ਖਬਰਾਂਚਲੰਤ ਮਾਮਲੇਦੁਨੀਆ

ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਨੇ 217 ਲੋਕਾਂ ਦੀ ਲਈ ਜਾਨ

ਸ਼ਿਮਲਾ-ਪੰਜਾਬ ਵਿਚ ਮੁੜ ਹੈਰਾਨ ਨੇ ਦਸਤਕ ਦੇ ਦਿੱਤੀ ਹੈ। ਹਾਲ ਵਿਚ ਹੀ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਸ਼ਿਵ ਮੰਦਰ ਦੇ ਮਲਬੇ ਵਿੱਚੋਂ ਇੱਕ ਹੋਰ ਲਾਸ਼ ਬਰਾਮਦ ਹੋਣ ਅਤੇ ਚੰਬਾ ਜ਼ਿਲ੍ਹੇ ਵਿੱਚ ਦੋ ਹੋਰ ਲੋਕਾਂ ਦੀ ਮੌਤ ਤੋਂ ਬਾਅਦ ਪ੍ਰਦੇਸ਼ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ ਵੱਧ ਕੇ 74 ਹੋ ਗਈ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਿਮਲਾ ਵਿੱਚ ਹੀ ਤਿੰਨ ਥਾਵਾਂ ’ਤੇ- ਸਮਰ ਹਿੱਲ ਸਥਿਤ ਸ਼ਿਵ ਮੰਦਰ ਅਤੇ ਫਾਗਲੀ ਅਤੇ ਕ੍ਰਿਸ਼ਨਾ ਨਗਰ ਵਿਚ ਢਿੱਗਾਂ ਡਿੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ। ਮੰਦਰ ਦੇ ਮਲਬੇ ਹੇਠ ਅਜੇ ਵੀ ਅੱਠ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇੱਥੇ ਦੱਸ ਦੇਈਏ ਕਿ ਸੂਬੇ ਵਿੱਚ 24 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਹੁਣ ਤੱਕ 217 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸ਼ਿਮਲਾ ਦੇ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਬੁੱਧਵਾਰ ਨੂੰ ਸਮਰ ਹਿੱਲ ਜ਼ਮੀਨ ਖਿਸਕਣ ਵਾਲੀ ਥਾਂ ਤੋਂ ਬਚਾਅ ਕਰਮੀਆਂ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੇ ਗਣਿਤ ਵਿਭਾਗ ਦੇ ਮੁਖੀ ਪੀ ਐੱਲ ਸ਼ਰਮਾ ਦੀ ਲਾਸ਼ ਬਰਾਮਦ ਕੀਤੀ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਚੰਬਾ ਜ਼ਿਲ੍ਹੇ ਵਿੱਚ ਮੀਂਹ ਨਾਲ ਸਬੰਧਤ ਦੋ ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 74 ਹੋ ਗਈ ਹੈ। ਸੂਬੇ ਵਿਚ ਪਿਛਲੇ ਤਿੰਨ ਦਿਨਾਂ ਦੌਰਾਨ ਭਾਰੀ ਮੀਂਹ ਦਰਜ ਕੀਤਾ ਗਿਆ, ਜੋ ਐਤਵਾਰ ਤੋਂ ਸ਼ੁਰੂ ਹੋਇਆ।
ਗਾਂਧੀ ਨੇ ਦੱਸਿਆ ਕਿ ਫੌਜ, ਹਵਾਈ ਸੈਨਾ ਅਤੇ ਹੋਰ ਬਚਾਅ ਕਰਮਚਾਰੀਆਂ ਨੇ ਹੜ੍ਹ ਪ੍ਰਭਾਵਿਤ ਕਾਂਗੜਾ ਜ਼ਿਲ੍ਹੇ ਦੇ ਫਤੇਹਪੁਰ ਅਤੇ ਇੰਦੌਰਾ ਦੇ ਪੌਂਗ ਡੈਮ ਤੋਂ 309 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਪਿਛਲੇ ਤਿੰਨ ਦਿਨਾਂ ਵਿੱਚ ਇਨ੍ਹਾਂ ਇਲਾਕਿਆਂ ਵਿੱਚੋਂ 2074 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਵਾਰ ਨੂੰ ਮੰਡੀ ਜ਼ਿਲ੍ਹੇ ਦੇ ਸਰਕਾਘਾਟ ਵਿਧਾਨ ਸਭਾ ਹਲਕੇ ਦੇ ਮਟਹੇੜੀ, ਬਲਦਵਾੜਾ, ਮਸੇਰਨ ਅਤੇ ਜੁਕੈਨ ਦੇ ਮੀਂਹ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਉੱਥੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਪ੍ਰਮੁੱਖ ਸਕੱਤਰ (ਮਾਲ) ਓਂਕਾਰ ਚੰਦ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਮਾਨਸੂਨ ਸੀਜ਼ਨ ਦੌਰਾਨ ਹੋਇਆ ਨੁਕਸਾਨ 7,500 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ 875 ਸੜਕਾਂ ਜਾਮ ਹੋਈਆਂ ਹਨ ਅਤੇ 1,135 ਟਰਾਂਸਫਾਰਮਰ ਅਤੇ 285 ਜਲ ਸਪਲਾਈ ਸਕੀਮਾਂ ਵਿੱਚ ਵਿਘਨ ਪਿਆ ਹੈ। ਸੁੱਖੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਭਾਰੀ ਮਾਨਸੂਨ ਦੇ ਮੀਂਹ ਨਾਲ ਨੁਕਸਾਨੇ ਗਏ ਬੁਨਿਆਦੀ ਢਾਂਚਿਆਂ ਨੂੰ ਦੁਬਾਰਾ ਬਣਾਉਣ ਵਿੱਚ ਇੱਕ ਸਾਲ ਦਾ ਸਮਾਂ ਲੱਗੇਗਾ। ਸੁੱਖੂ ਨੇ ਕਿਹਾ ਸੀ ਕਿ ਪਿਛਲੇ ਮਹੀਨੇ ਜੁਲਾਈ ਅਤੇ ਇਸ ਹਫਤੇ ਹੋਈ ਪਏ ਮੋਹਲੇਧਾਰ ਮੀਂਹ ਕਾਰਨ ਸੂਬੇ ‘ਚ 10,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੜਕਾਂ ਅਤੇ ਪਾਣੀ ਦੇ ਪ੍ਰਾਜੈਕਟਾਂ ਦੇ ਪੁਨਰ ਨਿਰਮਾਣ ਵਿੱਚ ਸਮਾਂ ਲੱਗਦਾ ਹੈ, ਪਰ ਸਰਕਾਰ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆ ਰਹੀ ਹੈ।

Comment here