ਸਾਹਿਤਕ ਸੱਥਖਬਰਾਂਗੁਸਤਾਖੀਆਂ

ਹਾਸ ਵਿਅੰਗ : ਸਮੇਂ ਦੇ ਪਾਬੰਦ

ਅੱਜ ਕੱਲ੍ਹ ਸਮੇਂ ਦੇ ਪਾਬੰਦ ਲੋਕ ਵਫਾਦਾਰ ਵਾਂਗ ਬੜੇ ਹੀ ਘੱਟ ਮਿਲਦੇ ਹਨ। ਚਾਰ ਸੈੱਲਾਂ ਵਾਲੀ ਵੱਡੀ ਬੈਟਰੀ ਨਾਲ ਲੱਭਣ ਤੇ ਵੀ ਇਹੋ ਜਿਹੇ ਬੰਦੇ ਟਾਂਵੇ ਟਾਂਵੇ ਹੀ ਦਿਖਾਈ ਦਿੰਦੇ ਹਨ। ਇਹੋ ਜਿਹੀ ਕਰਿਟੀਕਲ ਸਿਚੂਏਸ਼ਨ ਵਿਚ ਵੀ ਬਾਬੂ ਦੌਲਤੀ ਰਾਮ ਆਪਣੇ ਆਪ ਨੂੰ ਪੰਕਚੂਅਲ ਅਖਵਾਉਣ ’ਚ ਫਖਰ ਮਹਿਸੂਸ ਕਰਦੇ ਹਨ। ਉਹ ਆਪਣੀਆਂ ਦੇਸੀ ਮੁੱਛਾਂ ਤੇ ਵਲੈਤੀ ਹੱਥ ਫੇਰਦੇ ਹੋਏ, ਬੜੇ ਹੀ ਅੰਦਾਜ਼ ਨਾਲ ਦੱਸਦੇ ਹਨ :
‘‘ਟੈਮ ਦੀ ਵੈਲਯੂ ਬੜੀ ਚੀਜ਼ ਹੈ ਜੀ – ਅਸੀਂ ਮਰੇ ਈ ਏਸ ਕਰਕੇ ਆਂ ਬਈ ਅਸੀਂ ਟੈਮ ਦੀ ਕਦਰ ਨਹੀਂ ਕਰਦੇ-ਅਸੀਂ ਟੈਮ ਦੀ ਪਰਵਾਹ ਨੀ ਕਰਦੇ ਤੇ ਟੈਮ ਸਾਡੀ ਤੇ ਤੌੜੀ ਮੂਧੀ ਮੇਰਾ ਭਾਈ-ਆਪਾਂ ਕਿਸੇ ਫੰਕਸ਼ਨ ਤੇ ਜਾਣਾ ਹੋਵੇ, ਬੰਦੇ ਸਾਨੂੰ ਦੇਖ ਕੇ ਘੜੀਆਂ ਮਿਲਾਉਂਦੇ-ਜਾਣੈਂ ਤਾਂ ਬੰਦਾ ਟੈਮ ਤੇ ਜਾਵੇ-ਟੈਮ ਦੀ ਵੈਲਯੂ… ਸਮਝੇ….।’’
ਬਨਵਾਰੀ ਲਾਲ ਦੇ ਮੁੰਡੇ ਦੀ ਘੋੜੀ ਦਾ ਕਾਰਡ ਆਇਆ। ਘੋੜੀ ਦੀ ਰਸਮ ਦਾ ਸਮਾਂ ਠੀਕ ਅੱਠ ਵਜੇ-ਬਾਬੂ ਦੌਲਤੀ ਰਾਮ ਨਹਾ ਧੋ ਕੇ, ਸੁਰਮਾ ਪਾ ਕੇ, ਮੁੱਛਾਂ ਸੰਵਾਰ ਕੇ ਪੌਣੇ ਅੱਠ ਵਜੇ-ਮਿਲਟਰੀ ਬੈਂਡ ਵਾਂਗ ਤਿਆਰ ਬਰ ਤਿਆਰ। ਪੰਦਰਾਂ ਮਿੰਟ ਦਾ ਰਸਤਾ। ਐਨ ਪੂਰੇ ਅੱਠ ਵਜੇ ਅਗਲਿਆਂ ਦੇ ਪੰਡਾਲ ’ਚ। ਅਜੇ ਉਥੇ ਜਮਾਂਦਾਰ ਝਾੜੂ ਦੇ ਰਿਹਾ ਹੈ। ਮੇਜ਼ਬਾਨਾਂ ’ਚੋਂ ਕੋਈ ਜੀਅ ਉਥੇ ਨਜ਼ਰੀ ਹੀ ਨਹੀਂ ਪੈ ਰਿਹਾ।
‘‘ਬਾਊ ਜੀ, ਜ਼ਰਾ ਪਰੇ ਹੋਇਓ, ਮਿੱਟੀ ਪਊ ਸਿਰ ’ਚ।’’ ਜਮਾਂਦਾਰ ਝਾੜੂ ਦੇ ਤੀਲੇ ਠੋਕਦਾ, ਜ਼ਮੀਨ ਸੁੰਵਰਦਾ ਅਗਾਂਹ ਤੁਰ ਜਾਂਦਾ ਹੈ।
‘‘ਅਹਿ ਬਾਊ ਜੀ, ਫੜਿਓ ਕੇਰਾਂ ਦਰੀ ਦਾ ਲੜ।’’ ਦਰੀਆਂ ਵਿਛਾਉਣ ਵਾਲਾ ਭਾਈ ਬਾਊ ਦੌਲਤੀ ਰਾਮ ਨੂੰ ਘਰ ਦਾ ਬੰਦਾ ਸਮਝਦੇ ਹੋਏ ਕਹਿ ਦਿੰਦਾ ਹੈ। ਬਾਬੂ ਜੀ ਇਕ ਹੱਥ ਨਾਲ ਨੱਕ ਤੇ ਰੁਮਾਲ ਰੱਖੀ ਇਹ ਬੇਨਤੀ ਵੀ ਪ੍ਰਵਾਨ ਕਰਦੇ ਹਨ।’’
‘‘ਸੋਡੇ ਦੀਆਂ ਬੋਤਲਾਂ ਕਿੱਥੇ ਰੱਖੀਏ ਜੀ?’’ ਇਕ ਰਿਕਸ਼ਾ ਵਾਲਾ ਸੋਡੇ ਦੀਆਂ ਬੋਤਲਾਂ ਵਾਲੇ ਡਾਲੇ ਨੂੰ ਹੱਥ ਪਾਉਂਦਿਆਂ ਪੁੱਛ ਲੈਂਦਾ ਹੈ। ਬਾਬੂ ਦੌਲਤੀ ਰਾਮ ਦਾ ਚਿੱਤ ਤਾਂ ਕਰਦਾ ਹੈ ਕਿ ਕਹਿ ਦੇਵੇ, ‘‘ਮੇਰੇ ਸਿਰ ’ਚ ਧਰ ਭਾਈ, ਹੋਰ ਹੁਣ ਕਿੱਥੇ ਰੱਖੇਂਗਾ ਇੰਨੀਆਂ ਬੋਤਲਾਂ…..।’’
ਪਰ ਬਾਬੂ ਦੌਲਤੀ ਰਾਮ ਦੀ ਇਹ ਇਕ ਪੱਕੀ ਖਾਨਦਾਨੀ ਆਦਤ ਹੈ ਕਿ ਉਹ ਨਿੱਕੜ ਸੁੱਕੜ ਬੰਦਿਆਂ ਨੂੰ ਮੂੰਹ ਨਹੀਂ ਲਾਉਂਦੇ। ਉਹ ਸਮਝਦੇ ਹਨ ਕਿ ਇਹ ਜਿਹੇ ਬੰਦਿਆਂ ਦੇ ਮੂੰਹ ਲੱਗਿਆਂ ਛਿੱਟੇ ਹੀ ਪੈਂਦੇ ਨੇ।
‘‘ਬਾਊ ਜੀ, ਕੁਰਸੀਆਂ ਆ ਗਈਆਂ ਨੇ ਲੁਹਾ ਲਓ’’ ਇਕ ਰੇੜ੍ਹੀ ਵਾਲਾ ਭਾਈ ਦੌਲਤੀ ਰਾਮ ਨੂੰ ਆਵਾਜ਼ ਦਿੰਦਾ ਹੈ।
‘‘ਲਾਹ ਦੇ ਭਾਈ ਲਾਹ ਦੇ ਮੇਰੇ…. ਸਿਰ ’ਚ….।’’ ‘ਸਿਰ’ ’ਚ ਸ਼ਬਦ ਉਹ ਹੌਲੀ ਜਿਹੀ ਆਖਦੇ ਨੇ, ਕਿਉੇਂਕਿ ਉਹਨਾਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਰੇੜ੍ਹੀਆਂ ਵਾਲੇ ਕਾਫੀ ਫਰਮਾ ਬਰਦਾਰ ਨੇ- ਆਖਣ ਸਾਰ ਕੁਰਸੀਆਂ ਅਗਲੇ ਦੇ ਸਿਰ ’ਚ ਲਾਹੁਣੀਆਂ ਸ਼ੁਰੂ ਕਰ ਦਿੰਦੇ ਨੇ। ਇਸ ਸਭ ਦੇ ਬਾਵਜੂਦ ਬਾਬੂ ਦੌਲਤੀ ਰਾਮ ਕਾਫੀ ਖੁਸ਼ ਜਾਪਦੇ ਨੇ, ਕਿਉਂਕਿ ਇੰਨੀ ਪੁੱਛ ਪੜਤਾਲ ਤਾਂ ਉਹਨਾਂ ਦੀ ਆਪਣੇ ਮੁੰਡੇ ਦੇ ਵਿਆਹ ’ਚ ਨਹੀਂ ਸੀ। ਪਰ ਫੇਰ ਖੜੇ ਖੜੇ ਜਿੱਚ ਜਿਹੇ ਹੋ ਕੇ ਮੁੜਨ ਹੀ ਲੱਗਦੇ ਨੇ ਕਿ ਲਾੜੇ ਦਾ ਪਿਉ ਐਮਰਜੈਂਸੀ ਲੱਗੇ ਤੋਂ ਨਿਕਲੀ ਚੀਨੀ ਵਾਂਗ ਅਚਾਨਕ ਆ ਨਮੂਦਾਰ ਹੋ ਜਾਂਦਾ ਹੈ। ਹੀਂ ਹੀਂ ਕਰਦਿਆਂ ਆਖਦਾ ਹੈ, ‘‘ਆਉ, ਆਉ ਧੰਨ ਭਾਗ ਦੌਲਤੀ ਰਾਮ ਜੀ…. ਬਸ ਜ਼ਰਾ ਕੁ ਲੇਟ ਹੋਗੇ ਜੀ- ਤੁਸੀਂ ਜਾਣਦੇ ਈ ਓ, ਅੱਜ ਕੱਲ੍ਹ ਬੰਦੇ ਆਉਂਦੇ ਆਉਂਦੇ ਈ ਆਉਂਦੇ ਆ-ਹੀਂ-ਹੀਂ….. ਥੋਡੇ ਵਰਗੇ ਬੰਦੇ ਤਾਂ ਘੱਟ ਈ ਨੇ, ਸਮੇਂ ਦੇ ਪਾਬੰਦ-।’’ ਹੀਂ ਹੀਂ ਕਰਕੇ ਉਹ ਆਪ ਇਕ ਕੁਰਸੀ ਡਾਹ ਕੇ ਦੌਲਤੀ ਰਾਮ ਨੂੰ ਬੈਠਣ ਦਾ ਇਸ਼ਾਰਾ ਕਰ ਕੇ ਫੇਰ ਕੰਮ ’ਚ ਰੁੱਝ ਜਾਂਦੇ ਨੇ। ਬਾਬੂ ਦੌਲਤੀ ਰਾਮ ਕੱਲਮੁਕੱਲੇ ਸ਼ਾਮਿਆਨੇ ਹੇਠਾਂ ਬੈਠੇ ਇਉਂ ਲੱਗਦੇ ਨੇ ਜਿਵੇਂ ਕੋਈ ਬਾਹਲਾ ਈ ਢੀਠ ਮਹਿਮਾਨ ਡਟਿਆ ਹੋਇਆ ਹੋਵੇ।
ਦਸੌਂਧੀ ਰਾਮ ਦੇ ਪੋਤੇ ਦੇ ਨਾਮ ਕਰਨ ਸੰਸਕਾਰ ਦਾ ਸੱਦਾ ਆਇਆ। ਮਹੂਰਤ ਦਾ ਸਮਾਂ ਠੀਕ ਸਵੇਰੇ ਸੱਤ ਵਜੇ। ਬਾਬੂ ਦੌਲਤੀ ਰਾਮ ਸੱਤ ਵਜੇ ਰਿਕਸ਼ਾ ਲੈ ਕੇ ਉਹਨਾਂ ਦੇ ਘਰ ਪਹੁੰਚ ਜਾਂਦੇ ਹਨ। ਬਾਹਰ ਖੇਡ ਰਹੇ ਨਿਆਣੇ ਉੱਚੀ ਉੱਚੀ ਰੌਲਾ ਪਾਉਣ ਲੱਗਦੇ ਹਨ।
‘‘ਆਗੇ ਪੰਡਿਤ ਜੀ… ਪੰਡਿਤ ਜੀ ਆਗੇ।’’
ਬਾਬੂ ਦੌਲਤੀ ਰਾਮ ਦਾ ਹੁਲੀਆ ਪਾਠਸ਼ਾਲਾ ਦੇ ਪੰਡਿਤਾਂ ਵਰਗਾ ਹੀ ਤਾਂ ਹੈ। ਨਿਆਣੇ ਸਮਝੇ ਕਿਤੇ ਪੂਜਾ ਕਰਾਉਣ ਵਾਲਾ ਪੰਡਿਤ ਹੀ ਆ ਗਿਆ ਹੋਵੇ। ਘਰ ਅੰਦਰ ਗਏ ਤਾਂ ਦਸੌਂਧੀ ਰਾਮ ਗਲ ’ਚ ਪਰਨਾ ਪਾਈ ਗੁਸਲਖਾਨੇ ਵੱਲ ਨੂੰ ਜਾ ਰਿਹਾ ਸੀ।
‘‘ਆਉ ਆਉ ਦੌਲਤੀ ਰਾਮ ਜੀ- ਬੱਸ ਜੀ ਦੋ ਮਿੰਟ…. ਦੋ ਮਿੰਟ ਬੱਸ- ਮੈਂ ਹੁਣੇ ਆਇਆ ਨਹਾ ਕੇ ਤੁਸੀਂ ਬੈਠੋ…. ਕਾਕਾ ਕੁਰਸੀ ਦਿਉ ਉਇ ਦੌਲਤੀ ਰਾਮ ਜੀ ਨੂੰ….।’’
ਕਹਿ ਕੇ ਦਸੌਂਧੀ ਰਾਮ ਤਾਂ ਗੁਸਲਖਾਨੇ ’ਚ ਵੜ ਗਿਆ, ਪਰ ਦੌਲਤੀ ਰਾਮ ਹੁਰੀ ਕੁਰਸੀ ’ਤੇ ਬੈਠੇ ਇਉਂ ਇਧਰ ਉਧਰ ਝਾਕੀ ਜਾ ਰਹੇ ਨੇ ਜਿਵੇਂ ਕੋਈ ਦੀਵਾਲੀਆ ਮਾਰਵਾੜੀਆ ਬੈਠਾ ਹੋਵੇ।
ਇਹੋ ਜਿਹੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਤਾਂ ਕਈ ਵਾਰੀ ਦੌਲਤੀ ਰਾਮ ਹੁਰਾਂ ਵੀ ਸੋਚਿਆ ਹੈ ਕਿ ਉਹ ਵੀ ਹੁਣ ਹਰ ਫੰਕਸ਼ਨ ’ਚ ਲੇਟ ਹੀ ਜਾਇਆ ਕਰਨਗੇ। ਪਰ ਪਤਾ ਨਹੀਂ ਉਹਨਾਂ ਦੇ ਫੇਰ ਕੀ ਖੁਰਕ ਜਿਹੀ ਹੁੰਦੀ ਹੈ ਕਿ ਅਗਲੇ ਦੇ ਐਨ ਦਿੱਤੇ ਹੋਏ ਸਮੇਂ ਤੇ ਸਭ ਤੋਂ ਮੂਹਰੇ ਖੜੋਤੇ ਹੋਣਗੇ। ਉਹਨਾਂ ਦੀ ਘਰਵਾਲੀ ਨੇ ਵੀ ਕਈ ਵਾਰੀ ਸਮਝਾਇਆ ਹੈ, ‘‘ਤੁਸੀਂ ਐਵੇਂ ਈ ਮੂੰਹ ਚੁੁੁੱਕ ਕੇ ਸਭ ਤੋਂ ਪਹਿਲਾਂ ਜਾ ਖੜੋਂਦੇ ਊ- ਅਗਲਾ ਇਉਂ ਸਮਝਦੈ ਜਿਵੇਂ ਥੋਨੂੰ ਖਾਣ ਪੀਣ ਦੀ ਕਸਰ ਐ-ਭੁੱਖੜਾਂ ਵਾਂਗ ਜਾ ਖੜਦੇ ਓ ਸਭ ਤੋਂ ਪਹਿਲਾਂ। ਸਾਨੂੰ ਤਾਂ ਜੀ ਬੜੀ ਸ਼ਰਮ ਆਉਂਦੀ ਐ ਏਦਾਂ…..।’’ ਪਰ ਬਾਬੂ ਦੌਲਤੀ ਰਾਮ ਤਾਂ ਆਪ ਸਤੇ ਪਏ ਨੇ ਇਹੋ ਜੇ ਲੋਕਾਂ ਤੋਂ, ਮੱਥੇ ਤੇ ਸੌ ਤਿਊੜੀਆਂ ਪਾ ਕੇ ਦੰਦੀਆਂ ਪੀਹ ਕੇ ਆਖ ਦਿੰਦੇ ਨੇ :
‘‘ਸ਼ਰਮ ਥੋਨੂੰ ਸਾਨੂੰ ਕਾਹਦੀ ਤੇ ਕਾਹਤੋਂ ਆਵੇ… ਸ਼ਰਮ ਤਾਂ ਕੰਜਰਾਂ ਨੂੰ ਉਹਨਾਂ ਨੂੰ ਆਉਣੀ ਚਾਹੀਦੀ ਹੈ, ਜਿਹੜੇ ਅੱਠ ਵਜੇ ਦਾ ਟੈਮ ਦੇ ਕੇ ਬਾਰਾਂ ਵਜੇ ਤਾੲੀਂ ਮਹਿਮਾਨਾਂ ਦੇ ਮੱਥੇ ਨੀ ਲੱਗਦੇ- ਬੇਸ਼ਰਮ ਕਿਸੇ ਥਾਂ ਦੇ ਨਾ ਹੋਣ ਤਾਂ।’’
ਨੇਤਾ ਦੀ ਆਮਦ ਹੋਵੇ, ਵਿਆਹ ਬਰਾਤ ਦਾ ਸੱਦਾ ਹੋਵੇ, ਮਹੂਰਤ ਹੋਵੇ ਜਾਂ ਮਰਨਾ। ਜਿਹੜਾ ਆਦਮੀ ਕਲਮਕੱਲਾ ਮੂੰਹ ਉਤਾਂਹ ਚੁੱਕੀ ਖੜ੍ਹਾ ਹੋਵੇ, ਉਹ ਸਮਝੋ ਬਾਬੂ ਦੌਲਤੀ ਰਾਮ ਹੀ ਹੈ। ਉਹਦੇ ਸਿਰ ਮਿੱਟੀ ਪਾਉ, ਦਰੀਆਂ ਵਿਛਵਾਉ, ਬੋਤਲਾਂ ਲੁਹਾਉ ਜਾਂ ਕੁਰਸੀਆਂ ਡੁਹਾਉ, ਉਹ ਬਿਲਕੁਲ ਨਾਂਹ ਨੁਕਰ ਨਹੀਂ ਕਰਦੇ।
ਟੈਮ ’ਚ ਆਉਣ ਦੀ ਇੰਨੀ ਕੁ ਸਜ਼ਾ ਤਾਂ ਬਾਬੂ ਦੌਲਤੀ ਰਾਮ ਨੂੰ ਮਿਲਣੀ ਹੀ ਚਾਹੀਦੀ ਹੈ। ਮੈਨੂੰ ਪਤਾ ਹੈ ਤੁਸੀਂ ਬਾਬੂ ਦੌਲਤੀ ਰਾਮ ਬਣਨ ਦੀ ਜੁਰਅੱਤ ਕਦੀ ਨਹੀਂ ਕਰ ਸਕਦੇ। ਟੈਮ ਤੇ ਆਉਣਾ ਬੜੇ ਹੀ ਦਿਲ ਗੁਰਦੇ ਆਲੇ ਬੰਦੇ ਦਾ ਕੰਮ ਹੈ। ਮੈਨੂੰ ਪਤਾ ਹੈ, ਤੁਸੀਂ ਦਿਲ ਦੇ ਮਰੀਜ਼ ਹੋ ਤੇ ਗੁਰਦੇ ਤੁਹਾਡੇ ਕਾਫੀ ਦੇਰ ਤੋਂ ਡੀਫੈਕਟਿਵ ਨੇ।

ਕੇ.ਐਲ. ਗਰਗ

Comment here