ਮੈਂ ਸਾਹਬ ਦਾ ਬੜਾ ਕਦਰਦਾਨ ਹਾਂ। ਜਦੋਂ ਵੀ ਉਨ੍ਹਾਂ ਦੇ ਚੈਂਬਰ ਵਿੱਚ ਉਨ੍ਹਾਂ ਦੀ ਝਲਕ ਮਿਲਦੀ ਹੈ, ਮੇਰੀਆਂ ਭੋਜਪਾਈ ਫ਼ਾਈਲਾਂ ਵਿੱਚ ਕਾਗਜ਼ ਉਫ਼ਣਨ ਲੱਗਦੇ ਹਨ। ਕਾਗਜ਼ ਸਾਹਬ ਦੇ ਪੈੱਨ ਦੀ ਛੋਹ ਪਾ ਕੇ ਬੈਤਰਣੀ ਪਾਰ ਕਰਨੀ ਚਾਹੁੰਦੇ ਹਨ, ਇਸਲਈ ਤਾਰਕ ਮੁੱਦਰਾ ਵਿੱਚ ਸਾਹਬ ਪੁੱਛਦੇ ਹਨ -‘‘ਕੀ ਕਰਨਾ ਹੈ?” ਮੈਂ ਕਹਿੰਦਾ ਹਾਂ – ‘‘ਦਸਖਤ ਸਰ!” ਉਹ ਸਾਹਬੀ ਅੰਦਾਜ਼ ਵਿੱਚ ਪੁੱਛਦੇ ਹਨ -‘‘ਕਿੱਥੇ ਕਰਨੇ ਹਨ?” ਮੈਂ ਉੰਗਲ ਨਾਲ ਖਾਲੀ ਥਾਂ ਦੱਸ ਦਿੰਦਾ ਹਾਂ। ਸਾਹਬ ਆਪਣੀ ਪ੍ਰਤਿਭਾ ਨੂੰ ਸੁਰੱਖਿਅਤ ਰੱਖਣ ਲਈ ਪੁੱਛਦੇ ਹਨ – ‘‘ਸਭ ਠੀਕ ਹੈ ਨਾ, ਵੇਖ ਲਿਆ ਹੈ ਨਾ!” ਮੈਂ ਸਾਰੇ ਸਰੀਰ ਨੂੰ ‘ਯੈਸ ਸਰ ਨੁਮਾ’ ਝਟਕਾ ਦਿੰਦਾ ਹਾਂ। ਉਨ੍ਹਾਂ ਦੇ ਦਸਖਤਾਂ ਪਿੱਛੋਂ ਕਾਗਜ਼ ਹੁਕਮ ਹੋ ਜਾਂਦਾ ਹੈ ਅਤੇ ਚੂਹਾ ਪਹਿਲਵਾਨ। ਦਸਖਤ ਦੇ ਇਸ ਵਿਟਾਮਿਨਤੱਵ ਕਾਰਨ ਅਸੀਂ ਸਾਰੇ ਸਾਹਬ ਦੇ ਕਦਰਦਾਨ ਹਾਂ, ਚਮਚੇ ਹਾਂ ਅਤੇ ਉਹ ਸਭ ਕੁਝ ਹਾਂ, ਜੋ ਭਾਸ਼ਾ ਤੋਂ ਪਰੇ ਹੈ।
ਮੈਂ ਕਈ ਸਾਹਬ ਵੇਖੇ ਹਨ। ਛੋਟੇ ਵੱਡੇ ਕਈ ਸਾਹਬ ਮੇਰੇ ਹੱਥਾਂ ਦੇ ਹੇਠੋਂ ਨਿਕਲੇ ਹਨ ਅਤੇ ਨਿਕਲਦੇ ਹੀ ਉਨ੍ਹਾਂ ਦੇ ਦਸਖਤ ਦਾ ਦਰਜਾ ਉੱਚਾ ਹੋ ਗਿਆ ਹੈ। ਇਹਦੇ ਲਈ ਉਹ ਮੈਨੂੰ ਅੱਜ ਤੱਕ ਯਾਦ ਕਰਦੇ ਹਨ ਅਤੇ ਆਪਣੇ ਸੱਜੇ ਖੱਬੇ ਕਿਤੇ ਰੱਖ ਲੈਂਦੇ ਹਨ। ਘੋੜੇ ਦੇ ਪਿੱਛੇ ਅਤੇ ਅਫ਼ਸਰ ਦੇ ਮੂਹਰੇ ਚੱਲਣਾ ਮੇਰੀ ਪਰੰਪਰਾ ਦੇ ਉਲਟ ਹੈ, ਕਿਉਂਕਿ ਘੋੜਾ ਪਿੱਛੇ ਤੋਂ ਦੁਲੱਤੀ ਅਤੇ ਅਫ਼ਸਰ ਸਾਹਮਣੇ ਤੋਂ ਦਸਖਤ ਮਾਰਦਾ ਹੈ।
ਸਾਹਬ ਨਵੇਂ ਨਵੇਂ ਆਏ ਸਨ, ਇਸਲਈ ਏਧਰ ਕਮਾਊ ਮਹਿਕਮਾ ਮਿਲਿਆ। ਪਹਿਲੇ ਦਿਨ ਉਨ੍ਹਾਂ ਨੇ 2-4 ਦਸਖਤ ਹੀ ਕੀਤੇ। ਉਨ੍ਹਾਂ ਦੀ ਸੁਸਤ ਰਫ਼ਤਾਰ ਨਾਲ ਸਾਰੇ ਵਿਭਾਗ ਵਿੱਚ ਖਲਬਲੀ ਮੱਚ ਗਈ। ਮੈਥੋਂ ਰਿਹਾ ਨਾ ਗਿਆ। ਸਾਹਬ ਕੋਲ ਪਹੁੰਚਿਆ ਅਤੇ ਅਦਬ ਨਾਲ ਕਿਹਾ- ‘‘ਸਰ, ਬਹੁਤ ਸਾਰੇ ਜ਼ਰੂਰੀ ਕਾਗਜ਼ਾਂ ਤੇ ਤੁਹਾਡੇ ਦਸਖਤ ਹੋਣੇ ਨੇ ਸਰ, ਦਸਖਤ ਜ਼ਰਾ ਤੇਜ਼ੀ ਨਾਲ ਹੋ ਜਾਣ ਤਾਂ ਚੰਗਾ ਹੋਵੇਗਾ। ਤੁਸੀਂ ਕਹੋ ਤਾਂ ਮੈਂ ਕੋਈ ਮਦਦ ਕਰ ਦਿਆਂ ਸਰ!” ਉਨ੍ਹਾਂ ਦਾ ਜਵਾਨ ਖੂਨ ਮੈਨੂੰ ਭੜਕਾਹਟ ਲਈ ਰੋਕਣਾ ਚਾਹ ਰਿਹਾ ਸੀ ਕਿ ਮੈਂ ਲੋਕ-ਗੁੱਸੇ ਦੀ ਉਨ੍ਹਾਂ ਨੂੰ ਖਬਰ ਦੇ ਦਿੱਤੀ। ਉਹ ਫਟਾਫਟ ਦਸਖਤ ਕਰਨ ਲੱਗੇ। ਉਦੋਂ ਤੋਂ ਉਹ ਤੇਜ਼ੀ ਨਾਲ ਦਸਖਤ ਕਰਨ ਲੱਗ ਪਏ ਹਨ। ਉਨ੍ਹਾਂ ਦੇ ਕਾਗਜ਼ ਚੱਲ ਰਹੇ ਹਨ, ਪ੍ਰਸ਼ਾਸਨ ਚੱਲ ਰਿਹਾ ਹੈ ਅਤੇ ਸਰਕਾਰ ਚੱਲ ਰਹੀ ਹੈ।
ਮੈਂ ਦਸਖਤ ਦੀ ਗਤੀ ਨਾਲ ਦੇਸ਼ ਦੀ ਨਬਜ਼ ਭਾਂਪਦਾ ਹਾਂ। ਪਹਿਲਾਂ ਜਦੋਂ ਸਾਹਬ ਅੰਗਰੇਜ਼ੀ ਵਿੱਚ ‘ਰਾਮਲਾਲ’ ਲਿਖਦੇ ਸਨ, ਫ਼ਾਈਲਾਂ ਦੇਰੀ ਨਾਲ ਨਿਪਟਦੀਆਂ ਸਨ। ਦੂਜੇ ਅਧਿਕਾਰੀ ਉਨ੍ਹਾਂ ਦੇ ਦਸਖਤ ਵੇਖ ਕੇ ਅੰਦਾਜ਼ਾ ਲਾ ਲੈਂਦੇ ਸਨ, ‘ਨਵੀਂ ਭਰਤੀ ਹੋਈ ਹੈ, ਇਸ ਤੇ ਰੋਅਬ ਜਮਾਓ!’ ਇਸ ਕਾਰਨ ਮੇਰੀਆਂ ਫ਼ਾਈਲਾਂ ਵਾਪਸ ਆਉਣ ਲੱਗੀਆਂ। ਮੇਰਾ ਧੰਦਾ ਬਹਿ ਗਿਆ। ਸਾਹਬ ਉਦਾਸ ਹੋ ਗਏ। ਉਨ੍ਹਾਂ ਦਾ ਤਖਤੇ-ਤਾਊਸ ਡਗਮਗਾਉਂਦਾ ਨਜ਼ਰ ਆਇਆ। ਮੇਰੇ ਸਾਹਬ ਦਾ ਅਪਮਾਨ ਮੇਰਾ ਅਪਮਾਨ ਸੀ। ਮੈਥੋਂ ਰਿਹਾ ਨਾ ਗਿਆ। ਮੈਂ ਸਾਹਬ ਨੂੰ ਗੁਰੂ-ਮੰਤਰ ਦਿੱਤਾ, ‘‘ਸਰ, ਤੁਹਾਡੇ ਦਸਖਤ ਸਾਹਬਾਂ ਵਰਗੇ ਨਹੀਂ ਹਨ। ਸਰ, ਸਾਹਬ ਦੇ ਦਸਖਤ ਦੀ ਭਾਸ਼ਾ ਨਹੀਂ ਹੁੰਦੀ, ਸਰ! ਦਸਖਤ ਦਾ ਪਹਿਲਾ ਅੱਖਰ ਅੰਗਰੇਜ਼ੀ ਵਿੱਚ ਤੇ ਦੂਜਾ ਹਿੰਦੀ, ਤੈਲਗੂ ਜਾਂ ਹਿਬਰੂ ਦਾ ਹੁੰਦਾ ਹੈ, ਸਰ। ਬਾਕੀ ਤਾਂ ਲਾਈਨ ਸਕੈੱਚ ਰਹਿੰਦਾ ਹੈ ਸਰ! ਇਸਲਈ ਸਾਹਬ ਦੇ ਦਸਖਤ ਦੀ ਕੋਈ ਲਿਪੀ ਨਹੀਂ ਹੁੰਦੀ ਸਰ। ਸਾਹਬ ਦੇ ਦਸਖਤ ਵੱਡੇ ਹੁੰਦੇ ਹਨ, ਵਿਸ਼ਾਲਤਾ ਦੱਸਣ ਵਾਲੇ, ਸੀਮਿਤ ਸੁਭਾਅ ਦੱਸਣ ਵਾਲੇ, ਛੋਟੇ ਛੋਟੇ ਨਹੀਂ ਹੁੰਦੇ ਸਰ। ਅਨੁਭਵ ਅਤੇ ਪ੍ਰਤਿਭਾ ਤੋਂ ਵੱਧ ਦਮ ਦਸਖਤ ਵਿੱਚ ਹੁੰਦਾ ਹੈ ਸਰ।”
ਸਾਹਬ ਨੇ ਮੇਰੀ ਗੱਲ ਪੱਲੇ ਬੰਨ੍ਹ ਲਈ। ਹਫ਼ਤਾ ਭਰ ਦਸਖਤ ਕਰਨੇ ਹੀ ਸਿੱਖਦੇ ਰਹੇ ਅਤੇ ਉਨ੍ਹਾਂ ਨੇ ਦਸਖਤ ਵਿਧਾ ਨੂੰ ਨਵੀਂ ਦਿਸ਼ਾ ਦਿੱਤੀ। ਹੁਣ ਸਾਹਬ ਦੇ ਦਸਖਤ ਵਿੱਚ ਪ੍ਰਵਾਹ ਹੈ, ਓਜ ਹੈ, ਸੀਕਰੇਸੀ ਹੈ, ਗੰਭੀਰਤਾ ਹੈ, ਇਸਲਈ ਉਸ ਵਿੱਚ ਸ਼ਕਤੀ ਹੈ। ਗੰਭੀਰਤਾ ਨਾਲ ਅਧਿਐਨ ਕਰਨ ਵਾਲਿਆਂ ਨੂੰ ਸਾਹਬ ਦੇ ਦਸਖਤ ਰੋਨਾਲਡ ਰੇਗਨ, ਰੋਮੇ ਰੋਲਾਂ ਜਾਂ ਰਾਜੀਵ ਗਾਂਧੀ ਦੀ ਸ਼ਖਸੀਅਤ ਵਿਖਾਈ ਦਿੰਦੇ ਹਨ, ਰਾਮਲਾਲ ਦੀ ਨਹੀਂ। ਹੁਣ ਉਨ੍ਹਾਂ ਦੇ ਦਸਖਤਾਂ ਨਾਲ ਚੱਲੀਆਂ ਫ਼ਾਈਲਾਂ ਬੇਝਿਜਕ ਦੌੜਦੀਆਂ ਹਨ ਅਤੇ ਮੈਰਾਥਨ ਜਿੱਤ ਕੇ ਮੁੜਦੀਆਂ ਹਨ।
ਸਾਹਬ ਦੇ ਦਸਖਤ ਇੰਨੇ ਲੋਕਪ੍ਰਿਯ ਹਨ ਕਿ ਆਮ ਲੋਕ ਸਾਹਬ ਨਾਲੋਂ ਜ਼ਿਆਦਾ ਸਾਹਬ ਦੇ ਦਸਖਤਾਂ ਨੂੰ ਪਛਾਣਦੇ ਹਨ ਅਤੇ ਲੁਕ-ਛਿਪ ਕੇ ਸਾਹਬ ਦੇ ਦਸਖਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੇ ਦਸਖਤਾਂ ਨਾਲ ਹੁਣ ਤੱਕ ਇੰਨੇ ਕੰਮ ਹੋ ਗਏ ਹਨ, ਜੋ ਸਾਹਬ ਵਰਗੇ ਦਸ-ਵੀਹ ਸਾਹਬ ਜਨਮਾਂ ਤੱਕ ਨਹੀਂ ਕਰ ਸਕਦੇ। ਧੰਨ ਹਨ ਸਾਹਬ ਦੇ ਦਸਖਤ! ਮੈਂ ਸਾਹਬ ਦਾ ਇਸਲਈ ਵੀ ਕਦਰਦਾਨ ਹਾਂ ਕਿ ਸਾਹਬ ਅੱਖਾਂ ਮੀਚ ਕੇ ਦਸਖਤ ਕਰਨਾ ਸਿੱਖ ਗਏ ਅਤੇ ਇੰਨੀ ਉਚਾਈ ਤੇ ਪਹੁੰਚ ਗਏ। ਜਦੋਂ ਸਾਹਬ ਦੀ ਬਦਲੀ ਹੋਵੇਗੀ, ਸਾਹਬ ਹੋਰ ਉਤਾਂਹ ਉਠਣਗੇ, ਅਤੇ ਜ਼ਿਆਦਾ ਜ਼ਰੂਰੀ ਕਾਗਜ਼ਾਂ ਤੇ ਫ਼ਿਰ ਦਸਖਤ ਕਰਨਗੇ। ਮੈਂ ਤਾਂ ਸੇਵਕ ਹਾਂ, ਛੋਟਾ ਮੂੰਹ ਵੱਡੀ ਗੱਲ ਕੀ ਕਰਨੀ, ਪਰ ਸਾਹਬ ਦੇ ਦਸਖਤ ਵੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਅਤੇ ਹੋਵੇਗੀ ਕਿ ਮੈਂ ਉਨ੍ਹਾਂ ਨੂੰ ਦਸਖਤ ਕਰਨੇ ਸਿਖਾਏ ਅਤੇ ਕਾਬਲ ਬਣਾਇਆ।
ਮੂਲ : ਧਰਮਪਾਲ ਮਹੇਂਦਰ ਜੈਨ
ਅਨੁ : ਪ੍ਰੋ. ਨਵ ਸੰਗੀਤ ਸਿੰਘ
Comment here