ਸਿਆਸਤਖਬਰਾਂ

ਹੁਣ ਤਾਂ ਮਾਫੀ ਦੇ ਦਿਓ… ਲੰਗਾਹ ਦੇ ਤਰਲੇ

ਅੰਮ੍ਰਿਤਸਰ- ਇੱਕ ਮਹਿਲਾ ਨਾਲ ਅਸ਼ਲੀਲ ਵੀਡੀਓ ਮਾਮਲੇ ਕਾਰਨ ਪੰਥ ’ਚੋਂ ਛੇਕੇ ਗਏ ਸਾਬਕਾ  ਮੰਤਰੀ  ਅਤੇ ਅਕਾਲੀ ਦਲ ਬਾਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਲਗਾਤਾਰ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫ ਕਰਨ ਲਈ ਬੇਨਤੀਆਂ ਕਰ ਰਿਹਾ ਹੈ। ਲੰਗਾਹ ਨੇ ਇਕ ਵਾਰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀ ਘਰ ਵਾਪਸੀ ਦੀ ਗੁਹਾਰ ਲਾਈ ਹੈ। ਕਿਹਾ ਕਿ ਉਹ ਕੀਤੇ ਗੁਨਾਹ ਦੀ ਸਜ਼ਾ ਪਿਛਲੇ ਕਰੀਬ 3 ਸਾਲ ਤੋਂ ਭੁਗਤ ਰਹੇ ਹਨ। ਪਰਿਵਾਰ ਲਈ ਜੋ ਸਮਾਜਿਕ ਜ਼ਿੰਮੇਵਾਰੀਆਂ ਹਨ, ਉਹ ਵੀ ਪੂਰੀਆਂ ਕਰਨ ਵਿਚ ਅਸਮਰੱਥ ਹੋ ਰਿਹਾ ਹਾਂ। ਅਜਿਹੇ ਹਾਲਾਤ ਵਿਚ ਸਾਧ ਸੰਗਤ ਤੇ ਗੁਰੂ ਘਰ ਨਾਲੋਂ ਤੋੜ ਵਿਛੋੜਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਲੰਗਾਹ ਨੇ ਕਿਹਾ ਕਿ 101 ਦਿਨ ਤੋਂ ਹਰ ਰੋਜ਼ ਉਹ ਆਪਣੇ ਘਰ ਤੋਂ ਨਿਮਾਣੇ ਸਿੱਖ ਵਾਂਗ ਨੰਗੇ ਪੈਰੀਂ, 150 ਕਿਲੋਮੀਟਰ ਸਫਰ ਕਰਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਜਦ ਤਕ ਉਹ ਵਾਪਸ ਘਰ ਨਹੀਂ ਪਰਤਦੇ ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ ਰਾਹ ਦੇਖਦੇ ਹਨ। ਉਨ੍ਹਾਂ ਧਾਰਮਿਕ ਸ਼ਖ਼ਸੀਅਤਾਂ, ਸਾਰੀਆਂ ਸਿੱਖ ਧਾਰਮਿਕ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਮੁੜ ਪੰਥ ਵਿਚ ਸ਼ਾਮਲ ਕਰ ਲਿਆ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਸਜਾ ਦਿੱਤੀ ਜਾਵੇਗੀ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗਾ। ਅਸਲ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੀ ਸਰਗਰਮੀ ਸ਼ੁਰੂ ਹੋ ਚੁੱਕੀ ਹੈ ਤੇ ਸੂਤਰ ਕਹਿ ਰਹੇ ਹਨ ਕਿ ਲੰਗਾਹ ਵੀ ਅਕਾਲ ਤਖਤ ਤੋਂ ਮਾਫੀ ਵਾਲੀ ਮੋਹਰ ਲਵਾ ਕੇ ਮੁੜ ਅਕਾਲੀ ਸਿਆਸਤ ਵਿੱਚ ਸਰਗਰਮ ਹੋਣਾ ਚਾਹੁੰਦਾ ਹੈ, ਇਲਾਕੇ ਦੇ ਉਸ ਦੇ ਸਮਰਥਕ ਵੀ ਉਸ ਦੀ ਵਾਪਸੀ ਲਈ ਤਰਲੋ ਮੱਛੀ ਹੋ ਰਹੇ ਹਨ।

Comment here