ਇਸਲਾਮਾਬਾਦ-ਪਾਕਿਸਤਾਨ ਵਿੱਚ ਘੱਟਗਿਣਤੀਆਂ ਨਾਲ ਜੁਰਮਾਂ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ, ਹੁਣ ਇਥੇ ਨਬਾਲਗ ਹਿੰਦੂ ਕੁੜੀ ਦਾ ਜਬਰੀ ਨਿਕਾਹ ਕਰਨ ਦਾ ਮਾਮਲਾ ਨਸ਼ਰ ਹੋਇਆ ਹੈ। ਸਿੰਧ ਸੂਬੇ ਦੇ ਕਸਬਾ ਮੀਰਪੁਰ ਖਾਸ ਵਿਚ ਇਕ ਨਾਬਾਲਿਗ ਹਿੰਦੂ ਕੁੜੀ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਅਗਵਾ ਕਰਨ ਵਾਲੇ ਦੋਸ਼ੀ ਨਾਲ ਹੀ ਜ਼ਬਰਦਸਤੀ ਨਿਕਾਹ ਕਰ ਦਿੱਤਾ ਗਿਆ। ਇਸ ਸਬੰਧੀ ਪੀੜਤ ਕੁੜੀ ਦੇ ਪਰਿਵਾਰ ’ਤੇ ਤਸ਼ੱਦਦ ਦਾ ਵਾਤਾਵਰਨ ਬਣਾ ਦਿੱਤੇ ਜਾਣ ਕਾਰਨ ਪਰਿਵਾਰ ਅਣਪਛਾਤੇ ਸਥਾਨ ’ਤੇ ਚਲਾ ਗਿਆ ਹੈ। ਜਾਣਕਾਰੀ ਅਨੁਸਾਰ ਮੀਰਪੁਰ ਖਾਸ ਵਾਸੀ 16 ਸਾਲਾਂ ਹਿੰਦੂ ਕੁੜੀ ਪੋਨੋ ਕੋਹਲੀ ਨੂੰ ਉਸ ਦੇ ਘਰ ਤੋਂ ਪਰਿਵਾਰ ਦੇ ਸਾਹਮਣੇ ਦੋਸ਼ੀ ਮਾਨ ਹੁਸੈਨ ਲਗਾਰੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਹਥਿਆਰਾਂ ਦੇ ਦਮ ’ਤੇ ਅਗਵਾ ਕਰ ਲਿਆ। ਉਸ ਦੇ ਬਾਅਦ ਕੁੜੀ ਦਾ ਧਰਮ ਪਰਿਵਰਤਨ ਕਰਕੇ ਉਸ ਦਾ ਦੋਸ਼ੀ ਮਾਨ ਹੁਸੈਨ ਲਗਾਰੀ ਨਾਲ ਹੀ ਨਿਕਾਹ ਕਰ ਦਿੱਤਾ ਗਿਆ। ਜਦਕਿ ਦੋਸ਼ੀ ਲਗਾਰੀ ਦੀ ਉਮਰ 45 ਸਾਲ ਦੀ ਹੈ। ਇਸ ਸਬੰਧੀ ਪੁਲਸ ਅਤੇ ਦੋਸ਼ੀ ਵੱਲੋਂ ਕਿਸੇ ਤਰਾਂ ਦੀ ਕਾਰਵਾਈ ਕਰਨ ’ਤੇ ਸਾਰੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਮਿਲਣ ’ਤੇ ਪੀੜਤ ਪਰਿਵਾਰ ਘਰ ਨੂੰ ਛੱਡ ਕੇ ਅਣਪਛਾਤੀ ਸਥਾਨ ’ਤੇ ਚਲਾ ਗਿਆ ਹੈ। ਪਾਕਿਸਤਾਨ ਹਿੰਦੂ ਕੌਂਸਲ ਨੇ ਇਸ ਮਾਮਲੇ ਨੂੰ ਸਿੰਧ ਸੂਬੇ ਦੇ ਮੁੱਖ ਮੰਤਰੀ ਦੇ ਕੋਲ ਉਠਾਇਆ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਯਾਦ ਰਹੇ ਪਹਿਲਾਂ ਵੀ ਅਜਿਹੇ ਕਈ ਮਾਮਲੇ ਇੱਥੇ ਵਾਪਰ ਚੁੱਕੇ ਹਨ।
ਹਿੰਦੂ ਨਬਾਲਗ ਕੁੜੀ ਦਾ ਜਬਰੀ ਧਰਮ ਪਰਿਵਰਤਨ ਤੇ ਨਿਕਾਹ

Comment here