ਇਸਲਾਮਾਬਾਦ-ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਮਸਜਿਦ ਤੋਂ ਪੀਣ ਲਈ ਪਾਣੀ ਲੈਣ ਕਾਰਨ ਇਕ ਗਰੀਬ ਹਿੰਦੂ ਕਿਸਾਨ ਪਰਿਵਾਰ ਮੁਸ਼ਕਲ ਵਿਚ ਪੈ ਗਿਆ ਕਿਉਂਕਿ ਕੁਝ ਲੋਕਾਂ ਨੇ ਧਾਰਮਿਕ ਸਥਲ ਦੀ ‘ਪਵਿੱਤਰਤਾ ਦੀ ਉਲੰਘਣਾ’ ਦੇ ਨਾਮ ’ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਅਤੇ ਬੰਧਕ ਬਣਾ ਲਿਆ। ‘ਡਾਨ’ ਅਖ਼ਬਾਰ ਮੁਤਾਬਕ ਪੰਜਾਬ ਦੇ ਰਹੀਮ ਯਾਰ ਖਾਨ ਸ਼ਹਿਰ ਦੇ ਰਹਿਣ ਵਾਲੇ ਆਲਮ ਰਾਮ ਭੀਲ ਆਪਣੀ ਪਤਨੀ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਇਕ ਖੇਤ ਵਿਚ ਕਪਾਹ ਚੁੱਕਣ ਦਾ ਕੰਮ ਕਰ ਰਹੇ ਸਨ। ਭੀਲ ਨੇ ਕਿਹਾ ਕਿ ਜਦੋਂ ਪਰਿਵਾਰ ਇਕ ਟੂਟੀ ਤੋਂ ਪਾਣੀ ਲੈਣ ਲਈ ਨੇੜੇ ਦੀ ਮਸਜਿਦ ਦੇ ਬਾਹਰ ਗਿਆ ਤਾਂ ਕੁਝ ਸਥਾਨਕ ਜਮੀਂਦਾਰਾਂ ਨੇ ਉਹਨਾਂ ਨੂੰ ਕੁੱਟਿਆ। ਜਦੋਂ ਪਰਿਵਾਰ ਕਪਾਹ ਦਾ ਕੰਮ ਕਰ ਕੇ ਘਰ ਪਰਤ ਰਿਹਾ ਸੀ ਤਾਂ ਜਮੀਂਦਾਰਾਂ ਨੇ ਉਹਨਾਂ ਨੂੰ ਉਹਨਾਂ ਦੇ ਡੇਰੇ ਵਿਚ ਬੰਧਕ ਬਣਾ ਲਿਆ ਅਤੇ ਮਸਜਿਦ ਦੀ ਪਵਿੱਤਰਤਾ ਦੀ ਉਲੰਘਣਾ ਕਰਨ ਦੇ ਨਾਮ ’ਤੇ ਪਰੇਸ਼ਾਨ ਕੀਤਾ। ਭੀਲ ਨੇ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਹਮਲਾਵਰ, ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਇਕ ਸਥਾਨਕ ਸਾਂਸਦ ਨਾਲ ਜੁੜੇ ਹਨ। ਪੁਲਸ ਦੀ ਨਾਕਾਮੀ ਦਾ ਵਿਰੋਧ ਕਰਦਿਆਂ ਭੀਲ ਨੇ ਭਾਈਚਾਰੇ ਦੇ ਮੈਂਬਰ ਪੀਟਰ ਜੌਨ ਭੀਲ ਨਾਲ ਥਾਣੇ ਦਾ ਬਾਹਰ ਧਰਨਾ ਦਿੱਤਾ। ਜ਼ਿਲ੍ਹਾ ਸ਼ਾਂਤੀ ਕਮੇਟੀ ਦੇ ਮੈਂਬਰ ਪੀਟਰ ਨੇ ਕਿਹਾ ਕਿ ਉਹਨਾਂ ਨੇ ਸੱਤਾਧਾਰੀ ਪੀ.ਟੀ.ਆਈ. ਵਿਧਾਇਕ ਜਾਵੇਦ ਵਾਰਿਯਾਚ ਨਾਲ ਸੰਪਰਕ ਕੀਤਾ, ਜਿਹਨਾਂ ਨੇ ਮਾਮਲਾ ਦਰਜ ਕਰਾਉਣ ਵਿਚ ਉਹਨਾਂ ਦੀ ਮਦਦ ਕੀਤੀ।
ਅਖ਼ਬਾਰ ਮੁਤਾਬਕ ਪੀਟਰ ਨੇ ਜ਼ਿਲ੍ਹਾ ਸ਼ਾਂਤੀ ਕਮੇਟੀ ਦੇ ਹੋਰ ਮੈਂਬਰਾਂ ਤੋਂ ਇਸ ਮੁੱਦੇ ’ਤੇ ਇਕ ਐਮਰਜੈਂਸੀ ਬੈਠਕ ਬੁਲਾਉਣ ਦੀ ਅਪੀਲ ਕੀਤੀ ਪਰ ਉਹਨਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪੀ.ਟੀ.ਆਈ. ਦੇ ਦੱਖਣੀ ਪੰਜਾਬ ਘੱਟ ਗਿਣਤੀ ਵਿੰਗ ਦੇ ਜਨਰਲ ਸਕੱਤਰ ਯੁਧਿਸ਼ਠਿਰ ਚੌਹਾਨ ਨੇ ਕਿਹਾ ਕਿ ਘਟਨਾ ਉਹਨਾਂ ਦੇ ਨੋਟਿਸ ਵਿਚ ਆਈ ਹੈ ਪਰ ਸੱਤਾਧਾਰੀ ਪਾਰਟੀ ਦੇ ਸਾਂਸਦ ਦੇ ਪ੍ਰਭਾਵ ਕਰਾਨ ਉਹਨਾਂ ਨੇ ਦਖਲ ਅੰਦਾਜ਼ੀ ਨਹੀਂ ਕੀਤੀ। ਜ਼ਿਲ੍ਹਾ ਪੁਲਸ ਅਧਿਕਾਰੀ ਅਸਦ ਸਰਫਰਾਜ਼ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਡਿਪਟੀ ਕਮਿਸ਼ਨਰ ਡਾਕਟਰ ਖੁਰਮ ਸ਼ਹਿਜਾਦ ਨੇ ਕਿਹਾ ਕਿ ਉਹ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾ ਹਿੰਦੂ ਭਾਈਚਾਰੇ ਦੇ ਬਜ਼ੁਰਗਾਂ ਨਾਲ ਮਿਲਣਗੇ। ਗੌਰਤਲਬ ਹੈ ਕਿ ਪਾਕਿਸਤਾਨ ਵਿਚ ਹਿੰਦੂ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ। ਅਧਿਕਾਰਤ ਅਨੁਮਾਨ ਮੁਤਾਬਕ ਪਾਕਿਸਤਾਨ ਵਿਚ 75 ਲੱਖ ਹਿੰਦੂ ਪਰਿਵਾਰ ਰਹਿੰਦੇ ਹਨ। ਭਾਈਚਾਰੇ ਮੁਤਾਬਕ ਦੇਸ਼ ਵਿਚ 90 ਲੱਖ ਤੋਂ ਵੱਧ ਹਿੰਦੂ ਰਹਿ ਰਹੇ ਹਨ।
Comment here