ਸ਼ਿਮਲਾ– ਲੰਘੇ ਦਿਨ ਐਤਵਾਰ ਸਵੇਰੇ ਧਰਮਸ਼ਾਲਾ ਵਿੱਚ ਵਿਧਾਨ ਸਭਾ ਭਵਨ ਦੇ ਬਾਹਰ ਖਾਲਿਸਤਾਨੀ ਝੰਡੇ ਦੇਖੇ ਗਏ ਅਤੇ ਕੰਧਾਂ ਤੇ ਇਤਰਾਜ਼ਯੋਗ ਨਾਅਰੇ ਲਿਖੇ ਗਏ। ਇਸ ਕਾਰਨ ਉਥੇ ਹਲਚਲ ਮਚ ਗਈ ਸੀ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਇਨ੍ਹਾਂ ਝੰਡਿਆਂ ਨੂੰ ਉਥੋਂ ਹਟਾ ਦਿੱਤਾ। ਇਸ ਮਾਮਲੇ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਹੈ, ਜੋ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂੰ ਖਿਲਾਫ ਇਸ ਮਾਮਲੇ ਚ ਯੂ ਏ ਪੀ ਏ ਤੇ ਹੋਰ ਸਖਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਹਿਮਾਚਲ ਪੁਲਿਸ ਅਨੁਸਾਰ ਸੂਬੇ ਦੀ ਅੰਦਰੂਨੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਥਾਂ-ਥਾਂ ਬੈਰੀਕੇਡ ਲਗਾ ਦਿੱਤੇ ਗਏ ਹਨ। ਅੰਦਰ ਆਉਣ ਵਾਲਿਆਂ ਨੂੰ ਚੈਕਿੰਗ ਤੋਂ ਬਾਅਦ ਹੀ ਬਾਰਡਰ ਵਿੱਚ ਐਂਟਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤੇ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ। ਪੁਲਿਸ ਟੀਮਾਂ ਵੀ ਸੂਬੇ ਵਿੱਚ ਥਾਂ-ਥਾਂ ਘੁੰਮ ਰਹੀਆਂ ਹਨ ਤਾਂ ਜੋ ਕਿਸੇ ਵੀ ਸ਼ੱਕੀ ਗਤੀਵਿਧੀ ਦਾ ਤੁਰੰਤ ਪਤਾ ਲਗਾਇਆ ਜਾ ਸਕੇ। ਇਸ ਤੋਂ ਇਲਾਵਾ ਹੋਟਲਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਧਰਮਸ਼ਾਲਾ ਦੇ ਤਪੋਵਨ ਮਾਮਲੇ ਤੋਂ ਬਾਅਦ ਸੂਬੇ ਦੇ ਪੁਲਸ ਡਾਇਰੈਕਟਰ ਸੰਜੇ ਕੁੰਡੂ ਨੇ ਕਈ ਜ਼ਿਲ੍ਹਿਆਂ ਦੇ ਪੁਲਸ ਸੁਪਰਡੈਂਟਾਂ ਸਮੇਤ ਸੀ.ਆਈ.ਡੀ. ਦੇ ਏ.ਡੀ.ਜੀ.ਪੀ., ਕਈ ਰੇਂਜ ਦੇ ਆਈ.ਜੀ. ਅਤੇ ਡੀ.ਆਈ.ਜੀ. ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਆਦੇਸ਼ ‘ਚ ਖਾਲਿਸਤਾਨ ਦੇ ਸਮਰਥਨ ‘ਚ ਪੋਸਟਰ ਚਿਪਕਾਉਣ ਵਾਲੇ ਦੋਸ਼ੀਆਂ ਦੇ ਸੰਭਾਵਿਤ ਟਿਕਾਣਿਆਂ ‘ਤੇ ਦਬਿਸ਼ ਦੇਣ ਨੂੰ ਵੀ ਕਿਹਾ ਗਿਆ ਹੈ। ਨਾਲ ਹੀ ਹੋਟਲਾਂ ਅਤੇ ਸਰਾਵਾਂ ਦੀ ਤਲਾਸ਼ੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਰਾਤ ਦੀ ਗਸ਼ਤ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬੰਨ ਪ੍ਰਾਜੈਕਟਾਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ, ਬੱਸ ਸਟੈਂਡ, ਸਰਕਾਰੀ ਭਵਨਾਂ ‘ਤੇ ਵੀ ਗਸ਼ਤ ਵਧਾਉਣ ਦੇ ਆਦੇਸ਼ਹਨ। ਪੁਲਸ ਡਾਇਰੈਕਟਰ ਜਨਰਲ ਨੇ ਸਰਕਾਰੀ, ਅਰਧ-ਸਰਕਾਰੀ ਬੈਂਕਾਂ ਆਦਿ ਦੇ ਰਾਤ ਦੇ ਚੌਕੀਦਾਰਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਕੁਝ ਸ਼ੱਕੀ ਲੱਗੇ ਤਾਂ ਤੁਰੰਤ ਇਸ ਦੀ ਸੂਚਨਾ ਨਜ਼ਦੀਕੀ ਪੁਲਸ ਥਾਣੇ ਨੂੰ ਦਿੱਤੀ ਜਾਵੇ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਵਿਧਾਨ ਸਭਾ ਗੇਟ ਦੇ ਬਾਹਰ ਖਾਲਿਸਤਾਨ ਦਾ ਝੰਡਾ ਲਗਾਉਣ ਤੋਂ ਬਾਅਦ ਹੁਣ ਹਾਈ ਅਲਰਟ ਮੋਡ ‘ਤੇ ਆ ਗਿਆ ਹੈ। ਹਿਮਾਚਲ ਪ੍ਰਦੇਸ਼ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ। ਪੁਲਸ ਨੇ ਅੰਤਰਰਾਜੀ ਸਰਹੱਦਾਂ ਤੋਂ ਲੰਘਣ ਵਾਲੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਦੇਸ਼ ਦੇ ਡੀ.ਜੀ.ਪੀ. ਨੇ ਪੁਲਸ ਨੂੰ ਹਾਈ ਅਲਰਟ ‘ਤੇ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਜਿਸ ਦੇ ਅਧੀਨ ਏ.ਡੀ.ਜੀ.ਪੀ.-ਸੀ.ਆਈ.ਡੀ., ਡੀ.ਆਈ.ਜੀ. ਰੇਂਜ ਅਤੇ ਜ਼ਿਲ੍ਹਾ ਪੁਲਸ ਸੁਪਰਡੈਂਟ ਨੂੰ ਹਿਮਾਚਲ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਸੀਲ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Comment here