ਵਿਸ਼ੇਸ਼ ਲੇਖ

‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇੇ ਬਲਿਦਾਨ ਦੀ ਇਤਿਹਾਸ ’ਚ ਬੇਮਿਸਾਲ ਹੈ। ਉਹ ਇਕ ਮਹਾਨ ਵਿਚਾਰਕ, ਯੋਧੇ ਤੇ ਅਧਿਆਤਮਕ ਸ਼ਖਸੀਅਤ ਦੇ ਧਨੀ ਸਨ। ਉਨ੍ਹਾਂ ਨੇ ਧਰਮ, ਮਾਤਭੂਮੀ ਅਤੇ ਜਨਤਾ ਦੇ ਅਧਿਕਾਰਾਂ ਦੀ ਰੱਖਿਆ ਲਈ ਸਰਬੰਸ ਵਾਰ ਦਿੱਤਾ। ਇਸ ਲਈ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸਾਰੇ ਗੁਰੂਆਂ ਦੇ ਪ੍ਰਕਾਸ਼ ਅਤੇ ਦਿਵਯਤਾ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਪ੍ਰੰਪਰਾ ਦੇ ਅਨੁਸਾਰ ਹੀ ਧਰਮ ਤੇ ਦੇਸ਼ ਦੀ ਰੱਖਿਆ ਲਈ ਆਵਾਜ਼ ਬੁਲੰਦ ਕੀਤੀ ਅਤੇ ਬਲਿਦਾਨ ਦਿੱਤਾ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 17ਵੀਂ ਸ਼ਤਾਬਦੀ ’ਚ ਹੀ ਧਰਮ ਦੀ ਆਜ਼ਾਦੀ ਲਈ ਸ਼ਹਾਦਤ ਦੇ ਕੇ ਹਰੇਕ ਦੇਸ਼ਵਾਸੀ ਦੇ ਦਿਲ-ਦਿਮਾਗ ’ਚ ਨਿਡਰਤਾ ਨਾਲ ਆਜ਼ਾਦ ਜੀਵਨ ਜਿਊਣ ਦੇ ਬੀਜ ਨੂੰ ਬੀਜ ਦਿੱਤਾ ਸੀ। ਮਹਾਨ ਸ਼੍ਰੋਮਣੀ ਸੰਤ, ਯੋਧੇ ਤੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 21 ਅਪ੍ਰੈਲ 1621 ਨੂੰ ਪੰਜਾਬ ਦੇ ਅੰਮ੍ਰਿਤਸਰ ਨਗਰ ਵਿਖੇ ਹੋਇਆ ਸੀ। ਇਨ੍ਹਾਂ ਨੇ ਚੱਕਨਾਨਕੀ ਨਾਂ ਦੇ ਸਥਾਨ ਨੂੰ ਸਥਾਪਿਤ ਕੀਤਾ, ਜਿਸ ਦਾ ਬਾਅਦ ’ਚ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਂ ਨਾਲ ਵਿਸਤਾਰ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਂ ਤਿਆਗਮਲ ਸੀ। ਸਿਰਫ 14 ਸਾਲ ਦੀ ਉਮਰ ’ਚ ਆਪਣੇ ਪਿਤਾ ਦੇ ਨਾਲ ਮੁਗਲਾਂ ਵਿਰੁੱਧ ਹੋਈ ਜੰਗ ’ਚ ਉਨ੍ਹਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ (ਤਲਵਾਰ ਦੇ ਧਨੀ) ਰੱਖ ਦਿੱਤਾ। ਜੰਗ ਵਾਲੀ ਥਾਂ ’ਚ ਭਿਆਨਕ ਖੂਨ-ਖਰਾਬੇ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੈਰਾਗੀ ਮਨ ’ਤੇ ਡੂੰਘਾ ਪ੍ਰਭਾਵ ਪਿਆ ਅਤੇ ਉਨ੍ਹਾਂ ਦਾ ਮਨ ਅਧਿਆਤਮਕ ਚਿੰਤਨ ਵੱਲ ਹੋਇਆ। ਉਨ੍ਹਾਂ ਨੇ 20 ਸਾਲ ਤੱਕ ਬਾਬਾ ਬਕਾਲਾ ਸਾਹਿਬ ਵਿਖੇ ਤਪੱਸਿਆ ਕੀਤੀ।
ਤਤਕਾਲੀਨ ਹਾਕਮ ਔਰੰਗਜ਼ੇਬ ਦੇ ਦਰਬਾਰ ’ਚ ਇਕ ਵਿਦਵਾਨ ਪੰਡਿਤ ਆ ਕੇ ਹਰ ਰੋਜ਼ ਔਰੰਗਜ਼ੇਬ ਸਾਹਮਣੇ ਗੀਤਾ ਦੇ ਸਲੋਕ ਪੜ੍ਹਦਾ ਅਤੇ ਉਸ ਦਾ ਅਰਥ ਸੁਣਾਉਂਦਾ ਸੀ ਪਰ ਉਹ ਪੰਡਿਤ ਗੀਤਾ ’ਚੋਂ ਕੁਝ ਸਲੋਕ ਛੱਡ ਦਿੰਦਾ ਹੁੰਦਾ ਸੀ। ਇਕ ਦਿਨ ਪੰਡਿਤ ਬੀਮਾਰ ਪੈ ਗਿਆ ਅਤੇ ਔਰੰਗਜ਼ੇਬ ਨੂੰ ਗੀਤਾ ਸੁਣਾਉਣ ਲਈ ਪੰਡਿਤ ਨੇ ਆਪਣੇ ਬੇਟੇ ਨੂੰ ਭੇਜ ਦਿੱਤਾ ਪਰ ਉਸ ਨੂੰ ਇਹ ਦੱਸਣਾ ਭੁੱਲ ਗਿਆ ਕਿ ਉਸ ਨੇ ਕਿਹੜੇ-ਕਿਹੜੇ ਸਲੋਕਾਂ ਦਾ ਅਰਥ ਰਾਜਾ ਦੇ ਸਾਹਮਣੇ ਨਹੀਂ ਕਰਨਾ ਹੈ। ਪੰਡਿਤ ਦੇ ਬੇਟੇ ਨੇ ਜਾ ਕੇ ਔਰੰਗਜ਼ੇਬ ਨੂੰ ਪੂਰੀ ਗੀਤਾ ਦਾ ਅਰਥ ਸੁਣਾ ਦਿੱਤਾ। ਔਰੰਗਜ਼ੇਬ ਨੂੰ ਕਿਸੇ ਦੂਸਰੇ ਧਰਮ ਦੀ ਪ੍ਰਸ਼ੰਸਾ ਤੇ ਸੱਚੀਆਂ ਸਿੱਖਿਆਵਾਂ ਸਹਿਣ ਨਹੀਂ ਸਨ। ਔਰੰਗਜ਼ੇਬ ਨੇ ਕਸ਼ਮੀਰ ਦੇ ਗਵਰਨਰ ਇਫਤਿਕਾਰ ਖਾਂ (ਜ਼ਾਲਿਮ ਖਾਂ) ਨੂੰ ਕਿਹਾ ਕਿ ਸਾਰੇ ਪੰਡਿਤਾਂ ਨੂੰ ਇਸਲਾਮ ਧਰਮ ਅਪਣਾਉਣ ਲਈ ਕਿਹਾ ਜਾਵੇ। ਗਵਰਨਰ ਨੇ ਕਸ਼ਮੀਰੀ ਪੰਡਿਤਾਂ ਨੂੰ ਇਸਲਾਮ ਧਰਮ ਅਪਣਾਉਣ ਲਈ ਕਿਹਾ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਇਸ ਦੇ ਬਾਅਦ ਸਾਰੇ ਪੰਡਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਗਏ ਅਤੇ ਸਾਰਾ ਬਿਰਤਾਂਤ ਸੁਣਾਇਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੰਡਿਤਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਜ਼ਾਲਿਮ ਖਾਂ ਨੂੰ ਕਹਿ ਦਿਓ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸਲਾਮ ਧਰਮ ਹਾਸਲ ਕਰ ਲਿਆ ਤਾਂ ਉਨ੍ਹਾਂ ਦੇ ਬਾਅਦ ਅਸੀਂ ਵੀ ਇਸਲਾਮ ਧਰਮ ਨੂੰ ਅਪਣਾ ਲਵਾਂਗੇ ਅਤੇ ਜੇਕਰ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਧਾਰਨ ਨਾ ਕਰਾ ਸਕੇ ਤਾਂ ਅਸੀਂ ਵੀ ਇਸਲਾਮ ਧਰਮ ਧਾਰਨ ਨਹੀਂ ਕਰਾਂਗੇ। ਇਹ ਗੱਲ ਔਰੰਗਜ਼ੇਬ ਤੱਕ ਪਹੁੰਚੀ ਤਾਂ ਉਹ ਗੁੱਸੇ ’ਚ ਆ ਗਿਆ ਅਤੇ ਉਸ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੰਦੀ ਬਣਾਉਣ ਲਈ ਹੁਕਮ ਦੇ ਦਿੱਤੇ।1665 ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਉਨ੍ਹਾਂ ਦੇ ਤਿੰਨ ਪੈਰੋਕਾਰਾਂ ਭਾਈ ਮਤੀਦਾਸ ਜੀ, ਭਾਈ ਦਿਆਲਦਾਸ ਜੀ ਅਤੇ ਭਾਈ ਸਤੀਦਾਸ ਜੀ ਨੂੰ ਬੰਦੀ ਬਣਾਇਆ ਗਿਆ। ਜੇਲ ’ਚ ਵੀ ਕਾਜ਼ੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪੇਸ਼ਕਸ਼ ਦਿੱਤੀ ਕਿ ਤੁਸੀਂ ਇਸਲਾਮ ਪ੍ਰਵਾਨ ਕਰ ਕੇ ਹੀ ਆਪਣੀ ਜਾਨ ਬਚਾ ਸਕਦੇ ਹੋ, ਨਹੀਂ ਤਾਂ ਤੁਹਾਡਾ ਸਿਰ ਕਲਮ ਕਰ ਦਿੱਤਾ ਜਾਵੇਗਾ। ਉਸ ਸਮੇਂ ਧਿਆਨ ਧਾਰੀ ਬੈਠੇ ਗੁਰੂ ਜੀ ਨੇ ਸਿਰ ਹਿਲਾ ਕੇ ਇਸਲਾਮ ਮੰਨਣ ਤੋਂ ਨਾਂਹ ਕਰ ਦਿੱਤੀ।
ਜਦੋਂ ਇਹ ਖਬਰ ਔਰੰਗਜ਼ੇਬ ਤੱਕ ਪਹੁੰਚੀ ਤਾਂ ਉਹ ਅੱਗ ਬਬੂਲਾ ਹੋ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਡਰਾ ਕੇ ਇਸਲਾਮ ਪ੍ਰਵਾਨ ਕਰਵਾਉਣ ਲਈ ਉਨ੍ਹਾਂ ਦੇ ਤਿੰਨਾਂ ਪੈਰੋਕਾਰਾਂ ਭਾਈ ਮਤੀਦਾਸ ਜੀ, ਭਾਈ ਦਿਆਲਦਾਸ ਜੀ ਅਤੇ ਭਾਈ ਸਤੀਦਾਸ ਜੀ ਨੂੰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਵੱਖ-ਵੱਖ ਢੰਗਾਂ ਨਾਲ ਸ਼ਹੀਦ ਕਰ ਦਿੱਤਾ ਗਿਆ ਅਤੇ ਕਿਹਾ ਕਿ ਉਨ੍ਹਾਂ ਦਾ ਵੀ ਇਹੀ ਹਾਲ ਹੋਣ ਵਾਲਾ ਹੈ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਵਚਨ ਤੋਂ ਟਸ ਤੋਂ ਮਸ ਨਾ ਹੋਏ। ਉਨ੍ਹਾਂ ਨੇ ਸ਼੍ਰੀਮਦ ਭਾਗਵਤ ਗੀਤਾ ਦੇ ਸਲੋਕ ਪ੍ਰੇਰਨਾ ਲੈ ਕੇ ਧਰਮ ਦੀ ਰੱਖਿਆ ਲਈ ਕਿਹਾ ਕਿ ਮੈਂ ਸਿੱਖ ਹਾਂ ਤੇ ਸਿੱਖ ਹੀ ਰਹਾਂਗਾ। ਇਸ ਦੇ ਬਾਅਦ 1675 ’ਚ ਜ਼ਾਲਮ ਹਾਕਮ ਔਰੰਗਜ਼ੇਬ ਨੇ ਦਿੱਲੀ ਦੇ ਚਾਂਦਨੀ ਚੌਕ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕੱਟ ਕੇ ਸ਼ਹੀਦ ਕਰ ਦਿੱਤਾ। ਅੱਜ ਉਸੇ ਸਥਾਨ ’ਤੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਜੋ ਹਿੰਦੂ-ਸਿੱਖ ਭਾਈਚਾਰੇ ਦੀ ਜਿਊਂਦੀ-ਜਾਗਦੀ ਮਿਸਾਲ ਹੈ।
ਸੀਸ ਕੱਟੇ ਜਾਣ ਦੇ ਬਾਅਦ ਉਨ੍ਹਾਂ ਦਾ ਸੀਸ ਭਾਈ ਜੈਤਾ ਜੀ ਆਪਣੇ ਘਰ ਲੈ ਆਏ। ਤਦ ਭਾਈ ਜੈਤਾ ਜੀ ਦੀ ਪਤਨੀ ਨੇ ਗੁਰੂ ਜੀ ਦਾ ਸੀਸ ਉਨ੍ਹਾਂ ਦੇ ਬੇਟੇ ਗੋਬਿੰਦ ਰਾਏ ਜੀ ਨੂੰ ਸੌਂਪਣ ਲਈ ਕਿਹਾ। ਭਾਈ ਜੈਤਾ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਜੀ ਪਹੁੰਚ ਕੇ ਗੋਬਿੰਦ ਰਾਏ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸਮਰਪਿਤ ਕੀਤਾ। ਇਸ ਦੇ ਬਾਅਦ ਅਨੰਦਪੁਰ ਸਾਹਿਬ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।ਸੰਸਾਰ ਨੂੰ ਅਜਿਹੇ ਬਲਿਦਾਨੀਆਂ ਤੋਂ ਪ੍ਰੇਰਨਾ ਮਿਲਦੀ ਹੈ, ਜਿਨ੍ਹਾਂ ਨੇ ਜਾਨ ਦੇ ਦਿੱਤੀ ਪਰ ਸੱਚ-ਅਹਿੰਸਾ ਦਾ ਮਾਰਗ ਨਹੀਂ ਛੱਡਿਆ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦੇ ਬਾਅਦ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਬਣੇ, ਜੋ ਇਕ ਮਹਾਨ ਯੋਧੇ, ਕਵੀ ਅਤੇ ਦਾਰਸ਼ਨਿਕ ਸਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਧਰਮ ਇਕ ਮਜ਼੍ਹਬ ਨਹੀਂ, ਧਰਮ ਇਕ ਫਰਜ਼ ਹੈ। ਆਦਰਸ਼ ਜ਼ਿੰਦਗੀ ਦਾ ਰਸਤਾ ਹੈ। ਅੱਜ ਸਾਡੇ ਲਈ ਗੁਰੂ ਜੀ ਦੀਆਂ ਸਿੱਖਿਆਵਾਂ, ਤਿਆਗ, ਬਲਿਦਾਨ ਇਕ ਵਿਰਾਸਤ ਹੈ। ਇਸ ਵਿਰਾਸਤ ਨੂੰ ਬਚਾਉਣਾ ਤੇ ਸੰਭਾਲ ਕੇ ਰੱਖਣਾ ਹੀ ਗੁਰੂ ਜੀ ਪ੍ਰਤੀ ਸੱਚੀ ਸ਼ਰਧਾ ਹੋਵੇਗੀ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਲੋੜ ਹੈ ਕਿ ਉਹ ਅਜਿਹੇ ਯੁੱਗ-ਪੁਰਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਚਰਿੱਤਰ ਅਤੇ ਬਲਿਦਾਨ ਤੋਂ ਪ੍ਰੇਰਨਾ ਲੈ ਕੇ ਮਨੁੱਖੀ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਨਾਲ ਜ਼ਿੰਦਗੀ ’ਚ ਸੰਸਕਾਰਾਂ ਨੂੰ ਹਾਸਲ ਕਰ ਕੇ ਅੱਗੇ ਵਧਣ ਜਿਸ ਨਾਲ ਦੇਸ਼ ਫਿਰ ਤੋਂ ਵਿਸ਼ਵ ਗੁਰੂ ਅਖਵਾਏਗਾ।

-ਬੰਡਾਰੂ ਦੱਤਾਤ੍ਰੇਅ (ਮਾਨਯੋਗ ਰਾਜਪਾਲ, ਹਰਿਆਣਾ)

Comment here