ਫਰੀਦਕੋਟ- ਪੰਜਾਬ ਚ ਕੁਝ ਦਿਨਾਂ ਤੋਂ ਲਗਾਤਾਰ ਖਾਲਿਸਤਾਨੀ ਤੱਤਾਂ ਦੀ ਸਰਗਰਮੀ ਦਿਸ ਰਹੀ ਹੈ। ਹੁਣ ਫਰੀਦਕੋਟ ਦੀ ਬਾਜ਼ੀਗਰ ਬਸਤੀ ‘ਚ ਨਗਰ ਕੌਂਸਲ ਪਾਰਕ ਦੀ ਕੰਧ ’ਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਮਿਲੇ, ਜਿਸ ਨਾਲ ਇਲਾਕੇ ਚ ਦਹਿਸ਼ਤ ਪੱਸਰ ਗਈ। ਪੁਲਿਸ ਪ੍ਰਸ਼ਾਸਨ ‘ਚ ਹੜਕੰਪ ਮੱਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ ‘ਚ ਪੰਜਾਬੀ ਭਾਸ਼ਾ ‘ਚ ਕਾਲੇ ਰੰਗ ਵਿੱਚ ਸਲੋਗਨ ਲਿਖਿਆ ਗਿਆ ਹੈ। ਪਾਰਕ ਦੇ ਸਵੀਪਰ ਅਨੁਸਾਰ ਉਨ੍ਹਾਂ ਨੂੰ ਸਵੇਰੇ ਹੀ ਇਸ ਬਾਰੇ ਜਾਣਕਾਰੀ ਮਿਲੀ। ਪਾਰਕ ਵਿੱਚ ਇੱਕ ਆਂਗਣਵਾੜੀ ਸੈਂਟਰ ਵੀ ਚੱਲ ਰਿਹਾ ਹੈ। ਪੁਲਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਉੱਥੇ ਪੇਂਟ ਕਰਵਾ ਕੇ ਨਾਅਰੇ ਨੂੰ ਮਿਟਾਇਆ ਗਿਆ ਅਤੇ ਸ਼ਹਿਰ ’ਚ ਨਾਕਾਬੰਦੀ ਵਧਾ ਦਿੱਤੀ ਗਈ ਹੈ। ਐੱਸ.ਐੱਸ.ਪੀ. ਫਰੀਦਕੋਟ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਨੇੜਲੇ ਇਲਾਕੇ ’ਚ ਸੀ.ਸੀ.ਟੀ.ਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਮੋਬਾਇਲ ਡੰਪ ਵੀ ਚੈੱਕ ਕੀਤਾ ਜਾ ਰਿਹਾ ਹੈ। ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰ ਲਈ ਜਾਵੇਗੀ।
ਕੁਝ ਦਿਨ ਪਹਿਲਾਂ ਪਠਾਨਕੋਟ ‘ਚ ਵੀ ਕੰਧ ਅਤੇ ਬਿਜਲੀ ਦੇ ਖੰਭੇ ‘ਤੇ ਅਜਿਹੇ ਨਾਅਰੇ ਲਿਖੇ ਪਾਏ ਗਏ ਸਨ। ਪੰਜਾਬ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਸਥਿਤ ਵਿਧਾਨ ਸਭਾ ਦੇ ਗੇਟ ਤੇ ਖਾਲਿਸਤਾਨੀ ਝੰਡਾ ਲਾਇਆ ਗਿਆ ਸੀ ਤੇ ਕੰਧਾਂ ਤੇ ਨਾਅਰੇ ਲਿਖੇ ਪਾਏ ਗਏ ਸਨ। ਸਾਰੇ ਮਾਮਲਿਆਂ ਤੇ ਜਿੱਥੇ ਸੂਬਾ ਪੁਲਸ ਕਾਰਵਾਈ ਕਰ ਰਹੀ ਹੈ, ਓਥੇ ਕੇਂਦਰੀ ਏਜੰਸੀਆਂ ਵੀ ਇਸ ਦੀ ਰਿਪੋਰਟ ਰੱਖ ਰਹੀਆਂ ਹਨ।
Comment here