ਸਿਆਸਤਖਬਰਾਂ

ਹੁਣ ਨੀਂ ਮੁੜਦੇ ਯਾਰ….

ਕਾਂਗਰਸ ’ਚ ਦੁਬਾਰਾ ਸ਼ਾਮਲ ਹੋਣ ’ਤੇ ਕੈਪਟਨ ਵਲੋਂ ਕੋਰੀ ਨਾਂਹ
ਚੰਡੀਗੜ੍ਹ-ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਗਈ ਸੀ, ਜਿਸ ਪਿੱਛੋਂ ਇਹ ਕਿਆਸਰਾਈਆਂ ਜ਼ੋਰ ਫੜ ਗਈਆਂ ਸਨ ਕਿ ਕੈਪਟਨ ਸ਼ਾਇਦ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਉਹ ਕਾਂਗਰਸ ਦੀ ਅੰਤਰਿਮ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਮਿਲਣਗੇ ਅਤੇ ਉਹ ਪਾਰਟੀ ਵਿੱਚ ਵਾਪਸ ਆਉਣਗੇ।
ਕੈਪਟਨ ਅਮਰਿੰਦਰ ਨੇ ਦੁਹਰਾਉਂਦੇ ਹੋਏ ਕਿਹਾ ਕਿ, “ਇਹ ਗਲਤ ਅਤੇ ਸ਼ਰਾਰਤੀ ਧਾਰਨਾਵਾਂ ਹਨ, ਜੋ ਜ਼ਾਹਰ ਤੌਰ ’ਤੇ ਕਿਸੇ ਅਣਗਹਿਲੀ ਨਾਲ ਬਣਾਈਆਂ ਗਈਆਂ ਹਨ।’’
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੀ ਪਾਰਟੀ ਨੂੰ ਢਾਲ ਰਹੇ ਹਨ ਅਤੇ ਜਥੇਬੰਦਕ ਢਾਂਚੇ ਨੂੰ ਅੰਤਿਮ ਛੋਹਾਂ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ, ‘‘ਅਸੀਂ ਭਾਰਤੀ ਚੋਣ ਕਮਿਸ਼ਨ ਵੱਲੋਂ ਆਪਣੀ ਪਾਰਟੀ, ਪੰਜਾਬ ਲੋਕ ਕਾਂਗਰਸ ਦੀ ਰਜਿਸਟ੍ਰੇਸ਼ਨ ਅਤੇ ਪਾਰਟੀ ਚਿੰਨ੍ਹ ਦੀ ਅਲਾਟਮੈਂਟ ਦੀ ਉਡੀਕ ਕਰ ਰਹੇ ਹਾਂ।’’
ਜ਼ਿਕਰਯੋਗ ਹੈ ਕਿ ਕਾਂਗਰਸ ਵਿੱਚ ਕੈਪਟਨ ਦੇ ਮੁੜ ਵਾਪਸੀ ਦੀਆਂ ਕਿਆਸਰਾਈਆਂ ਦੀ ਸ਼ੁਰੂਆਤ ਪੰਜਾਬ ਕੈਬਨਿਟ ਦੇ ਮੰਤਰੀ ਰਾਜ ਕੁਮਾਰ ਵੇਰਕਾ ਦੇ ਬਿਆਨ ਨਾਲ ਹੋਇਆ ਸੀ ਅਤੇ ਉਕਤ ਮਾਮਲੇ ਵਿੱਚ ਵੇਰਕਾ ਦੇ ਬਿਆਨ ਨੂੰ ‘ਇੱਕ ਇਸ਼ਾਰਾ’ ਦੱਸਿਆ ਗਿਆ। ਇਸਤੋਂ ਇਲਾਵਾ 11 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਕੈਪਟਨ ਦੀ ਦੋ ਵਾਰੀ ਕੀਤੀ ਤਾਰੀਫ਼ ਤੋਂ ਬਾਅਦ ਇਸ ਚਰਚਾ ਨੇ ਜੋਰ ਫੜ ਲਿਆ ਸੀ ਕਿ ਉਹ ਕਾਂਗਰਸ ’ਚ ਵਾਪਸੀ ਕਰ ਸਕਦੇ ਹਨ ਪਰੰਤੂ ਹੁਣ ਕੈਪਟਨ ਵੱਲੋਂ ਇਸ ਨੂੰ ਮੁੱਢੋਂ ਖਾਰਜ ਕੀਤਾ ਗਿਆ ਹੈ।

Comment here