ਅਪਰਾਧਸਿਆਸਤਖਬਰਾਂ

ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ ’ਚ ਵਲਟੋਹਾ ਵਲੋਂ ਪਸ਼ਚਾਤਾਪ

ਅੰਮ੍ਰਿਤਸਰ-ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਉਲੰਘਣਾ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਪੱਤਰ ਦੇ ਕੇ ਆਪਣੇ ਆਪ ਨੂੰ ਪੇਸ਼ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਜਥੇਦਾਰ ਦੀ ਗ਼ੈਰਹਾਜ਼ਰੀ ਵਿੱਚ ਨਿੱਜੀ ਸਹਾਇਕ ਭਾਈ ਰਣਜੀਤ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਵਿਰਸਾ ਸਿੰਘ ਵਲਟੋਹਾ ਨੇ ਲਿਖਿਆ ਕਿ ਬੇਨਤੀ ਹੈ ਕਿ ਮੈਂ ਇਕ ਅੰਮ੍ਰਿਤਧਾਰੀ ਸਿੱਖ ਹਾਂ। ਮੇਰੇ ਤੋਂ ਅਣਜਾਣੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਹੋਈ ਹੈ। ਉਸ ਉਲੰਘਣਾ ਦਾ ਮੇਰੇ ਮਨ ‘ ਤੇ ਭਾਰੀ ਬੋਝ ਹੈ। ਮੈਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਮੇਰੇ ਤੋਂ ਹੋਈ ਅਵੱਗਿਆ ਲਈ ਪਸ਼ਚਾਤਾਪ ਕਰਨਾ ਚਾਹੁੰਦਾ ਹਾਂ।
ਮਿਤੀ 5 ਫਰਵਰੀ 2004 ਨੂੰ ਉਸ ਸਮੇਂ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਤੇ ਬਾਕੀ ਹੋਰ ਚਾਰ ਸਿੰਘ ਸਾਹਿਬਾਨਾਂ ਵੱਲੋਂ ਇਕ ਹੁਕਮਨਾਮੇ ਵਿਚ ਸਿੱਖੀ ਸਿਧਾਂਤਾਂ, ਸਿੱਖ ਇਤਿਹਾਸ, ਰਹਿਤ ਮਰਿਯਾਦਾ, ਸਿੱਖ ਪਰੰਪਰਾਵਾਂ ਅਤੇ ਸਿੱਖ ਸੰਸਥਾਵਾਂ ਨਾਲ ਸਬੰਧਿਤ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਸਿੱਖੀ ਦੇ ਮੁੱਢਲੇ ਸਿਧਾਂਤ, ਨਿਤਨੇਮ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਪੰਚ ਪ੍ਰਧਾਨੀ ਗੁਰਮਤਿ ਸਿਧਾਂਤ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ, ਮਰਿਆਦਾ, ਜਾਰੀ ਹੋਏ ਹੁਕਮਨਾਮਿਆ, ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਤੇ ਅਠਾਰਵੀਂ ਸਦੀ ਦੇ ਗੌਰਵਮਈ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਸਬੰਧੀ ਅਤੇ ਗੁੰਮਰਾਹਕੁੰਨ ਲਿਖਤਾਂ ਪ੍ਰਕਾਸ਼ਿਤ ਕਰਨ ਕਰਕੇ ਜਿਸ ਵਿਅਕਤੀ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ, ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਤੌਰ ‘ ਤੇ ਪੇਸ਼ ਹੋ ਕੇ ਭੁੱਲਾਂ ਬਖਸ਼ਾ ਕੇ ਤਨਖ਼ਾਹ ਲਗਵਾਉਣ ਲਈ ਹੁਕਮ ਕੀਤਾ ਸੀ। ਇਸ ਹੁਕਮਨਾਮੇ ਵਿੱਚ ਸਮੂਹ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਗਿਆ ਸੀ ਕਿ ਸਬੰਧਤ ਵਿਅਕਤੀ ਨਾਲ ਰੋਟੀ ਬੋਟੀ ਦੀ ਸਾਂਝ ਨਾਂ ਰੱਖੀ ਜਾਵੇ। ਮੈਂ ਅਣਜਾਣੇ ਵਿੱਚ ਇਸ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਮੈਂ ਇਸ ਹੋਈ ਉਲੰਘਣਾ ਸੰਬੰਧੀ ਪਛਚਾਤਾਪ ਕਰਨਾ ਚਾਹੁੰਦਾ ਹਾਂ, ਕਿਰਪਾ ਕਰਕੇ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।

Comment here