ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਹਿਮਾਚਲ, ਦਿੱਲੀ, ਪੰਜਾਬ, ਹਰਿਆਣਾ ਚ ਨਸ਼ੇ ਦਾ ਕਹਿਰ

ਨਵੀਂ ਦਿੱਲੀ- ਨਸ਼ੇ ਦਾ ਕਹਿਰ ਪੰਜਾਬ ਹੀ ਨਹੀਂ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਉਜਾੜਾ ਕਰ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ‘ਚ19 ਸਾਲਾ ਮੁੰਡੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ 19 ਸਾਲਾ ਧੀਰਜ ਠਾਕੁਰ ਵਾਸੀ ਪਿੰਡ ਥੱਡੂ ਸਮੀਰਪੁਰ ਤੋਂ ਆਈ.ਟੀ.ਆਈ. ਕਰ ਰਿਹਾ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿਤਾ ਨੇ ਕਿਹਾ ਹੈ ਕਿ ਉਸਦਾ ਪੁੱਤਰ ਨਸ਼ੇ ਦਾ ਆਦੀ ਸੀ। 26 ਅਪ੍ਰੈਲ ਨੂੰ ਧੀਰਜ ਘਰੋਂ ਨਿਕਲਿਆ ਪਰ ਆਈਟੀਆਈ ਨਹੀਂ ਗਿਆ ਅਤੇ ਆਪਣੇ ਦੋਸਤਾਂ ਨਾਲ ਚਲਾ ਗਿਆ। ਉਸਦੇ ਨਾਲ ਜਾਣ ਵਾਲਿਆਂ ਵਿੱਚ ਪਾਰੁਲ  ਵਾਸੀ ਝੰਡੇਰ, ਵਿਕਰਾਂਤ ਵਾਸੀ ਧਗਵਾਨੀ ਅਤੇ ਪ੍ਰਿੰਸ ਵਾਸੀ ਜਾਹੂ ਸ਼ਾਮਲ ਹਨ। ਜਦੋਂ ਦੇਰ ਸ਼ਾਮ ਤੱਕ ਬੇਟਾ ਘਰ ਨਹੀਂ ਪਹੁੰਚਿਆ ਤਾਂ ਚਿੰਤਾ ਵਿੱਚ ਡੁੱਬੇ ਪਿਤਾ ਨੇ ਪੁੱਤਰ ਦੇ ਮੋਬਾਈਲ ‘ਤੇ ਕਾਲ ਕੀਤੀ। ਧੀਰਜ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਆਪਣੀ ਦੋਸਤ ਪਾਰੁਲ ਦੇ ਘਰ ਗਿਆ ਹੈ ਅਤੇ ਉੱਥੇ ਹੀ ਰਹੇਗਾ। ਇਸ ਤੋਂ ਬਾਅਦ ਧੀਰਜ ਦਾ ਫੋਨ ਬੰਦ ਹੋ ਗਿਆ। ਇਸ ਤੋਂ ਬਾਅਦ ਧੀਰਜ ਫਿਰ ਕਦੇ ਘਰ ਨਹੀਂ ਪਰਤਿਆ। ਆਪਣੇ ਪੱਧਰ ‘ਤੇ ਬੇਟੇ ਦੀ ਭਾਲ ਕਰਨ ਤੋਂ ਬਾਅਦ ਥੱਕੇ ਹੋਏ ਪਿਤਾ ਨੇ 30 ਅਪ੍ਰੈਲ ਨੂੰ ਸਰਕਾਘਾਟ ਥਾਣੇ ‘ਚ ਪੁੱਤਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਅਤੇ ਉਸਦੇ ਦੋਸਤਾਂ ‘ਤੇ ਸ਼ੱਕ ਜ਼ਾਹਰ ਕੀਤਾ। ਪੁਲਿਸ ਨੇ ਪਾਰੁਲ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਸ਼ੱਕ ਦੇ ਆਧਾਰ ‘ਤੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ। ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪਾਰੁਲ ਨੇ ਸੱਚਾਈ ਦਾ ਪਰਦਾਫਾਸ਼ ਕਰ ਦਿੱਤਾ। ਪਾਰੁਲ ਨੇ ਪੁਲਿਸ ਨੂੰ ਦੱਸਿਆ ਕਿ 26 ਅਪਰੈਲ ਨੂੰ ਇਨ੍ਹਾਂ ਸਾਰੇ ਦੋਸਤਾ ਨੇ ਇੰਜੈਕਸ਼ਨ ਨਾਲ ਨਸ਼ੇ ਦੀ ਡੋਜ਼ ਲਈ ਸੀ। ਧੀਰਜ ਨੇ ਓਵਰਡੋਜ਼ ਲੈ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਆਪਣੇ ਸਾਹਮਣੇ ਧੀਰਜ ਨੂੰ ਮ੍ਰਿਤਕ ਹਾਲਤ ‘ਚ ਦੇਖ ਕੇ ਤਿੰਨੋਂ ਨੌਜਵਾਨਾਂ ਨੇ ਬੋਖਲਾਹਟ ‘ਚ ਆ ਕੇ ਉਸ ਦੀ ਲਾਸ਼ ਨੂੰ ਬੋਰੀ ‘ਚ ਬੰਨ੍ਹ ਕੇ ਫਾਟਕ ਦੇ ਕੰਢੇ ਲੈ ਗਏ। ਉੱਥੇ ਟੋਆ ਪੁੱਟਿਆ ਗਿਆ ਅਤੇ ਲਾਸ਼ ਨੂੰ ਦਫ਼ਨਾਉਣ ਤੋਂ ਬਾਅਦ ਉਹ ਆਪਣੇ ਘਰਾਂ ਨੂੰ ਪਰਤ ਗਏ। ਪੁਲਿਸ ਨੇ ਪਾਰੁਲ ਦੇ ਮੌਕੇ ‘ਤੇ ਉਸ ਜਗ੍ਹਾ ‘ਤੇ ਖੋਦਾਈ ਕੀਤੀ ਤਾਂ ਉਥੋਂ ਧੀਰਜ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਸੜ ਚੁੱਕੀ ਹੈ ਅਤੇ ਇਸ ਨੂੰ ਪੋਸਟਮਾਰਟਮ ਲਈ ਮੈਡੀਕਲ ਕਾਲਜ ਨੇਰ ਚੌਕ ਭੇਜ ਦਿੱਤਾ ਗਿਆ ਹੈ। ਡੀਐਸਪੀ ਸਰਕਾਘਾਟ ਲਿਟਕ ਰਾਜ ਸ਼ਾਂਡਿਲਿਆ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਪਾਰੁਲ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਧੀਰਜ ਦੀ ਮੌਤ ਕਿਸ ਕਾਰਨ ਹੋਈ। ਦੋ ਹੋਰ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਨਸ਼ੇੜੀ ਵੱਲੋਂ ਮਾਪਿਆਂ ਦਾ ਕਤਲ

ਹਰਿਆਣਾ ਦੇ ਫਰੀਦਾਬਾਦ ‘ਚ ਨਹਿਰਪਾਰ ਸਥਿਤ ਹਨੂੰਮਾਨ ਨਗਰ ‘ਚ ਇਕ ਨਸ਼ੇੜੀ ਬੇਟੇ ਨੇ ਆਪਣੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ। ਪੁਲਸ ਬੁਲਾਰੇ ਸੂਬੇ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 3 ਵਜੇ ਹਨੂੰਮਾਨ ਨਗਰ ‘ਚ ਬੀਰ ਸਿੰਘ (70), ਉਨ੍ਹਾਂ ਦੀ ਪਤਨੀ ਚੰਪਾ (62) ਦੀ ਉਨ੍ਹਾਂ ਦੇ ਪੁੱਤਰ ਜਿਤੂ ਉਰਫ਼ ਜਿਤੇਂਦਰ (38) ਨੇ ਹੱਤਿਆ ਕਰ ਦਿੱਤੀ ਅਤੇ ਉਹ ਮੌਕੇ ‘ਤੇ ਫਰਾਰ ਹੋ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਖੇੜੀ ਪੁਲ ਥਾਣੇ ਦੇ ਇੰਚਾਰਜ ਟੀਮ ਨਾਲ ਮੌਕੇ ‘ਤੇ ਪਹੁੰਚੇ। ਦੋਹਾਂ ਬਜ਼ੁਰਗਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਸਨ। ਮ੍ਰਿਤਕ ਜੋੜੇ ਦੇ ਜੁਆਈ ਸੁਰੇਂਦਰ ਸਿੰਘ ਦੀ ਸ਼ਿਕਾਇਤ ‘ਤੇ ਦੋਸ਼ੀ ਜੀਤੂ ਉਰਫ਼ ਜਿਤੇਂਦਰ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ‘ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੁਰੇਂਦਰ ਅਨੁਸਾਰ ਜੀਤੂ ਦੋਸ਼ੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਹ ਹਮੇਸ਼ਾ ਆਪਣੇ ਮਾਤਾ-ਪਿਤਾ ਨਾਲ ਲੜਾਈ ਅਤੇ ਕੁੱਟਮਾਰ ਕਰਦਾ ਰਹਿੰਦਾ ਸੀ। ਸ਼ਿਕਾਇਤਕਰਤਾ ਅਨੁਸਾਰ ਜੀਤੂ ਨੇ ਹੀ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਾਦਸੇ ਵਾਲੀ ਜਗ੍ਹਾ ਤੋਂ ਖੂਨ ਲੱਗੀ ਕੈਂਚੀ ਬਰਾਮਦ ਕੀਤੀ ਗਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਸ਼ੇੜੀ ਪੁੱਤ ਲਈ ਮੌਤ ਮੰਗਣ ਮਾਂ ਵਿਧਾਇਕ ਕੋਲ ਜਾ ਪੁੱਜੀ

ਲੁਧਿਆਣਾ ਵਿਚ ਇਕ ਮਾਂ ਪੁੱਤ ਦੇ ਨਸ਼ੇ ਤੋਂ ਇਸ ਕਦਰ ਧੁਰ ਅੰਦਰ ਤੱਕ ਦੁਖੀ ਹੋ ਕੇ ਬੇਬਸ ਹੋ ਗਈ ਕਿ ਉਹ ਸੈਂਟਰਲ ਹਲਕੇ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਕੋਲ ਪਹੁੰਚ ਗਈ ਅਤੇ ਪੁੱਤ ਲਈ ਮੌਤ ਦੀ ਇਜਾਜ਼ਤ ਮੰਗਣ ਲੱਗੀ। ਹਾਲਾਂਕਿ ਇਸ ਤੋਂ ਬਾਅਦ ਵਿਧਾਇਕ ਨੇ ਉਨ੍ਹਾਂ ਦੇ ਪੁੱਤਰ ਨੂੰ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾ ਦਿੱਤਾ। ਬੁੱਧਵਾਰ ਨੂੰ ਵਿਧਾਇਕ ਦੇ ਦਫਤਰ ਵਿਚ ਪਹੁੰਚੀ ਮਹਿਲਾ ਨੇ ਦੱਸਿਆ ਕਿ ਉਸ ਦਾ ਪੁੱਤ ਨਸ਼ੇ ਦਾ ਆਦੀ ਹੋ ਗਿਆ ਹੈ। ਉਹ ਕੋਈ ਕੰਮ ਨਹੀਂ ਕਰਦਾ ਹੈ। ਨਸ਼ੇ ਲਈ ਘਰ ਦਾ ਸਮਾਨ ਵੇਚ ਰਿਹਾ ਹੈ। ਸੋਚਿਆ ਸੀ ਕਿ ਵਿਆਹ ਤੋਂ ਬਾਅਦ ਉਹ ਸੁਧਰ ਜਾਵੇਗਾ ਪਰ ਉਹ ਨਸ਼ੇ ਵਿਚ ਚੂਰ ਰਹਿੰਦਾ ਹੈ।  ਹੁਣ ਤਾਂ ਨੂੰਹ ਵੀ ਉਸ ਨੂੰ ਕਹਿੰਦੀ ਹੈ ਕਿ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਉਕਤ ਜਨਾਨੀ ਨੇ ਵਿਧਾਇਕ ਤੋਂ ਗੁਹਾਰ ਲਗਾਈ ਕਿ ਉਹ ਉਸ ਨੂੰ ਰਾਸ਼ਟਰਪਤੀ ਤੋਂ ਪੁੱਤ ਨੂੰ ਮਾਰਨ ਦੀ ਮਨਜ਼ੂਰੀ ਲੈ ਕੇ ਦੇਣ। ਉਧਰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਫਤਰ ਵਿਚ ਰੋਜ਼ਾਨਾ ਇਕ ਦੋ ਬੀਬੀਆਂ ਪਤੀ ਜਾਂ ਪੁੱਤ ਦੇ ਨਸ਼ੇ ਦੀ ਆਦਤ ਤੋਂ ਦੁਖੀ ਹੋ ਕੇ ਮਦਦ ਲਈ ਗੁਹਾਰ ਲੈਕੇ ਪਹੁੰਚਦੀਆਂ ਹਨ ਅਤੇ ਉਹ ਉਨ੍ਹਾਂ ਦੀ ਮਦਦ ਵੀ ਕਰਦੇ ਹਨ।

ਮਾਪਿਆਂ ਤੋਂ ਬੱਚੀ ਨੂੰ ਨਸ਼ੇ ਦੀ ਲਤ ਲੱਗੀ

ਇੱਕ ਬੱਚੀ ਆਪਣੇ ਪਰਿਵਾਰ ਵਾਲਿਆਂ ਨੂੰ ਦੇਖ ਕੇ ਉਹ ਵੀ ਸੁਪਾਰੀ ਖਾਣ ਦੀ ਇੰਨੀ ਆਦੀ ਹੋ ਗਈ ਕਿ ਉਸ ਨੂੰ ਮੂੰਹ ਦਾ ਕੈਂਸਰ ਹੋ ਗਿਆ। 5 ਸਾਲ ਦੀ ਮਾਸੂਮ ਦਾ ਇਲਾਜ ਹੁਣ ਮੌਲਾਨਾ ਆਜ਼ਾਦ ਮੈਡੀਕਲ ਕਾਲਜ ‘ਚ ਚੱਲ ਰਿਹਾ ਹੈ। ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਾਸੂਮ ਰੀਨਾ ਦਾ ਇਲਾਜ ਕਰ ਰਹੀ ਮੌਲਾਨਾ ਆਜ਼ਾਦ ਡੈਂਟਲ ਕਾਲਜ ਦੀ ਓਰਲ ਮੈਡੀਸਿਨ ਐਂਡ ਰੇਡੀਓਲਾਜੀ ਸਕੀ ਪ੍ਰਮੁੱਖ ਡਾ. ਸੁਨੀਤਾ ਗੁਪਤਾ ਨੇ ਦੱਸਿਆ ਕਿ ਰੀਨਾ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਸੁਪਾਰੀ ਕੱਟ ਕੇ ਰੱਖ ਦਿੰਦੇ ਸਨ ਅਤੇ ਆਉਂਦੇ-ਜਾਂਦੇ ਚੁੱਕ ਕੇ ਖਾ ਲੈਂਦੇ ਸੀ, ਜਿਸ ਨੂੰ ਦੇਖ ਕੇ ਬੱਚੀ ਵੀ ਅਜਿਹਾ ਕਰਨ ਲੱਗੀ। ਪਰਿਵਾਰ ਵਾਲਿਆਂ ਨੂੰ ਦੇਖ ਰੀਨਾ ਨੇ ਵੀ ਸੁਪਾਰੀ ਖਾਣਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਅੰਦਰ ਹੀ ਉਹ ਸੁਪਾਰੀ ਦੀ ਆਦੀ ਹੋ ਗਈ।  ਸੁਪਾਰੀ ਖਾਣ ਕਾਰਨ ਰੀਨਾ ਨੇ ਦੁੱਧ ਤੱਕ ਪੀਣਾ ਬੰਦ ਕਰ ਦਿੱਤਾ ਅਤੇ ਫਿਰ ਇਸ ਤੋਂ ਬਾਅਦ ਉਸ ਨੇ ਖਾਣਾ ਵੀ ਛੱਡ ਦਿੱਤਾ। ਇੱਥੇ ਤੱਕ ਕਿ ਉਸ ਦਾ ਮੂੰਹ ਖੁੱਲ੍ਹਣਾ ਬੰਦ ਹੋ ਗਿਆ ਸੀ। ਜਾਂਚ ‘ਚ ਪਤਾ ਲੱਗਾ ਕਿ ਰੀਨਾ ਨੂੰ ਫਰਸਟ ਸਟੇਜ ਦਾ ਕੈਂਸਰ ਹੋ ਗਿਆ ਹੈ। ਉੱਥੇ ਹੀ ਇਸ ਤੋਂ ਪਹਿਲਾਂ ਪਰਿਵਾਰ ਵਾਲੇ ਇਲਾਜ ਦੀ ਬਜਾਏ ਝਾੜ-ਫੂਕ ਕਰਵਾਉਣ ‘ਚ ਸਮਾਂ ਬਰਬਾਦ ਕਰਦੇ ਰਹੇ। ਡਾ. ਸੁਨੀਤਾ ਨੇ ਦੱਸਿਆ ਕਿ ਪਰਿਵਾਰ ਵਾਲੇ ਇਹ ਗੱਲ ਮੰਨਣ ਲਈ ਰਾਜੀ ਹੀ ਨਹੀਂ ਸੀ ਕਿ ਬੱਚੀ ਨੂੰ ਕੈਂਸਰ ਹੋ ਗਿਆ ਹੈ। ਪਰਿਵਾਰ ਦਾ ਦਾਅਵਾ ਸੀ ਕਿ ਝਾੜ-ਫੂਕ ਤੋਂ ਬਾਅਦ ਉਸ ਦਾ ਮੂੰਹ ਖੁੱਲ੍ਹਣ ਲੱਗੇਗਾ। ਅਜਿਹੇ ‘ਚ ਪਰਿਵਾਰ ਵਾਲੇ ਰੀਨਾ ਨੂੰ ਲੈ ਕੇ ਚਲੇ ਗਏ। ਕੁਝ ਦਿਨਾਂ ਬਾਅਦ ਹੀ ਰੀਨਾ ਦੀ ਹਾਲਤ ਜ਼ਿਆਦਾ ਨਾਜ਼ੁਕ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲੇ ਮੁੜ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਲੈ ਕੇ ਆਏ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

 

Comment here