ਸਿਆਸਤਖਬਰਾਂਦੁਨੀਆ

ਹੁਣ ਅਮਰੀਕਾ ਨੇ ਬਣਾਇਆ ‘ਆਰਟੀਫੀਸ਼ੀਅਲ ਸੂਰਜ’

ਵਾਸ਼ਿੰਗਟਨ-ਅਮਰੀਕਾ ਨੇ ਪਹਿਲੀ ਵਾਰ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ। ਕੈਲੀਫੋਰਨੀਆ ’ਚ ਲਾਰੈਂਸ ਲਿਵਰਮੋਰ ਨੈਸ਼ਨਲ ਲੈਬਾਰਟਰੀ ਦੀ ਨੈਸ਼ਨਲ ਇਗਨੀਸ਼ਨ ਫੈਸੀਲਿਟੀ ਦੇ ਅਮਰੀਕੀ ਵਿਗਿਆਨੀਆਂ ਨੇ ਇਹ ਕਾਰਨਾਮਾ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਸ਼ੁੱਧ ਊਰਜਾ ਪੈਦਾ ਹੋਈ ਹੈ। ਵਿਗਿਆਨੀਆਂ ਨੇ ਸੂਰਜ ਵਰਗੀ ਸ਼ਕਤੀ ਦੇਣ ਵਾਲੀ ਊਰਜਾ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਲਈ ਇਸ ਨੂੰ ’ਨਕਲੀ ਸੂਰਜ’ ਕਿਹਾ ਜਾਂਦਾ ਹੈ।
ਅਮਰੀਕਾ ਅੱਜ ਕਰੇਗਾ ਇਸ ਦੀ ਸਫਲਤਾ ਦਾ ਐਲਾਨ
ਇਸ ਆਪ੍ਰੇਸ਼ਨ ’ਚ ਸ਼ਾਮਲ ਇਕ ਵਿਗਿਆਨੀ ਨੇ ਸੀਐਨਐਨ ਨੂੰ ਪ੍ਰਮਾਣੂ ਫਿਊਜ਼ਨ ਦੀ ਸਫਲਤਾ ਦੀ ਪੁਸ਼ਟੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਊਰਜਾ ਵਿਭਾਗ ਮੰਗਲਵਾਰ ਯਾਨੀ ਅੱਜ ਅਧਿਕਾਰਤ ਤੌਰ ’ਤੇ ਆਪਣੀ ਸਫਲਤਾ ਦਾ ਐਲਾਨ ਕਰ ਸਕਦਾ ਹੈ। ਐਤਵਾਰ ਨੂੰ ਵਿਭਾਗ ਨੇ ਕਿਹਾ ਕਿ ਯੂਐੱਸ ਊਰਜਾ ਸਕੱਤਰ ਜੈਨੀਫਰ ਗ੍ਰੈਨਹੋਮ ਮੰਗਲਵਾਰ ਨੂੰ ਇਕ ਵੱਡੀ ਵਿਗਿਆਨਕ ਸਫਲਤਾ ਦਾ ਐਲਾਨ ਕਰਨਗੇ। ਇਸ ਦੀ ਸਫਲਤਾ ਜੈਵਿਕ ਬਾਲਣ ’ਤੇ ਮਨੁੱਖੀ ਨਿਰਭਰਤਾ ਨੂੰ ਖਤਮ ਕਰਨ ਵਿੱਚ ਮਦਦ ਕਰ ਸਕਦੀ ਹੈ।
ਨਕਲੀ ਸੂਰਜ ਦਾ ਕੀ ਫਾਇਦਾ ਹੋਵੇਗਾ?
ਮੌਜੂਦਾ ਸਮੇਂ ’ਚ ਪ੍ਰਮਾਣੂ ਰਿਐਕਟਰਾਂ ਤੋਂ ਜੋ ਊਰਜਾ ਪੈਦਾ ਹੁੰਦੀ ਹੈ ਅਤੇ ਜਿਸ ਦੀ ਵਰਤੋਂ ਦੁਨੀਆ ਵਿੱਚ ਬਿਜਲੀ ਉਤਪਾਦਨ ਦੇ ਨਾਲ-ਨਾਲ ਵੱਖ-ਵੱਖ ਊਰਜਾ ਲੋੜਾਂ ਲਈ ਕੀਤੀ ਜਾਂਦੀ ਹੈ। ਸਮੱਸਿਆ ਇਹ ਹੈ ਕਿ ਉਸ ਵਿੱਚ ਪ੍ਰਮਾਣੂ ਰਹਿੰਦ-ਖੂੰਹਦ ਵੀ ਪੈਦਾ ਹੁੰਦੀ ਹੈ, ਜਿਸ ਨੂੰ ਖਤਮ ਕਰਨਾ ਮੁਸ਼ਕਿਲ ਹੁੰਦਾ ਹੈ ਪਰ ਨਿਊਕਲੀਅਰ ਫਿਊਜ਼ਨ ਰਾਹੀਂ ਮੁੱਖ ਤੌਰ ’ਤੇ ਡਿਊਟੇਰੀਅਮ ਅਤੇ ਟ੍ਰਿਟੀਅਮ ਤੱਤ ਵਰਤੇ ਜਾਂਦੇ ਹਨ ਅਤੇ ਇਹ ਦੋਵੇਂ ਹਾਈਡਰੋਜਨ ਦੇ ਆਈਸੋਟੋਪ ਹਨ, ਜਿਸ ਕਾਰਨ ਇਸ ਵਿੱਚ ਕਿਸੇ ਕਿਸਮ ਦਾ ਕੂੜਾ-ਕਰਕਟ ਪੈਦਾ ਨਹੀਂ ਹੁੰਦਾ।
ਪ੍ਰਮਾਣੂ ਫਿਊਜ਼ਨ ਕੀ ਹੈ?
ਸਧਾਰਨ ਸ਼ਬਦਾਂ ’ਚ ਨਿਊਕਲੀਅਰ ਫਿਊਜ਼ਨ ਉਹ ਪ੍ਰਕਿਰਿਆ ਹੈ ਜਿੱਥੇ 2 ਜਾਂ 2 ਤੋਂ ਵੱਧ ਪ੍ਰਮਾਣੂ ਇਕੱਠੇ ਹੋ ਕੇ ਇਕ ਪ੍ਰਮਾਣੂ ਬਣਾਉਂਦੇ ਹਨ। ਇਸ ਪ੍ਰਕਿਰਿਆ ਵਿੱਚ ਵੱਡੀ ਮਾਤਰਾ ’ਚ ਊਰਜਾ ਛੱਡੀ ਜਾਂਦੀ ਹੈ। ਸੂਰਜ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਇਸ ਤੋਂ ਪੈਦਾ ਹੋਣ ਵਾਲੀ ਊਰਜਾ ਬਹੁਤ ਵੱਡੀ ਹੁੰਦੀ ਹੈ। ਜੇਕਰ ਇਸ ਊਰਜਾ ਨੂੰ ਕੰਟਰੋਲ ਕੀਤਾ ਜਾ ਸਕੇ ਤਾਂ ਮਨੁੱਖਤਾ ਨੂੰ ਭਰਪੂਰ ਮਾਤਰਾ ’ਚ ਸਥਾਈ ਸਰੋਤ ਮਿਲ ਸਕਦਾ ਹੈ। ਇਸ ਦੇ ਨਾਲ ਹੀ ਚੀਨ ਅਤੇ ਅਮਰੀਕਾ ਦੀਆਂ ਲੈਬਾਂ ਨੇ ਇਸ ਵਿੱਚ ਸਫਲਤਾ ਹਾਸਲ ਕਰ ਲਈ ਹੈ।
ਚੀਨ ਪਹਿਲਾਂ ਹੀ ਬਣਾ ਚੁੱਕਾ ਹੈ ‘ਆਰਟੀਫੀਸ਼ੀਅਲ ਸੂਰਜ’
ਟੈਕਨਾਲੋਜੀ ਦੇ ਮਾਮਲੇ ’ਚ ਚੀਨ ਨੇ ਅਮਰੀਕਾ, ਰੂਸ ਅਤੇ ਜਾਪਾਨ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਕੇ ਪਹਿਲਾ ਆਰਟੀਫੀਸ਼ੀਅਲ ਸੂਰਜ ਬਣਾ ਕੇ ਦੁਨੀਆ ’ਚ ਦੂਜੇ ਸੂਰਜ ਦੇ ਹੋਣ ਦੇ ਦਾਅਵੇ ਨੂੰ ਸੱਚ ਕਰ ਦਿੱਤਾ ਸੀ। ਇਹ ਪ੍ਰਯੋਗ ਚੀਨ ਦੇ ਅਨਹੂਈ ਸੂਬੇ ਦੀ ਰਾਜਧਾਨੀ ਹੇਫੂ ਵਿੱਚ ਕੀਤਾ ਗਿਆ। ਇੰਨਾ ਹੀ ਨਹੀਂ, ਚੀਨ ਦੇ ਇਸ ਨਕਲੀ ਸੂਰਜ ਨੇ ਬਾਅਦ ’ਚ ਵਿਸ਼ਵ ਰਿਕਾਰਡ ਵੀ ਬਣਾਇਆ। ਚੀਨ ਦੇ ਇਸ ਨਿਊਕਲੀਅਰ ਫਿਊਜ਼ਨ ਰਿਐਕਟਰ ਨੇ 1056 ਸੈਕਿੰਡ ਯਾਨੀ ਕਰੀਬ 17 ਮਿੰਟ ਲਈ 7 ਕਰੋੜ ਡਿਗਰੀ ਸੈਲਸੀਅਸ ਊਰਜਾ ਕੱਢੀ ਸੀ। ਚੀਨ ਦੇ ਇਸ ਨਕਲੀ ਸੂਰਜ ’ਚੋਂ ਨਿਕਲਣ ਵਾਲੀ ਬੇਅੰਤ ਊਰਜਾ ਕਾਰਨ ਦੁਨੀਆ ਤਣਾਅ ’ਚ ਆ ਗਈ ਹੈ।

Comment here