ਸਿਆਸਤਖਬਰਾਂ

…ਹੁਣ ਕਾਂਗਰਸ ਵਲੋਂ ਸੀਐੱਮ ਚਿਹਰਾ ਐਲਾਨਣ ਦੀ ਵਾਰੀ!!

ਸਿੱਧੂ ਦੀ ਥਾਂ ਚੰਨੀ ਦੇ ਨਾਂ ‘ਤੇ ਲੱਗ ਸਕਦੀ ਹੈ ਮੋਹਰ
ਲੁਧਿਆਣਾ-ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਸੀ. ਐੱਮ. ਚਿਹਰੇ ਦੇ ਰੂਪ ‘ਚ ਭਗਵੰਤ ਮਾਨ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ ‘ਤੇ ਵੀ ਸੀ. ਐੱਮ. ਦਾ ਐਲਾਨ ਕਰਨ ਦਾ ਦਬਾਅ ਵਧੇਗਾ। ਹਾਲਾਂਕਿ ਕਾਂਗਰਸ ਵੱਲੋਂ ਪਿਛਲੀਆਂ 2 ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਸੀ. ਐੱਮ. ਚਿਹਰਾ ਬਣਾਇਆ ਗਿਆ ਸੀ ਪਰ ਇਸ ਵਾਰ ਪਾਰਟੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਨੂੰ ਲੈ ਕੇ ਕੋਈ ਵੀ ਐਲਾਨ ਕਰਨ ਤੋਂ ਪਰਹੇਜ਼ ਕਰ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੰਨਿਆ ਜਾ ਰਿਹਾ ਹੈ, ਜੋ ਲਗਾਤਾਰ ਪਾਰਟੀ ‘ਤੇ ਖ਼ੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਦਬਾਅ ਪਾ ਰਹੇ ਹਨ।
ਇਸ ਦੇ ਤਹਿਤ ਉਹ ਰੋਜ਼ਾਨਾ ਮੁੱਖ ਮੰਤਰੀ ਚੰਨੀ ਅਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦੇ ਹੋਏ ਪਾਰਟੀ ਲਈ ਮੁਸ਼ਕਲ ਪੈਦਾ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਕੋਈ ਨਵਾਂ ਵਿਵਾਦ ਮੋਲ ਲੈਣ ਤੋਂ ਬਚਣ ਲਈ ਕਾਂਗਰਸ ਵੱਲੋਂ ਇਕੱਲੇ ਮੁੱਖ ਮੰਤਰੀ ਚੰਨੀ ਜਾਂ ਸਿੱਧੂ ਦੀ ਬਜਾਏ ਨਾਲ ਸੁਨੀਲ ਜਾਖੜ ਦੀ ਫੋਟੋ ਲਾ ਕੇ ਮੀਡੀਆ ਕੰਪੇਨ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪਬਲਿਕ ਫੀਡਬੈਕ ਦੇ ਆਧਾਰ ‘ਤੇ ਸੀ. ਐੱਮ. ਚਿਹਰੇ ਦੇ ਰੂਪ ‘ਚ ਭਗਵੰਤ ਮਾਨ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਕਾਂਗਰਸ ਨੂੰ ਚੋਣ ਪ੍ਰਚਾਰ ਦੌਰਾਨ ਸੀ. ਐੱਮ. ਚਿਹਰੇ ਦਾ ਐਲਾਨ ਨਾ ਕਰਨ ਦੇ ਮੁੱਦੇ ‘ਤੇ ਵਿਰੋਧੀ ਧਿਰ ਤੋਂ ਇਲਾਵਾ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਪਹਿਲੂ ਨੂੰ ਧਿਆਨ ‘ਚ ਰੱਖਦੇ ਹੋਏ ਕਾਂਗਰਸ ਵੱਲੋਂ ਇਸ ਸਬੰਧੀ ਫ਼ੈਸਲਾ ਲੈਣ ਦੀ ਕਵਾਇਦ ਤੇਜ਼ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਹੁਣ ਤੱਕ ਕਰਵਾਏ ਗਏ ਸਰਵੇ ਦੇ ਆਧਾਰ ‘ਤੇ ਕਾਂਗਰਸ ਵੱਲੋਂ ਸੀ. ਐੱਮ. ਚਿਹਰੇ ਦੇ ਰੂਪ ‘ਚ ਚੰਨੀ ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ, ਜਿਸ ਦੇ ਸੰਕੇਤ ਪਾਰਟੀ ਦੇ ਟਵਿੱਟਰ ਹੈਂਡਲ ‘ਤੇ ਮੁੱਖ ਮੰਤਰੀ ਚੰਨੀ ਨੂੰ ਹਾਈਲਾਈਟ ਕਰਦੇ ਹੋਏ ਅਪਲੋਡ ਕੀਤੀ ਗਈ ਵੀਡੀਓ ਤੋਂ ਮਿਲ ਰਹੇ ਹਨ।
ਸਿੱਧੂ ਆਪਣੀ ਸਰਕਾਰ ਵਿਰੁਧ ਫਿਰ ਗਰਜੇ
ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਕਿਹਾ ਕਿ ਜੇਕਰ ਰੋਡ ਮੈਪ ਨਾਲ ਸੱਤਾ ਹਾਸਲ ਕਰਨੀ ਹੈ ਤਾਂ ਮੈਂ ਤੁਹਾਡੇ ਨਾਲ ਹਾਂ ਪਰ ਜੇ ਲਾਰੇ ਲਗਾ ਕੇ ਸੱਤਾ ਵਿਚ ਆਉਣਾ ਹੈ ਤਾਂ ਮੈਂ ਕਿਸੇ ਦਾ ਸਾਥ ਨਹੀਂ ਦੇਵਾਂਗਾ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਠੇਕੇਦਾਰੀ ਸਿਸਟਮ ਖ਼ਤਮ ਕਰਨਾ ਪਵੇਗਾ, ਫਿਰ ਹੀ ਸੂਬੇ ਦੀ ਜਨਤਾ ਦਾ ਭਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਨੂੰ ਠੇਕੇਦਾਰੀ ਸਿਸਟਮ ਕਰਨ ਲਈ ਐਵਾਰਡ ਮਿਲਿਆ ਅਤੇ ਇਹ ਸਿਸਟਮ ਖ਼ਤਮ ਕਰਕੇ ਤੇਲੰਗਾਨਾ ਨੇ ਵੱਡੀ ਕਮਾਈ ਕੀਤੀ ਹੈ। ਸਿੱਧੂ ਨੇ ਇੱਥੇ ਮੁੜ 75×25 ਵਾਲੀ ਗੱਲ ਦੁਹਰਾਉਂਦਿਆਂ ਆਖਿਆ ਕਿ ਜਦੋਂ ਤਕ ਪੰਜਾਬ ਵਿਚ ਰੇਤ ਦਾ ਰੇਟ ਫਿਕਸ ਨਹੀਂ ਹੁੰਦਾ ਉਦੋਂ ਤਕ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਰੇਤ ਉਦੋਂ ਤੱਕ ਪੰਜਾਬ ਦੇ ਲੋਕਾਂ ਲਈ ਸੁਵਿਧਾਜਨਕ ਹੋ ਸਕਦੀ ਜਦੋਂ ਠੇਕੇਦਾਰੀ ਸਿਸਟਮ ਖ਼ਤਮ ਨਹੀਂ ਹੁੰਦਾ।
ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਇਹ ਕਹਿੰਦਾ ਹੈ ਕਿ ਜਿਹੜਾ ਬੰਦਾ ਪਠਾਨਕੋਟ ਤੋਂ ਰੇਤਾ ਲੈ ਕੇ ਆਉਂਦਾ ਹੈ, ਉਸ ਤੋਂ ਗੁੰਡਾ ਟੈਕਸ  ਦੀ ਬਜਾਏ ਪੰਜਾਬ ਦੇ ਐਂਟਰੀ ਪੁਆਇੰਟ ’ਤੇ ਜੀ. ਐੱਸ. ਟੀ. ਲਿਆ ਜਾਵੇਗਾ, ਇਸ ਜੀ. ਐੱਸ. ਟੀ. ਨਾਲ ਸਾਲ ਵਿਚ ਤਿੰਨ ਚਾਰ ਸੌ ਕਰੋੜ ਦੀ ਆਮਦਨ ਹੋਵੇਗੀ ਅਤੇ ਰੇਤ ਦਾ ਰੇਟ ਫਿਕਸ ਕਰਨ ਨਾਲ 2 ਤੋਂ 3 ਹਜ਼ਾਰ ਕਰੋੜ ਰੁਪਏ ਦਾ ਮੁਨਾਫ਼ਾ ਹੋਵੇਗਾ। ਸਿੱਧੂ ਨੇ ਕਿਹਾ ਕਿ ਰੇਤ ਮਾਮਲੇ ਵਿਚ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾਵੇਗਾ ਅਤੇ ਇਸ ਰਾਹੀਂ ਪੈਦਾ ਹੋਣ ਵਾਲੇ ਵਸੀਲਿਆਂ ਨਾਲ 60 ਤੋਂ 70 ਹਜ਼ਾਰ ਨੌਕਰੀਆਂ ਮਿਲਣਗੀਆਂ।

Comment here