ਨਵੀਂ ਦਿੱਲੀ –ਹਿਜਾਬ ਦਾ ਮੁੱਦਾ ਅਜੇ ਤੱਕ ਭੱਖਦਾ ਹੀ ਜਾ ਰਿਹਾ ਹੈ। ਹਾਲਾਂਕਿ ਇਹ ਮਾਮਲਾ ਕੋਰਟ ਤੱਕ ਪਹੁੰਚ ਚੁੱਕਾ ਹੈ। ਪਰ ਫਿਰ ਵੀ ਇਸ ਉੱਤੇ ਲਗਾਤਾਰ ਟਿੱਪਣੀਆਂ ਹੋ ਰਹੀਆਂ ਹਨ। ਭਾਰਤ ਨੇ ਕਰਨਾਟਕ ‘ਚ ਹਿਜਾਬ ਵਿਵਾਦ ਨੂੰ ਲੈ ਕੇ ਕੁਝ ਦੇਸ਼ਾਂ ਦੀਆਂ ਟਿੱਪਣੀਆਂ ਨੂੰ ਦੇਸ਼ ਦੇ ਅੰਦਰੂਨੀ ਮਾਮਲਿਆਂ ‘ਚ ਅਣਚਾਹਾ ਦਖ਼ਲ ਕਰਾਰ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਭਾਰਤ ਦੀ ਸੰਵਿਧਾਨਕ ਅਤੇ ਲੋਕਤੰਤਰੀ ਪ੍ਰਕਿਰਿਆ ‘ਚ ਅਜਿਹੇ ਮੁੱਦਿਆਂ ਦੇ ਹੱਲ ਦੀ ਵਿਵਸਥਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਥੇ ਮੀਡੀਆ ਦੇ ਸਵਾਲਾਂ ਦੇ ਜਵਾਬ ‘ਚ ਕਿਹਾ ਕਿ ਕਰਨਾਟਕ ‘ਚ ਕੁਝ ਸਿੱਖਿਆ ਸੰਸਥਾਵਾਂ ‘ਚ ਹਿਜਾਬ ਨੂੰ ਲੈ ਕੇ ਇਕ ਮੁੱਦਾ ਕਰਨਾਟਕ ਹਾਈ ਕੋਰਟ ਅਧੀਨ ਹੈ। ਸਾਡੀ ਸੰਵਿਧਾਨਕ ਪ੍ਰਣਾਲੀ ਅਤੇ ਲੋਕਤੰਤਰੀ ਪ੍ਰਕਿਰਿਆ ‘ਚ ਅਜਿਹਾ ਮੁੱਦਿਆਂ ‘ਤੇ ਉੱਚਿਤ ਵਿਚਾਰ ਵਟਾਂਦਰੇ ਅਤੇ ਹੱਲ ਦੀ ਕਾਰਗਰ ਵਿਵਸਥਾ ਹੈ। ਬਾਗਚੀ ਨੇ ਕਿਹਾ ਕਿ ਸਾਡੇ ਅੰਦਰੂਨੀ ਮੁੱਦਿਆ ‘ਤੇ ਬਾਹਰੀ ਟਿੱਪਣੀਆਂ ਦੀ ਕੋਈ ਥਾਂ ਨਹੀਂ ਹੈ। ਜੋ ਭਾਰਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਨ੍ਹਾਂ ਨੂੰ ਇਨ੍ਹਾਂ ਅਸਲੀਅਤਾਂ ਦੀ ਪੂਰੀ ਸਮਝ ਹੋਵੇਗੀ। ਬਾਗਚੀ ਨੇ ਕਰਨਾਟਕ ‘ਚ ਕੁਝ ਸਿੱਖਿਆ ਸੰਸਥਾਵਾਂ ‘ਚ ਵਰਦੀ ਸੰਬੰਧੀ ਨਿਯਮਾਂ ‘ਤੇ ਕੁਝ ਦੇਸ਼ਾਂ ਦੀਆਂ ਟਿੱਪਣੀਆਂ ਬਾਰੇ ਮੀਡੀਆ ਵਲੋਂ ਸਵਾਲ ਪੁੱਛੇ ਜਾਣ ‘ਤੇ ਇਹ ਪ੍ਰਤੀਕਿਰਿਆ ਦਿੱਤੀ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਧਾਰਮਿਕਤਾ ਆਜ਼ਾਦੀ ਨੂੰ ਉਤਸ਼ਾਹ ਦੇਣ ਲਈ ਅਮਰੀਕਾ ਦੇ ‘ਅੰਬੈਂਸਡਰ-ਏਟ-ਲਾਰਜ’ ਰਾਸ਼ਿਦ ਹੁਸੈਨ ਨੇ ‘ਧਾਰਮਿਕਤਾ ਆਜ਼ਾਦੀ ਦੀ ਉਲੰਘਣਾ’ ਦੀ ਗੱਲ ਕਰਦੇ ਹੋਏ ਭਾਰਤ ਤੇ ਟਿੱਪਣੀ ਕੀਤੀ ਹੈ। ਇਸਤੋਂ ਇਲਾਵਾ ਪਾਕਿਸਤਾਨ ਅਤੇ ਤਾਲਿਬਾਨ ਵੱਲੋਂ ਵੀ ਇਸ ਮੁੱਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਹਨ।
Comment here