ਸਾਹਿਤਕ ਸੱਥਗੁਸਤਾਖੀਆਂ

ਹੁਣ ਇਹ ਮੋਸ਼ਨ ਕਿੰਨੇ ਦਾ ਪਊਗਾ?

ਅੱਤਵਾਦ ਦੌਰਾਨ ਪੰਜਾਬ ਪੁਲਿਸ ਕਈ ਅਜੀਬੋ ਗਰੀਬ ਹਾਲਾਤਾਂ ਵਿੱਚੋਂ ਗੁਜ਼ਰੀ ਹੈ। ਸ਼ੁਰੂਆਤ ਵਿੱਚ ਪੁਲਿਸ ਕੋਲ ਪੁਰਾਣੀਆਂ ਥਰੀ ਨਟ ਥਰੀ ਰਾਈਫਲਾਂ ਅਤੇ ਬੈਟਰੀ ਤੋਂ ਬਗੈਰ ਧੱਕੇ ਨਾਲ ਸਟਾਰਟ ਹੋਣ ਵਾਲੀਆਂ ਖਟਾਰਾ ਜੀਪਾਂ ਹੁੰਦੀਆਂ ਸਨ, ਜੋ ਸਿਰਫ ਐਸ.ਐਚ.ਉ. ਦੀ ਵਰਤੋਂ ਵਾਸਤੇ ਸਨ। ਬਾਕੀ ਮੁਲਾਜ਼ਮ ਟੈਕਸੀ ਸਟੈਂਡ ਤੋਂ ਵਗਾਰ ਵਿੱਚ ਲਿਆਦੀਆਂ ਅੰਬੈਸਡਰ ਕਾਰਾਂ ਜਾਂ ਘੜੂਕਿਆਂ ਨਾਲ ਆਪਣਾ ਕੰਮ ਸਾਰਦੇ ਸਨ। ਸਵੇਰੇ ਜੀਪ ਸਟਾਰਟ ਕਰਨ ਲੱਗਿਆਂ ਆਸੇ ਪਾਸੇ ਪਤਾ ਲੱਗ ਜਾਂਦਾ ਸੀ ਕਿ ਥਾਣੇਦਾਰ ਸਾਹਿਬ ਇਲਾਕੇ ਵੱਲ ਨਿਕਲਣ ਲੱਗੇ ਹਨ। ਥਾਣੇ ਦੇ ਅੱਧੇ ਮੁਲਾਜ਼ਮ ਅਤੇ ਸੜਕ ‘ਤੇ ਤੁਰੇ ਜਾਂਦੇ ਰਾਹਗੀਰ ਧੱਕਾ ਲਗਾ ਕੇ ਮਸਾਂ ਜੀਪ ਸਟਾਰਟ ਕਰਦੇ ਸਨ।ਅੱਤਵਾਦ ਦੇ ਸ਼ੁਰੂ ਵਿੱਚ ਜਦੋਂ ਖਾੜਕੂ ਘਾਤ ਲਗਾ ਕੇ ਪੁਲਿਸ ਦੀਆਂ ਗੱਡੀਆਂ ‘ਤੇ ਫਾਇਰਿੰਗ ਕਰਦੇ ਸਨ ਤਾਂ ਬੁਲਟ ਪਰੂਫ ਗੱਡੀਆਂ ਨਾ ਹੋਣ ਕਾਰਨ ਪੁਲਿਸ ਦਾ ਬਹੁਤ ਜਾਨੀ ਨੁਕਸਾਨ ਹੁੰਦਾ ਸੀ। ਇਸ ਸਮੇਂ ਦੌਰਾਨ ਬਹੁਤ ਸਾਰੇ ਅਫਸਰ ਅਤੇ ਮੁਲਾਜ਼ਮ ਮਾਰੇ ਗਏ ਸਨ। ਖਾੜਕੂ ਬੁਲਟ ਅਤੇ ਹੀਰੋ ਹਾਂਡੇ ਮੋਟਰ ਸਾਇਕਲ ਦੇ ਬਹੁਤ ਸ਼ੌਕੀਨ ਸਨ। ਇਸ ਕਾਰਨ ਕਈ ਸਾਲਾਂ ਤੱਕ ਪੰਜਾਬ ਵਿੱਚ ਬੁਲਟ ਮੋਟਰ ਸਾਇਕਲ ਅਤੇ ਦੋਹਰੀ ਸਵਾਰੀ ‘ਤੇ ਪਾਬੰਦੀ ਲੱਗੀ ਰਹੀ ਸੀ। ਇਹ ਖਬਰਾਂ ਆਮ ਹੀ ਆਉਂਦੀਆਂ ਹੁੰਦੀਆਂ ਸਨ ਕਿ ਫਲਾਣੀ ਜਗ੍ਹਾ ਖਾੜਕੂ ਪੁਲਿਸ ‘ਤੇ ਫਾਇਰਿੰਗ ਕਰ ਕੇ ਭੱਜ ਗਏ ਤੇ ਪੁਲਿਸ ਦੀਆਂ ਰਾਈਫਲਾਂ ਚੱਲੀਆਂ ਹੀ ਨਹੀਂ। ਪਰ ਹੌਲੀ-ਹੌਲੀ ਪੁਲਿਸ ਵੀ ਨਵੇਂ ਹਾਲਾਤ ਮੁਤਾਬਕ ਢਲਣ ਲੱਗ ਪਈ। ਜਿਵੇਂ ਜਿਵੇਂ ਖਾੜਕੂ ਨਵੇਂ ਹਥਿਆਰਾਂ ਅਤੇ ਢੰਗ ਤਰੀਕਆਂ ਨਾਲ ਲੈਸ ਹੁੰਦੇ ਗਏ, ਪੁਲਿਸ ਵੀ ਮਾਡਰਨ ਹੋਣ ਲੱਗ ਪਈ।
ਜੂਲੀਉ ਫਰਾਂਸਿਸ ਰਿਬੀਰੋ ਦੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਲੱਗਦੇ ਸਾਰ ਪੁਲਿਸ ਨੂੰ ਨਵੀਆਂ ਤੋਂ ਨਵੀਆਂ ਗੱਡੀਆਂ ਅਤੇ ਹਥਿਆਰ ਮਿਲਣ ਲੱਗ ਪਏ। ਪੁਲਿਸ ਨੇ ਪਹਿਲੀ ਵਾਰ ਬੁਲਟ ਪਰੂਫ ਜਿਪਸੀਆਂ, ਕੈਂਟਰ ਅਤੇ ਟਰੈਕਟਰ ਵੇਖੇ। ਪੁਰਾਣੀਆਂ ਬੇਕਾਰ ਥਰੀ ਨਾਟ ਥਰੀ ਅਤੇ ਫੌਜ ਦੀਆਂ ਕੰਡਮ ਹੋਈਆਂ ਐਸ.ਐਲ.ਆਰ. ਰਾਈਫਲਾਂ ਦੀ ਜਗ੍ਹਾ ਵਿਦੇਸ਼ੀ ਏ.ਕੇ. 47 ਰਾਈਫਲਾਂ (ਅਸਾਲਟਾਂ) ਥਾਣਿਆਂ ਵਿੱਚ ਪਹੁੰਚ ਗਈਆਂ। ਇਸ ਤੋਂ ਪਹਿਲਾਂ ਪੁਲਿਸ ਖਾੜਕੂਆਂ ਦੀਆਂ ਜ਼ਬਤ ਕੀਤੀਆਂ ਹੋਈਆਂ ਅਸਾਲਟਾਂ ਨਾਲ ਹੀ ਕੰਮ ਚਲਾਉਂਦੀ ਸੀ ਪਰ ਉਨ੍ਹਾਂ ਦੀਆਂ ਗੋਲੀਆਂ ਨਹੀਂ ਸਨ ਮਿਲਦੀਆਂ। ਬੁਲਟ ਪਰੂਫ ਗੱਡੀਆਂ ਸਰਦੀਆਂ ਵਿੱਚ ਤਾਂ ਠੀਕ ਰਹਿੰਦੀਆਂ ਸਨ, ਪਰ ਗਰਮੀਆਂ ਵਿੱਚ ਭੱਠੀ ਵਾਂਗ ਤਪ ਜਾਂਦੀਆਂ ਸਨ। ਸਭ ਤੋਂ ਨਿਕੰਮੇ ਬੁਲਟ ਪਰੂਫ ਆਲਵਿਨ ਨਿਸ਼ਾਨ ਕੈਂਟਰ ਸਨ।ਉਨ੍ਹਾਂ ਦਾ ਇੰਜਣ ਸੀਟ ਦੇ ਥੱਲੇ ਹੁੰਦਾ ਸੀ ਜਿਸ ਕਾਰਨ ਗਰਮੀਆਂ ਵਿੱਚ ਇਸ ਦੇ ਇੰਜਣ ਤੋਂ ਨਿਕਲਣ ਵਾਲੀ ਸੜੀ ਹੋਈ ਗਰਮ ਹਵਾ ਪੁਲਿਸ ਵਾਲਿਆਂ ਦੇ ਥੱਲੇ ਧੱਫੜ ਪਾ ਦਿੰਦੀ ਸੀ। ਸ਼ੀਸ਼ਿਆਂ ਦੀ ਜਗ੍ਹਾ ਲੋਹੇ ਦੀਆਂ ਮੋਟੀਆਂ ਪਲੇਟਾਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਵਿੱਚੋਂ ਹਵਾ ਅੰਦਰ ਆਉਣ ਦੀ ਕੋਈ ਗੁੰਜਾਇਸ਼ ਨਹੀਂ ਸੀ ਹੁੰਦੀ। ਪੁਲਿਸ ਵਾਲੇ ਗਰਮੀ ਤਾਂ ਝੱਲ ਲੈਂਦੇ ਸਨ, ਪਰ ਗੋਲੀ ਦੇ ਡਰੋਂ ਕੋਈ ਪਲੇਟ ਨਹੀਂ ਸੀ ਖੋਲ੍ਹਦਾ। ਇਨ੍ਹਾਂ ਗੱਡੀਆਂ ਨੇ ਬਹੁਤ ਸਾਰੇ ਪੁਲਿਸ ਵਾਲਿਆਂ ਦੀਆਂ ਜਾਨਾਂ ਬਚਾਈਆਂ ਸਨ। ਥਾਣੇ ਦਿੜ੍ਹਬੇ ਦੇ ਇੱਕ ਬੁਲਟ ਪਰੂਫ ਕੈਂਟਰ ਦਾ ਗਸ਼ਤ ਦੌਰਾਨ ਅਗਲਾ ਸ਼ੀਸ਼ਾ ਖਾੜਕੂ ਸੁੱਖ ਰਾਮ ਕੁਲਾਰ ਨੇਘਾਤ ਲਗਾ ਕੇ ਕੀਤੇ ਗਏ ਇੱਕ ਹਮਲੇ ਵਿੱਚ ਮਸ਼ੀਨ ਗੰਨ ਦੇ ਬਰਸਟ ਨਾਲ ਭੰਨ੍ਹ ਦਿੱਤਾ ਸੀ। ਸ਼ੀਸ਼ਾ ਬੁਲਟ ਪਰੂਫ ਹੋਣ ਕਾਰਨ ਅੱਗੇ ਬੈਠੇ ਸਾਰੇ ਮੁਲਾਜ਼ਮ ਤਾਂ ਬਚ ਗਏ ਸਨ, ਪਰ ਪਿਛਲੇ ਹਿੱਸੇ ਉੱਪਰ ਛੱਤ ਨਾ ਹੋਣ ਕਾਰਨ ਕਈ ਮੁਲਾਜ਼ਮਾਂ ਦੀ ਜਾਨ ਗਈ ਸੀ।
ਸ਼ੁਰੂ-ਸ਼ੁਰੂ ਵਿੱਚ ਇਨ੍ਹਾਂ ਵਹੀਕਲਾਂ ਦੀ ਬੁਲਟ ਪਰੂਫਿੰਗ ਜਲੰਧਰ ਦੀ ਇੱਕ ਕੱਚ ਕਰੜ ਕੰਪਨੀ ਵੱਲੋਂ ਕੀਤੀ ਗਈ ਸੀ (ਜਿਸ ਨੇ ਇਸ ਕੰਮ ਵਿੱਚ ਕਰੋੜਾਂ ਰੁਪਏ ਕਮਾਏ ਸਨ)। ਉਸ ਕੰਪਨੀ ਨੇ ਇਸ ਕੰਮ ਵਿੱਚ ਅਨੇਕਾਂ ਊਣਤਾਈਆਂ ਛੱਡ ਦਿੱਤੀਆਂ ਸਨ, ਜਿਸ ਕਾਰਨ ਇਨ੍ਹਾਂ ਵਿੱਚ ਕੋਈ ਨਾ ਕੋਈ ਨੁਕਸ ਪਿਆ ਹੀ ਰਹਿੰਦਾ ਸੀ। ਕਦੇ ਕਮਾਨੀ ਟੱੁਟ ਜਾਂਦੀ ਸੀ ਤੇ ਕਦੇ ਬਾਰੀਆਂ ਜਾਮ ਹੋ ਜਾਂਦੀਆਂ ਸਨ। ਜਿਪਸੀਆਂ ‘ਤੇ ਬਿਨਾਂ ਕਿਸੇ ਟੈਕਨੀਕਲ ਸੂਝ ਬੂਝ ਦੇ ਕਵਿੰਟਲਾਂ ਦੇ ਹਿਸਾਬ ਨਾਲ ਲੋਹਾ ਜੜ੍ਹ ਦਿੱਤਾ ਗਿਆ ਸੀ, ਜਿਸ ਕਾਰਨ ਉਹ ਜਿਆਦਾ ਤੇਜ਼ ਨਹੀਂ ਭੱਜ ਸਕਦੀਆਂ ਸਨ ਤੇ ਇੰਜਣ ਗਰਮ ਹੋਣਾ ਆਮ ਗੱਲ ਸੀ। ਕਈ ਵਾਰ ਤੇਜ਼ ਮੋੜ ਕੱਟਣ ‘ਤੇ ਉਹ ਉਲਟ ਵੀ ਜਾਂਦੀਆਂ ਸਨ। ਡਰਾਈਵਰ ਮਹੀਨੇ ਵਿੱਚੋਂ 20 ਦਿਨ ਵਰਕਸ਼ਾਪ ਹੀ ਰਹਿੰਦੇ ਸਨ।
ਉਸ ਸਮੇਂ ਨਰਿੰਦਰ ਸਿੰਘ ਸੈਣੀ (ਨਾਮ ਬਦਲਿਆ ਹੋਇਆ) ਨਾਮਕ ਥਾਣੇਦਾਰ ਥਾਣੇ ਸਰਹਾਲੀ (ਜਿਲ੍ਹਾ ਤਰਨ ਤਾਰਨ) ਦਾ ਐਸ.ਐਚ.ਉ. ਲੱਗਾ ਹੋਇਆ ਸੀਤੇ ਉਹ ਖਾੜਕੂਆਂ ਦੀ ਹਿੱਟ ਲਿਸਟ ‘ਤੇ ਸੀ। ਉਸ ਦੀ ਬੁਲਟ ਪਰੂਫ ਜਿਪਸੀ ਦਾ ਡਰਾਈਵਰ ਬਹੁਤ ਹੀ ਚਾਲੂ ਕਿਸਮ ਦਾ ਇਨਸਾਨ ਸੀ ਤੇ ਜਿਪਸੀ ਵਿੱਚ ਕੋਈ ਨਾ ਕੋਈ ਨੁਕਸ ਪੈਣ ਦੇ ਬਹਾਨੇ ਸੈਣੀ ਕੋਲੋਂ ਲਗਾਤਾਰ ਪੈਸੇ ਭੋਟਦਾ ਰਹਿੰਦਾ ਸੀ। ਬੁਲਟ ਪਰੂਫ ਜਿਪਸੀ ਬਿਨਾਂ ਨਾ ਸਰਦਾ ਹੋਣ ਕਾਰਨ ਸੈਣੀ ਨੂੰ ਉਸ ਦੀ ਗੱਲ ਮੰਨਣੀ ਪੈਂਦੀ ਸੀ। ਇੱਕ ਦਿਨ ਸੈਣੀ ਪਿੰਡਾਂ ਵਿੱਚ ਗਸ਼ਤ ਕਰ ਰਿਹਾ ਸੀ ਤਾਂ ਜਿਪਸੀ ਅੱਗੇ ਕੁਝ ਡੰਗਰ ਆ ਜਾਣ ਕਾਰਨ ਡਰਾਈਵਰ ਨੂੰ ਅਚਾਨਕ ਬਰੇਕ ਮਾਰਨੀ ਪਈ। ਭਾਰੀ ਹੋਣ ਕਾਰਨ ਜਿਪਸੀ ਨੂੰ ਦੁਬਾਰਾ ਸਪੀਡ ਪਕੜਨ ਵਿੱਚ ਕਾਫੀ ਵਕਤ ਲੱਗ ਜਾਂਦਾ ਸੀ ਜਿਸ ਕਾਰਨ ਡਰਾਈਵਰ ਖਿਝ੍ਹ ਗਿਆ ਤੇ ਬੜਬੜਾਇਆ, “ਦੁਰ ਫਿੱਟੇ ਮੂੰਹ, ਸਾਲਿਆਂ ਨੇ ਸਾਰਾ ਮੋਸ਼ਨ (ਰਫਤਾਰ) ਈ ਤੋੜ ਦਿੱਤਾ ਆ।” ਸੈਣੀ ਡਰਾਈਵਰ ਦੀਆਂ ਰੋਜ-ਰੋਜ ਦੀਆਂ ਮੰਗਾਂ ਤੋਂ ਅੱਕਿਆ ਪਿਆ ਸੀ। ਉਸ ਨੇ ਸੋਚਿਆ ਸ਼ਾਇਦ ਬਰੇਕ ਮਾਰਨ ਨਾਲ ਫਿਰ ਕੋਈ ਪੁਰਜ਼ਾ ਟੁੱਟ ਗਿਆ ਹੈ। ਉਹ ਟੱੁਟ ਕੇ ਡਰਾਈਵਰ ਨੂੰ ਪਿਆ, “ਭੂਤਨੀ ਦਿਆ, ਹੁਣ ਇਹ ਮੋਸ਼ਨ ਕਿੰਨੇ ਦਾ ਪਊਗਾ?” ਸੁਣ ਕੇ ਡਰਾਈਵਰ ਹੱਸ ਪਿਆ, “ਕੋਈ ਨਈਂ ਜਨਾਬ, ਮੇਰੇ ਦੋਸਤ ਕੋਲ ਇੱਕ ਮੋਸ਼ਨ ਵਾਧੂ ਪਿਆ ਆ। ਮੈਂ ਉਸ ਤੋਂ ਫਰੀ ਹੀ ਲੈ ਆਉਂਗਾ।” ਡਰਾਈਵਰ ਦੀ ਦਰਿਆ ਦਿਲੀ ਵੇਖ ਕੇ ਸੈਣੀ ਨੇ ਸੁੱਖ ਦਾ ਸਾਹ ਲਿਆ।
-ਬਲਰਾਜ ਸਿੰਘ ਸਿੱਧੂ ਕਮਾਂਡੈਂਟ

Comment here