ਰਾਜਸਥਾਨ-ਇਥੋਂ ਦੇ ਭਰਤਪੁਰ ਸ਼ਹਿਰ ਵਿਚ ਗੈਂਗ ਵਾਰ ਹੋਈ ਹੈ। ਅੱਧੀ ਦਰਜਨ ਦੇ ਕਰੀਬ ਬਦਮਾਸ਼ਾਂ ਨੇ ਇਕ ਹਿਸਟਰੀਸ਼ੀਟਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸ਼ਹਿਰ ਦੇ ਮੱਧ ਵਿਚ ਭਾਰੀ ਗੋਲੀਬਾਰੀ ਕਾਰਨ ਹਫੜਾ-ਦਫੜੀ ਮਚ ਗਈ। ਪੁਲਿਸ ਮੁਲਾਜ਼ਮ ਮੌਕੇ ਉਤੇ ਪਹੁੰਚੇ, ਪਰ ਉਦੋਂ ਤੱਕ ਸਭ ਕੁਝ ਖ਼ਤਮ ਹੋ ਚੁੱਕਾ ਸੀ। ਪੁਲਿਸ ਨੇ ਹਮਲਾਵਰਾਂ ਨੂੰ ਫੜਨ ਲਈ ਪੂਰੇ ਇਲਾਕੇ ‘ਚ ਸਖਤ ਨਾਕਾਬੰਦੀ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਗੈਂਗ ਵਾਰ ਵਿੱਚ ਹਿਸਟਰੀਸ਼ੀਟਰ ਅਜੈ ਝਾਮਰੀ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਸ਼ਹਿਰ ਦੇ ਅਟਲਬੰਦ ਥਾਣਾ ਖੇਤਰ ਦੇ ਹੀਰਾ ਦਾਸ ਚੌਰਾਹੇ ਨੇੜੇ ਵਾਪਰੀ। ਪੰਜ-ਛੇ ਹਮਲਾਵਰ ਦੋ ਬਾਈਕ ‘ਤੇ ਸਵਾਰ ਹੋ ਕੇ ਉਥੇ ਆਏ ਅਤੇ ਆਉਂਦਿਆਂ ਹੀ ਉੱਥੇ ਖੜ੍ਹੇ ਹਿਸਟਰੀਸ਼ੀਟਰ ਅਜੈ ਉਤੇ ਤਿੰਨ ਰਾਉਂਡ ਫਾਇਰ ਕੀਤੇ। ਇਨ੍ਹਾਂ ਵਿੱਚੋਂ ਇੱਕ ਗੋਲੀ ਅਜੇ ਦੇ ਸਿਰ ਵਿੱਚ ਲੱਗੀ। ਉਹ ਖੂਨ ਨਾਲ ਲਥਪਥ ਉਥੇ ਹੀ ਡਿੱਗ ਪਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਅਜੈ ਨੂੰ ਹਸਪਤਾਲ ਪਹੁੰਚਾਇਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਸੁਪਰਡੈਂਟ ਨੇ ਅਜੈ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਤੇਜਵੀਰ ਵਜੋਂ ਹੋਈ ਹੈ। ਦੂਜਾ ਉਸ ਦਾ ਸਾਥੀ ਯੁਵਰਾਜ ਦੱਸਿਆ ਜਾ ਰਿਹਾ ਹੈ। ਤੇਜਵੀਰ ‘ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਤੇਜਵੀਰ ਦਾ ਆਪਣਾ ਗੈਂਗ ਹੈ। ਇਸ ਤੋਂ ਪਹਿਲਾਂ ਵੀ ਅਜੈ ਅਤੇ ਤੇਜਵੀਰ ਦੇ ਗੈਂਗ ਵਿਚਾਲੇ ਲੜਾਈ ਹੋ ਚੁੱਕੀ ਹੈ।
Comment here