮੁਹੱਈਆ ਕਰਵਾਉਣ ’ਚ ਅੱਗੇ ਰਹੇ ਹਨ। ਜਿਨ੍ਹਾਂ ਹੋਰ ਸੰਗਠਨਾਂ ਤੋਂ ਉਸ ਨੂੰ ਗ੍ਰਾਂਟ ਮਿਲਦੀ ਹੈ, ਉਸ ’ਚ ਫੋਰਡ ਫਾਊਂਡੇਸ਼ਨ, ਰਾਕਫੇਲਰ ਬ੍ਰਦਰਸ ਫੰਡ ਅਤੇ ਓਕ ਫਾਊਂਡੇਸ਼ਨ ਸ਼ਾਮਲ ਹਨ।
ਵਿਦੇਸ਼ੀ ਫੰਡ ’ਤੇ ਹੋ ਸਕਦਾ ਹੈ ਖੁਲਾਸਾ
ਸੂਤਰਾਂ ਨੇ ਕਿਹਾ ਕਿ ਖੁਲਾਸੇ ’ਚ ਸਬੰਧਤ ਕਾਰਪੋਰੇਟ ਘਰਾਣਿਆਂ ਦੇ ਸ਼ੇਅਰਾਂ ’ਚ ਨਿਵੇਸ਼ ਕਰਨ ਵਾਲਿਆਂ ’ਚ ਵਿਦੇਸ਼ੀ ਫੰਡ ਦੇ ਸ਼ਾਮਲ ਹੋਣ ਦੀ ਗੱਲ ਹੋ ਸਕਦੀ ਹੈ। ਕਾਰਪੋਰੇਟ ਘਰਾਣਿਆਂ ਦੀ ਪਛਾਣ ਫਿਲਹਾਲ ਨਹੀਂ ਹੋ ਸਕੀ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਏਜੰਸੀਆਂ ਪੂੰਜੀ ਬਾਜ਼ਾਰ ’ਤੇ ਸਖਤ ਨਿਗਰਾਨੀ ਰੱਖ ਰਹੀਆਂ ਹਨ।

Comment here