ਲੁਧਿਆਣਾ-ਪੰਜਾਬ ਪੁਲਿਸ ਅਤੇ ਐੱਸ ਟੀ ਐੱਫ ਵੱਲੋਂ ਹੁਣ ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਆਪਣੀ ਕਾਰਵਾਈ ਸਖ਼ਤ ਕਰ ਦਿੱਤੀ ਗਈ ਹੈ। ਹੁਣ ਸਿਰਫ਼ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਹੀ ਨਹੀਂ ਸਗੋਂ ਉਹਨਾਂ ਦੇ ਰਿਸ਼ਤੇਦਾਰ, ਜਿਨ੍ਹਾਂ ਦੇ ਨਾਂ ‘ਤੇ ਉਹਨਾਂ ਨੇ ਜਾਇਦਾਦਾਂ ਖਰੀਦੀਆਂ ਹਨ ਉਨ੍ਹਾਂ ‘ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। 4 ਜ਼ਿਲਿਆਂ ਦੀ ਰੇਂਜ ਵੱਲੋਂ 7 ਕਰੋੜ ਰੁਪਏ ਤੋਂ ਉੱਤੇ ਦੀ ਜਾਇਦਾਦ ਅਟੈਚ ਕੀਤੀ ਗਈ ਹੈ। ਜਿਨ੍ਹਾਂ ਦੀ ਜਲਦ ਹੀ ਨੀਲਾਮੀ ਹੋਵੇਗੀ। ਜਿਸ ਵਿੱਚ ਪੰਜਾਬ ਪੁਲਿਸ ਵਲੋਂ ਸੱਤ ਕੇਸਾਂ ਅੰਦਰ ਲਗਭਗ 5 ਕਰੋੜ ਦੀ ਜਾਇਦਾਦ ਅਤੇ ਐਸ ਟੀ ਐਫ ਵੱਲੋਂ 3 ਕਰੋੜ 80 ਲੱਖ ਰੁਪਏ ਜਾਇਦਾਦ ਅਟੈਚ ਕੀਤੀ ਗਈ ਹੈ। ਇਥੋਂ ਤੱਕ ਕਿ ਰਿਸ਼ਤੇਦਾਰਾਂ ਦੇ ਨਾਂ ਅਤੇ ਆਪਣੀ ਪਤਨੀ ਦੇ ਨਾਂ ‘ਤੇ, ਨਸ਼ਾ ਤਸਕਰ ਵੱਲੋਂ ਆਪਣੇ ਭਰਾ ਦੇ ਨਾਂ ‘ਤੇ ਲਈਆਂ ਹੋਈਆਂ ਜਾਇਦਾਦਾਂ ਦਾ ਵੀ ਪੁਲਿਸ ਨੇ ਵੇਰਵਾ ਹਾਸਿਲ ਕਰਕੇ ਉਨ੍ਹਾਂ ਨੂੰ ਅਟੈਚ ਕਰਵਾ ਦਿੱਤਾ ਹੈ।
ਲੁਧਿਆਣਾ ਰੇਂਜ ਦੇ ਅੰਦਰ ਚਾਰ ਜ਼ਿਲ੍ਹੇ ਆਉਂਦੇ ਹਨ ਜਿਹਨਾਂ ਦੇ ਵਿੱਚ ਲੁਧਿਆਣਾ, ਜਲੰਧਰ, ਨਵਾਂ ਸ਼ਹਿਰ ਅਤੇ ਰੂਪਨਗਰ ਸ਼ਾਮਲ ਹੈ। ਇਨ੍ਹਾਂ ਵਿਚ ਪੁਲਿਸ ਨੇ ਇੱਕ ਸਾਲ ‘ਚ 758 ਕੇਸ ਐਨ ਡੀ ਪੀ ਐਸ ਐਕਟ ਤਹਿਤ ਦਰਜ ਕੀਤੇ ਗਏ ਹਨ। 1 ਹਜ਼ਾਰ 37 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ । ਇੰਨ੍ਹਾਂ ਨਸ਼ਾ ਤਸਕਰਾਂ ਕੋਲੋਂ 13 ਕਿਲੋ ਦੇ ਕਰੀਬ ਹੈਰੋਇਨ, 2 ਹਜ਼ਾਰ ਕਿਲੋ ਪੋਪੀ ਹਸਕ, 160 ਕਿੱਲੋ ਓਪੀਅਮ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 1 ਲੱਖ 40 ਹਜ਼ਾਰ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜਿਸ ਦੀ ਪੁਸ਼ਟੀ ਇਨ੍ਹਾਂ ਚਾਰ ਜ਼ਿਲਿਆਂ ਦੇ ਆਈ ਜੀ ਰੇਂਜ ਅਤੇ ਐਸ ਟੀ ਐੱਫ ਇੰਚਾਰਜ ਆਈਪੀਐਸ ਕੌਸਤੁਭ ਸ਼ਰਮਾ ਨੇ ਕੀਤੀ ਹੈ।
ਲੁਧਿਆਣਾ ਰੇਂਜ ਵੱਲੋਂ 7 ਨਸ਼ੇ ਦੇ ਵੱਡੇ ਕਿੰਗ ਪਿਨ ਦੀਆਂ ਲਗਭਗ 5 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਜਿਨ੍ਹਾਂ ਦੇ ਵਿੱਚ ਜਸਦੇਵ ਸਿੰਘ, ਗੁਰਦੇਵ ਸਿੰਘ ਦੀ ਭੈਣ ਨਰਿੰਦਰ ਪਾਲ ਕੌਰ, ਕੁਲਦੀਪ ਕੌਰ ਜੋ ਕਿ ਮਾਛੀਵਾੜਾ ਦੇ ਰਹਿਣ ਵਾਲੇ ਹਨ , ਉਹਨਾਂ ਦੀ ਇੱਕ ਕਰੋੜ 80 ਲੱਖ ਦੀ ਜਾਇਦਾਦ ਅਟੈਚ ਕੀਤੀ ਗਈ ਹੈ । ਇਸ ਤੋਂ ਇਲਾਵਾ ਹੈਬੋਵਾਲ ਦੇ ਜਸਦੇਵ ਸਿੰਘ ਅਤੇ ਰਛਪਾਲ ਕੌਰ ਤੋਂ 72 ਲੱਖ 84 ਹਜਾਰ ਅਟੈਚ ਕੀਤੀ ਗਈ ਹੈ। ਸਮਰਾਲਾ ਦੇ ਗੁਰਮੀਤ ਸਿੰਘ ਤੋਂ 10 ਲੱਖ ਦੀ ਜਾਇਦਾਦ, ਸਮਰਾਲਾ ਦੀ ਅਮਰਜੋਤ ਕੌਰ ਸੋਹਣੀ ਤੋਂ 80 ਲੱਖ 72 ਹਜ਼ਾਰ ਦੀ ਜਾਇਦਾਦ, ਸਮਰਾਲਾ ਦੇ ਜਸਵੀਰ ਸਿੰਘ ਕੰਗ ਤੋਂ 16 ਲੱਖ, ਖੰਨਾ ‘ਚ ਹੀ ਪੁਲਿਸ ਨੇ 56 ਅਜਿਹੇ ਨਸ਼ਾ ਤਸਕਰਾਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਹੈ। ਉਸ ਦੀਆਂ ਪਰਪੋਜ਼ਲ ਬਣਾ ਕੇ ਪੁਲਿਸ ਨੇ ਜ਼ਬਤ ਕਰਾਉਣ ਲਈ ਭੇਜਿਆ ਹੈ।
ਐੱਸ.ਟੀ.ਐੱਫ ਲਗਾਤਾਰ ਨਸ਼ੇ ਦੇ ਸੌਦਾਗਰਾਂ ਦੇ ਲਈ ਕੰਮ ਕਰ ਰਹੀ ਹੈ। ਐੱਸ.ਟੀ.ਐੱਫ. ਇੰਚਾਰਜ ਰੇਂਜ ਆਈ ਜੀ ਕੌਸਤੁਭ ਸ਼ਰਮਾ ਦੇ ਮੁਤਾਬਿਕ 24 ਕੇਸਾਂ ਦੇ ਵਿੱਚ ਐਸਟੀਐਫ ਨੇ 20 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਕੁੱਲ 3 ਕਰੋੜ 80 ਲੱਖ ਰੁਪਏ ਦੀਆਂ ਜਾਇਦਾਦਾਂ 7 ਵੱਖ ਵੱਖ ਕੇਸਾਂ ਦੇ ਵਿੱਚ ਅਟੈਚ ਕੀਤੀਆਂ ਗਈਆਂ ਹਨ। ਜਿਨ੍ਹਾਂ ਦੇ ਵਿੱਚ ਲੁਧਿਆਣਾ ਬਸਤੀ ਜੋਧੇਵਾਲ ਦੇ ਪਵਨ ਕੁਮਾਰ ਨੇ ਆਪਣੀ ਪਤਨੀ ਦੇ ਨਾਂ ਤੇ ਦੋ ਪਲਾਟ ਲਏ ਹੋਏ ਸਨ । ਜਿਨ੍ਹਾਂ ਦੀ ਕੀਮਤ 39 ਲੱਖ 84 ਹਜ਼ਾਰ ਦੇ ਕਰੀਬ ਸੀ ਉਹ ਜ਼ਬਤ ਕਰ ਲਈ ਗਈ ਹੈ। ਇਸ ਤੋਂ ਇਲਾਵਾ ਮਸ਼ਹੂਰ ਨਸ਼ਾ ਤਸਕਰ ਦੀਪਕ ਕੁਮਾਰ ਉਰਫ ਦੀਪੂ ਕੰਡੇ ਵਾਲਾ ਤਾਸ਼ਪੁਰ ਰੋਡ ਤੋਂ 1 ਕਰੋੜ 57 ਲੱਖ ਰੁਪਏ ਦੀ ਜਾਇਦਾਦ ਅਟੈਚ ਕੀਤੀ ਗਈ ਹੈ । ਉਸ ਨੇ ਵੀ ਆਪਣੇ ਭਰਾ ਦੇ ਨਾਂ ‘ਤੇ ਨਸ਼ਾ ਤਸਕਰੀ ਦੀ ਕਮਾਈ ਦਾ ਪਲਾਟ ਲਿਆ ਹੋਇਆ ਸੀ। ਐੱਸ ਟੀ ਐਫ ਵੱਲੋਂ ਬਲਵਿੰਦਰ ਬਿੱਲਾ ਤੋਂ 1 ਕਰੋੜ 2 ਲੱਖ 90 ਹਜ਼ਾਰ ਰੁਪਏ ਕੀਮਤ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਜੋਕਿ ਹਵੇਲੀਆਂ ਪਿੰਡ ਦਾ ਰਹਿਣ ਵਾਲਾ ਹੈ।
ਐੱਸ.ਟੀ.ਐੱਫ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਰਵਾਈਆਂ ਕੀਤੀਆਂ ਜਾ ਰਹੀਆਂ ਨੇ। ਆਈ ਜੀ ਨੇ ਦੱਸਿਆ ਕਿ ਐੱਨ.ਡੀ.ਪੀ.ਐੱਸ. ਐਕਟ ਦੇ ਸੈਕਸ਼ਨ 68 ਦੇ ਵਿੱਚ ਇਹ ਤਜਵੀਜ਼ ਹੈ ਕਿ ਨਸ਼ਾ ਤਸਕਰਾਂ ਵੱਲੋਂ ਬੀਤੇ 6 ਸਾਲਾਂ ਦੇ ਕਾਰਜਕਾਲ ਦੌਰਾਨ ਜਿੰਨੀ ਵੀ ਜਾਇਦਾਦ ਬਣਾਈ ਗਈ ਹੈ ਭਾਵੇਂ ਉਹ ਉਸ ਦੇ ਨਾਂ ‘ਤੇ ਹੈ, ਕਿਸੇ ਰਿਸ਼ਤੇਦਾਰ ਦੇ ਨਾਂ ‘ਤੇ ਹੈ, ਪਤਨੀ ਦੇ ਨਾਂ ‘ਤੇ ਹੈ ਜਾਂ ਫਿਰ ਸਹੁਰਾ ਪਰਿਵਾਰ ਜਾਂ ਫਿਰ ਕਿਸੇ ਵੀ ਪਰਿਵਾਰ ਦੇ ਰਿਸ਼ਤੇਦਾਰ ਦੇ ਵਿੱਚ ਬਣਾਈ ਗਈ ਹੈ । ਉਸ ਦੀ ਪੂਰੀ ਤਫਤੀਸ਼ ਕਰਨ ਤੋਂ ਬਾਅਦ ਉਸ ਨੂੰ ਅਟੈਚ ਕੀਤਾ ਜਾ ਸਕਦਾ ਹੈ।
ਆਈ ਜੀ ਮੁਤਾਬਿਕ ਪੰਜਾਬ ਪੁਲਿਸ ਅਤੇ ਕੇਂਦਰ ਵੱਲੋਂ ਨਸ਼ਾ ਤਰਕਰਾਂ ਨੂੰ ਸਬੰਧੀ ਜਾਣਕਾਰੀ ਦੇਣ ਵਾਲੇ ਦੀ ਸ਼ਨਾਖ਼ਤ ਗੁਪਤ ਰੱਖਣ ਦੇ ਨਾਲ ਜੇਕਰ ਉਹ ਕੋਈ ਵੱਡੀ ਬਰਾਮਦਗੀ ਕਰਵਾਉਂਦਾ ਹੈ ਤਾਂ ਉਸ ਨੂੰ ਇਨਾਮ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਨਸ਼ਾ ਵੇਚਣ ਵਾਲਿਆਂ ਦਾ ਲੱਕ ਤੋੜਨ ਲਈ ਇਹ ਕਵਾਇਦ ਸ਼ੁਰੂ ਕੀਤੀ ਹੈ। ਖਾਸ ਕਰਕੇ ਸਮਾਜ ‘ਚ ਚੰਗਾ ਸੁਨੇਹਾ ਜਾਵੇ ਕੇ ਜਿਹੜੇ ਗਲਤ ਕੰਮ ਕਰਕੇ ਜਲਦ ਅਮੀਰ ਹੋ ਰਹੇ ਨੇ ਲੋਕ ਉਨ੍ਹਾਂ ਤੋਂ ਪ੍ਰਭਾਵਿਤ ਨਾ ਹੋਣ ਅਤੇ ਉਨ੍ਹਾਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਜਾਂਚ ਤੋਂ ਬਾਅਦ ਮਾਲ਼ ਵਿਭਾਗ ਦੀ ਅਤੇ ਬੈਂਕ ਦੀ ਮਦਦ ਨਾਲ ਨਸ਼ਾ ਤਸਕਰਾਂ ਦੀ ਜਾਇਦਾਦਾਂ ਦਾ ਵੇਰਵਾ ਲੈਕੇ ਉਨ੍ਹਾਂ ‘ਤੇ ਕਾਰਵਾਈ ਕਰਦੇ ਹਾਂ।
Comment here